ਮੁੰਬਈ (ਬਿਊਰੋ) — ਵਾਸ਼ਿੰਗਟਨ ਡੀਸੀ 'ਚ ਹੋਏ ਸਾਊਥ ਏਸ਼ੀਆ ਫਿਲਮ ਫੈਸਟੀਵਲ 'ਚ ਆਪਣੀ ਲਘੂ ਫਿਲਮ ਨੂੰ ਪੁਰਸਕਾਰ ਮਿਲਣ 'ਤੇ ਅਦਾਕਾਰ ਮਨਜੋਤ ਸਿੰਘ ਬਾਗੋ-ਬਾਗ ਹੈ। ਮਨਜੋਤ ਸਿੰਘ ਦੀ ਫਿਲਮ 'ਡਰੀਮ 1' ਨਾ ਹਾਲ ਹੀ 'ਚ ਹੋਏ ਫਿਲਮ ਫੈਸਟੀਵਲ 'ਚ ਬਿਹਤਰੀਨ ਲਘੂ ਫਿਲਮ ਹੋਣ ਦਾ ਪੁਰਸਕਾਰ ਆਪਣੇ ਨਾਂ ਕੀਤਾ ਹੈ। ਇਸ ਫਿਲਮ 'ਚ ਉਸ ਨੇ ਗੁਰਵਿੰਦਰ ਸਿੰਘ ਨਾਂ ਦੇ ਨੌਜਵਾਨ ਦਾ ਕਿਰਦਾਰ ਅਦਾ ਕੀਤਾ ਹੈ, ਜੋ ਅਦਾਕਾਰ ਬਣਨ ਲਈ ਦੌੜ ਭੱਜ ਕਰ ਰਿਹਾ ਹੈ ਅਤੇ ਸਿੱਖ ਹੋਣ ਕਾਰਨ ਉਸ ਨੂੰ ਪੈਰ ਜਮਾਉਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ।
ਮਨਜੀਤ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੂੰ ਨਿਰਦੇਸ਼ਕ ਵਰੁਣ ਸਿਹਾਗ ਦਾ ਫੋਨ ਆਇਆ ਅਤੇ ਉਨ੍ਹਾਂ ਨੇ ਮੈਨੂੰ ਫਿਲਮ ਦੀ ਕਹਾਣੀ ਸੁਣਾਈ। ਮੈਨੂੰ ਕਹਾਣੀ ਆਪਣੀ ਜ਼ਿੰਦਗੀ ਨਾਲ ਰਲਦੀ-ਮਿਲਦੀ ਲੱਗੀ ਅਤੇ ਮੈਂ ਇਸ 'ਚ ਕੰਮ ਕਰਨ ਲਈ ਹਾਮੀ ਭਰ ਦਿੱਤੀ। ਖੁਸ਼ਕਿਸਮਤੀ ਨਾਲ ਇਸ ਫਿਲਮ ਨੂੰ ਪੁਰਸਕਾਰ ਮਿਲ ਗਿਆ। ਮੈਂ ਇਸ ਪ੍ਰਾਪਤੀ 'ਤੇ ਮਾਣ ਮਹਿਸੂਸ ਕਰ ਰਿਹਾ ਹਾਂ। ਇਸ ਤੋਂ ਇਲਾਵਾ ਮਨਜੋਤ ਸਿੰਘ ਨੇ ਕਿਹਾ, ਜ਼ਿਆਦਾਤਰ ਸਿੱਖ ਅਦਾਕਾਰਾਂ ਨੂੰ ਹਾਸਰਸ ਭਰਪੂਰ ਭੂਮਿਕਾਵਾਂ ਨਿਭਾਉਣ ਦੀ ਹੀ ਪੇਸ਼ਕਸ਼ ਕੀਤੀ ਜਾਂਦੀ ਹੈ।
ਦੱਸਣਯੋਗ ਹੈ ਕਿ ਮਨਜੋਤ ਸਿੰਘ ਨੇ ਡਾਇਰੈਕਟਰ ਦਿਬਾਕਰ ਬੈਨਰਜੀ ਦੀ ਫਿਲਮ 'ਓਏ ਲੱਕੀ ਲੱਕੀ ਓਏ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਮਨਜੋਤ ਨੇ ਇਸ ਤੋਂ ਪਹਿਲਾਂ ਕਦੇ ਵੀ ਐਕਟਿੰਗ ਨਹੀਂ ਕੀਤੀ ਸੀ ਅਤੇ ਕਾਸਟਿੰਗ ਡਾਇਰੈਕਟਰ ਨੇ ਉਨ੍ਹਾਂ ਨੂੰ ਆਡੀਸ਼ਨ ਤੋਂ ਬਾਅਦ ਰਿਜੇਕਟ ਕਰ ਦਿੱਤਾ ਸੀ ਪਰ ਡਾਇਰੈਕਟਰ ਦਿਬਾਕਰ ਬੈਨਰਜੀ ਨੇ ਫਿਲਮ 'ਚ ਮਨਜੋਤ ਨੂੰ ਲੈਣ ਦਾ ਮਨ ਬਣਾ ਲਿਆ ਸੀ। 'ਓਏ ਲੱਕੀ ਲੱਕੀ ਓਏ' ਫਿਲਮ ਲਈ ਮਨਜੋਤ ਸਿੰਘ ਨੇ ਸਖਤ ਮਿਹਨਤ ਕੀਤੀ ਅਤੇ ਜਦੋਂ ਫਿਲਮ ਰਿਲੀਜ਼ ਹੋਈ ਤਾਂ ਉਨ੍ਹਾਂ ਦੇ ਕੰਮ ਦੀ ਖੂਬ ਤਾਰੀਫ ਹੋਈ। ਇਸੇ ਫਿਲਮ 'ਚ ਉਨ੍ਹਾਂ ਦੀ ਵਧੀਆ ਅਦਾਕਾਰੀ ਦੀ ਬਦੌਲਤ ਉਨ੍ਹਾਂ ਨੂੰ 'ਬੈਸਟ ਡੈਬਿਊ ਐਕਟਰ' ਦਾ 'ਫਿਲਮਫੇਅਰ ਕ੍ਰਿਟਿਕਸ ਐਵਾਰਡ' ਵੀ ਮਿਲਿਆ। ਇਸ ਤੋਂ ਬਾਅਦ ਮਨਜੋਤ ਦੀ ਝੋਲੀ ਇਕ ਤੋਂ ਬਾਅਦ ਇਕ ਕਈ ਫਿਲਮਾਂ ਪਈਆਂ ਅਤੇ ਇਨ੍ਹਾਂ ਫਿਲਮਾਂ ਦੀ ਬਦੌਲਤ ਬਾਲੀਵੁੱਡ 'ਚ ਉਨ੍ਹਾਂ ਦਾ ਚੰਗਾ ਨਾਂ ਬਣ ਗਿਆ। ਹੁਣ ਤੱਕ ਉਹ 'ਉਡਾਣ', 'ਸਟੂਡੈਂਟ ਆਫ ਦਿ ਈਅਰ 2', 'ਜਬ ਹੈਰੀ ਮੀਟ ਸੇਜ਼ਲ' ਸਮੇਤ ਕਈ ਫਿਲਮਾਂ 'ਚ ਆਪਣੀ ਅਦਾਕਾਰੀ ਦਾ ਜਲਵਾ ਦਿਖਾ ਚੁੱਕੇ ਹਨ।