ਮੁੰਬਈ(ਬਿਊਰੋ)- ਟੀ.ਵੀ. ਦੇ ਮਸ਼ਹੂਰ ਰਿਐਲਟੀ ਸ਼ੋਅ ‘ਬਿੱਗ ਬੌਸ 13’ ਇਸ ਵਾਰ ਕਾਫੀ ਸੁਰਖੀਆਂ ਵਿਚ ਰਿਹਾ। ਸ਼ੋਅ ਵਿਚ ਜਿੱਥੇ ਕਈ ਜੋੜੀਆਂ ਬਣੀਆਂ ਤਾਂ ਉਥੇ ਕਦੇ-ਕਦੇ ਲੜਾਈ ਵੀ ਦੇਖਣ ਨੂੰ ਮਿਲੀ। ਇਸ ਸ਼ੋਅ ਦੇ ਠੀਕ ਬਾਅਦ ਸ਼ੁਰੂ ਹੋਇਆ ਨਵਾਂ ਸ਼ੋਅ ‘ਮੁਝਸੇ ਸ਼ਾਦੀ ਕਰੋਗੇ’ ਚਾਹੇ ਫਲਾਪ ਰਿਹਾ ਹੋਵੇ ਪਰ ਇਸ ਵਿਚ ਭਾਗ ਲੈਣ ਵਾਲੇ ਪ੍ਰਤੀਯੋਗੀ ਲਗਾਤਾਰ ਖਬਰਾਂ ਵਿਚ ਬਣੇ ਰਹਿੰਦੇ ਹਨ। ਤਾਜ਼ਾ ਮਾਮਲਾ ਇਸ ਸ਼ੋਅ ਦੇ ਇਕ ਮੁਕਾਬਲੇਬਾਜ਼ ਮਿਊਰ ਵਰਮਾ ਨਾਲ ਜੁੜਿਆ ਹੈ, ਜਿਨ੍ਹਾਂ ਨੇ ਅਦਾਕਾਰਾ ਦੇਵੋਲੀਨਾ ਭੱਟਾਚਾਰਜੀ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ।

ਦੇਵੋਲੀਨਾ ਅਤੇ ਮਿਊਰ ਵਿਚਕਾਰ ਬੀਤੇ ਕਈ ਦਿਨਾਂ ਤੋਂ ਵਿਵਾਦ ਚੱਲ ਰਿਹਾ ਹੈ। ਮਿਊਰ ਦਾ ਦੋਸ਼ ਹੈ ਕਿ ਦੇਵੋਲੀਨਾ ਨੇ ਉਨ੍ਹਾਂ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਕਾਰਨ ਉਨ੍ਹਾਂ ਨੇ ਅਦਾਕਾਰਾ ਖਿਲਾਫ ਸਾਈਬਰ ਕ੍ਰਾਈਮ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਦੇਵੋਲੀਨਾ ਅਤੇ ਮਿਊਰ ਵਿਚਕਾਰ ਵਿਵਾਦ ਉਸ ਵੇਲੇ ਸ਼ੁਰੂ ਹੋਇਆ, ਜਦੋਂ ਉਨ੍ਹਾਂ ਨੇ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦੇ ਗੀਤ ‘ਭੁਲਾ ਦੂੰਗਾ’ ਦੀ ਅਲੋਚਨਾ ਕੀਤੀ। ਇਸ ਤੋਂ ਬਾਅਦ ਤੋਂ ਦੋਵਾਂ ਵਿਚਕਾਰ ਕਈ ਵਾਰ ਸੋਸ਼ਲ ਮੀਡੀਆ ’ਤੇ ਬਹਿਸ ਹੋ ਚੁੱਕੀ ਹੈ। ਦੋਵੇਂ ਇਕ-ਦੂਜੇ ਖਿਲਾਫ ਕਈ ਵਾਰ ਬੋਲਦੇ ਨਜ਼ਰ ਆ ਚੁੱਕੇ ਹਨ।

ਮਿਊਰ ਨੇ ਇਕ ਟਵੀਟ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੇ ਦੇਵੋਲੀਨਾ ਖਿਲਾਫ ਸਾਈਬਰ ਕ੍ਰਾਈਮ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਮਿਊਰ ਨੇ ਲਿਖਿਆ ਹੈ, ‘‘ਚੀਜ਼ਾਂ ਕਾਫੀ ਜ਼ਿਆਦਾ ਹੋ ਗਈਆਂ ਸਨ, ਇਸ ਲਈ ਮੈਂ ਹੁਣ ਸਾਈਬਰ ਕ੍ਰਾਈਮ ਤੱਕ ਪਹੁੰਚਿਆ। ਹੁਣ ਸਭ ਉਨ੍ਹਾਂ ਦੇ ਹੱਥ ਵਿਚ ਹੈ। ਮੈਨੂੰ ਵਿਸ਼ਵਾਸ ਹੈ ਕਿ ਸਾਈਬਰ ਕ੍ਰਾਈਮ ਜਲਦ ਹੀ ਐਕਸ਼ਨ ਲਵੇਗਾ।’’
ਦੱਸ ਦੇਈਏ ਕਿ ਦੇਵੋਲੀਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸੀਰੀਅਲ ਵਿਚ ਸਹਿਯੋਗੀ ਕਲਾਕਾਰ ਵੱਜੋ ਕੀਤੀ ਸੀ। ‘ਸਾਥ ਨਿਭਾਉਣਾ ਸਾਥੀਆ’ ਵਿਚ ਉਹ ਮੁੱਖ ਭੂਮਿਕਾ ਵਿਚ ਨਜ਼ਰ ਆਈ ਸੀ। ਉਥੇ ਹੀ ਮਿਊਰ ਵਰਮਾ ਵੀ ਹੁਣ ਤੱਕ ਕਈ ਸ਼ੋਅਜ਼ ਵਿਚ ਛੋਟੀ-ਵੱਡੀ ਭੂਮਿਕਾਵਾਂ ਵਿਚ ਨਜ਼ਰ ਆ ਚੁੱਕੇ ਹਨ।