ਮੁੰਬਈ(ਬਿਊਰੋ)— ਮਿਸ ਵਰਲਡ ਦਾ ਖਿਤਾਬ ਜਿੱਤਣ ਵਾਲੀ ਮਾਨੁਸ਼ੀ ਛਿੱਲਰ ਅੱਜ ਆਪਣਾ 23ਵਾਂ ਜਨਮਦਿਨ ਮਨਾ ਰਹੀ ਹੈ। ਜਦੋਂ ਮਾਨੁਸ਼ੀ ਛਿੱਲਰ ਮਿਸ ਵਰਲਡ ਬਣੀ ਸੀ ਉਸ ਸਮੇਂ ਉਸ ਦੀ ਉਮਰ ਸਿਰਫ਼ 20 ਸਾਲ ਸੀ । ਮਾਨੁਸ਼ੀ ਛਿੱਲਰ ਦਾ ਜਨਮ ਹਰਿਆਣਾ ਦੇ ਝੱਜਰ 'ਚ ਹੋਇਆ ਸੀ।

ਮਾਨੁਸ਼ੀ ਛਿੱਲਰ ਉਸ ਸਮੇਂ ਰਾਤੋਂ-ਰਾਤ ਸਟਾਰ ਬਣ ਗਈ ਸੀ, ਜਦੋਂ ਉਹ 2017 ਵਿਚ ਵਿਸ਼ਵ ਸੁੰਦਰੀ ਬਣ ਕੇ ਸਾਹਮਣੇ ਆਈ ਸੀ । ਖਬਰਾਂ ਦੀ ਮੰਨੀਏ ਤਾਂ ਮਾਨੁਸ਼ੀ ਛਿੱਲਰ ਵਧੀਆ ਡਾਂਸਰ ਵੀ ਹੈ । ਇਸ ਤੋਂ ਇਲਾਵਾ ਉਸ ਨੂੰ ਐਕਟਿੰਗ ਤੇ ਪੇਂਟਿੰਗ ਕਰਨਾ ਵੀ ਬਹੁਤ ਪਸੰਦ ਹੈ । ਮਾਨੁਸ਼ੀ ਛਿੱਲਰ ਦਾ ਪਸੰਦਦੀਦਾ ਅਦਾਕਾਰ ਆਮਿਰ ਖਾਨ ਹੈ।

ਮਾਨੁਸ਼ੀ ਛਿੱਲਰ ਨੇ ਮਿਸ ਵਰਲਡ ਦੇ ਮੁਕਾਬਲੇ 'ਚ 118 ਦੇਸ਼ਾਂ ਦੀਆਂ ਕੁੜੀਆਂ ਨੂੰ ਟੱਕਰ ਦਿੱਤੀ ਸੀ। ਇਸ ਮੁਕਾਬਲੇ 'ਚ ਮਾਨੁਸ਼ੀ ਛਿੱਲਰ ਨੂੰ ਕੁਝ ਸਵਾਲ ਵੀ ਕੀਤੇ ਗਏ ਸਨ, ਜਿਨ੍ਹਾਂ ਦੇ ਜਵਾਬ ਦੇ ਅਧਾਰ ਤੇ ਉਨ੍ਹਾਂ ਨੂੰ ਮਿਸ ਵਰਲਡ ਦਾ ਤਾਜ਼ ਪਾਇਆ ਗਿਆ ਸੀ ।

ਸਵਾਲਾਂ ਦੀ ਗੱਲ ਕੀਤੀ ਜਾਵੇ ਤਾਂ ਮਾਨੁਸ਼ੀ ਛਿੱਲਰ ਤੋਂ ਪੁੱਛਿਆ ਗਿਆ ਸੀ ਕਿ ਉਹ ਕਿਹੜਾ ਪ੍ਰੋਫੈਸ਼ਨ ਹੈ, ਜਿਸ ਨੂੰ ਉਸ ਦੇ ਮੁਤਾਬਕ ਸਭ ਤੋਂ ਵੱਧ ਤਨਖਾਹ ਮਿਲਣੀ ਚਾਹੀਦੀ ਹੈ ਤੇ ਕਿਉਂ । ਇਸ ਦੇ ਜ਼ਵਾਬ 'ਚ ਮਾਨੁਸ਼ੀ ਛਿੱਲਰ ਨੇ ਕਿਹਾ ਸੀ ਕਿ ਇਕ ਮਾਂ ਨੂੰ ਸਭ ਤੋਂ ਜ਼ਿਆਦਾ ਇੱਜ਼ਤ ਮਿਲਣੀ ਚਾਹੀਦੀ ਹੈ ਤੇ ਜਿੱਥੇ ਤੱਕ ਤਨਖਾਹ ਦੀ ਗੱਲ ਹੈ, ਤਾਂ ਇਸ ਦਾ ਮਤਲਬ ਪੈਸਿਆਂ ਨਾਲ ਨਹੀਂ ਬਲਕਿ ਸਨਮਾਨ ਤੇ ਪਿਆਰ ਨਾਲ ਹੈ ।






