FacebookTwitterg+Mail

ਵੈਨਕੂਵਰ 'ਚ ਵਾਰਿਸ ਭਰਾਵਾਂ ਦੇ ਪੰਜਾਬੀ ਵਿਰਸਾ ਸ਼ੋਅ ਨੇ ਸਫਲਤਾ ਦੇ ਗੱਡੇ ਨਵੇਂ ਝੰਡੇ

manmohan waris
30 August, 2018 09:42:33 AM

ਵੈਨਕੂਵਰ (ਬਿਊਰੋ)— ਦੁਨੀਆ ਭਰ 'ਚ ਵਸਦੇ ਪੰਜਾਬੀਆਂ ਦੇ ਦਿਲਾਂ ਦੀ ਧੜਕਨ ਵਾਰਿਸ ਭਰਾਵਾਂ ਵੱਲੋਂ ਕੀਤੇ ਜਾਂਦੇ 'ਪੰਜਾਬੀ ਵਿਰਸਾ' ਸ਼ੋਅ ਦੀ ਲੜੀ ਦਾ ਇਹ ਲਗਾਤਾਰ 15ਵਾਂ ਸਾਲ ਹੈ ਤੇ ਮੌਜੂਦਾ ਸਮੇਂ 'ਚ ਇਸ ਸ਼ੋਅ ਦੀ ਮਕਬੂਲੀਅਤ ਪੰਜਾਬੀਆਂ ਦੇ ਸਿਰ ਚੜ੍ਹ ਕੇ ਬੋਲ ਰਹੀ ਹੈ। ਇਹ ਸਭ ਵਾਰਿਸ ਭਰਾਵਾਂ ਵੱਲੋਂ ਕੈਨੇਡਾ ਦੇ ਸ਼ਹਿਰ ਵੈਨਕੂਵਰ ਦੇ ਐਬਟਸਫੋਰਡ ਸੈਂਟਰ 'ਚ ਹੋਏ ਸ਼ੋਅ ਦੌਰਾਨ ਦੇਖਣ ਨੂੰ ਮਿਲਿਆ, ਜਿਥੇ ਵਾਰਿਸ ਸ਼ੋਅ ਦੀ ਗਾਇਕੀ ਦਾ ਜਾਦੂ ਚਲਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਲਾਜ਼ਮਾ ਰਿਕਾਰਡਜ਼ ਦੇ ਐੱਮ. ਡੀ. ਦੀਪਕ ਬਾਲੀ ਨੇ ਕਿਹਾ ਕਿ ਇਸ ਸ਼ੋਅ ਦੀ ਖਾਸੀਅਤ ਇਹ ਸੀ ਕਿ ਇਹ ਸ਼ੋਅ 2 ਦਿਨ ਪਹਿਲਾਂ ਹੀ ਸੋਲਡ ਆਊਟ ਹੋ ਗਿਆ ਸੀ ਤੇ ਦਰਸ਼ਕ ਬਹੁਤ ਵੱਡੀ ਗਿਣਤੀ ਵਿਚ ਆਪਣੇ ਪਰਿਵਾਰਾਂ ਨਾਲ ਇਸ ਸ਼ੋਅ ਨੂੰ ਦੇਖਣ ਲਈ ਪਹੁੰਚੇ ਸਨ। ਨਿਰਧਾਰਿਤ ਸਮੇਂ 'ਤੇ ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ ਸਟੇਜ 'ਤੇ ਆਏ ਤਾਂ ਹਾਜ਼ਰੀਨ ਨੇ ਤਾੜੀਆਂ ਦਾ ਮੀਂਹ ਵਰ੍ਹਾ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਜਦੋਂ ਗਾਵਾਂਗੇ ਇਸੇ ਤਰ੍ਹਾਂ ਹੀ ਪੰਜਾਬੀਅਤ ਪੇਸ਼ ਕਰਾਂਗੇ ਤੇ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੇ।

ਪ੍ਰੋਗਰਾਮ ਦੀ ਸ਼ੁਰੂਆਤ ਤਿੰਨਾਂ ਭਰਾਵਾਂ ਨੇ ਧਾਰਮਿਕ ਗੀਤ ਨਾਲ ਕੀਤੀ, ਉਪਰੰਤ ਸੰਗਤਾਰ ਨੇ ਇਕੱਲਿਆਂ ਸਟੇਜ ਸੰਭਾਲਦਿਆਂ ਸਭ ਤੋਂ ਪਹਿਲਾਂ ਹਾਜ਼ਰ ਸਰੋਤਿਆਂ ਨੂੰ ਤੂੰਬੀ ਦੀ ਧੁਨ ਨਾਲ ਮੰਤਰ-ਮੁਗਧ ਕੀਤਾ ਤੇ ਫਿਰ ਸ਼ੇਅਰੋ-ਸ਼ਾਇਰੀ ਦਾ ਸਿਲਸਿਲਾ ਸ਼ੁਰੂ ਕਰਨ ਦੇ ਨਾਲ ਆਪਣਾ ਨਵਾਂ ਗੀਤ ਗਾਇਆ। ਕਮਲ ਨੇ ਆਪਣੇ ਨਵੇਂ ਗੀਤ ਗਾ ਕੇ ਮਾਹੌਲ ਸਿਖਰ 'ਤੇ ਪਹੁੰਚਾ ਦਿੱੱਤਾ। ਪ੍ਰੋਗਰਾਮ ਦੇ ਅਖੀਰ 'ਚ ਪਿਛਲੇ 25 ਸਾਲਾਂ ਤੋਂ ਦੁਨੀਆ ਭਰ ਵਿਚ ਵਸਦੇ ਪੰਜਾਬੀਆਂ ਨੂੰ ਆਪਣੀ ਗਾਇਕੀ ਨਾਲ ਝੂਮਣ ਲਈ ਮਜਬੂਰ ਕਰ ਰਹੇ ਪੰਜਾਬੀ ਵਿਰਸੇ ਦੇ ਵਾਰਿਸ ਮਨਮੋਹਨ ਵਾਰਿਸ ਨੇ 'ਵਾਰ ਹਰੀ ਸਿੰਘ ਨਲੂਆ', 'ਕਿਹੜੇ ਮੇਲੇ ਜਾਣਾ ਸਾਨੂੰ ਦੱਸ ਰਕਾਨੇ ਨੀ', 'ਸੱਜਣਾ ਦੀ ਫੁਲਕਾਰੀ ਦੇ' ਤੇ 'ਕੋਕਾ' ਗੀਤ ਸਮੇਤ ਆਪਣੇ ਪ੍ਰਸਿੱਧ ਗੀਤਾਂ ਨਾਲ ਦਰਸ਼ਕਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ।

ਇਸ ਮੌਕੇ ਸ਼ੇਅ ਦੇ ਪ੍ਰਮੋਟਰ ਜੈਸ ਔਜਲਾ, ਬਿੰਦਰ ਗਰੇਵਾਲ, ਸੱਤੀ ਕੰਗ, ਪਲਾਜ਼ਮਾ ਰਿਕਾਰਡਜ਼ ਦੇ ਐੱਮ. ਡੀ. ਦੀਪਕ ਬਾਲੀ ਤੇ ਵੈਨਕੂਵਰ ਸ਼ਹਿਰ ਦੀਆਂ ਪ੍ਰਮੁੱਖ ਸਿਆਸੀ, ਸਮਾਜਿਕ ਤੇ ਮੀਡੀਆ ਨਾਲ ਜੁੜੀਆਂ ਸ਼ਖਸੀਅਤਾਂ ਵਿਸ਼ੇਸ਼ ਰੂਪ ਵਿਚ ਹਾਜ਼ਰ ਸਨ।


Tags: Manmohan WarisKamal HeerSangtarWaris BrotherVancouver

Edited By

Chanda Verma

Chanda Verma is News Editor at Jagbani.