ਮੁੰਬਈ(ਬਿਊਰੋ)- ਬਾਲੀਵੁੱਡ ਅਦਾਕਾਰਾ ਮੀਨਾਕਸ਼ੀ ਸ਼ੇਸਾਦਰੀ ਨੇ ਆਪਣੀਆਂ ਫਿਲਮਾਂ ਰਾਹੀਂ ਇਕ ਵੱਖਰਾ ਮੁਕਾਮ ਹਾਸਿਲ ਕੀਤਾ ਹੈ। 80 ਤੇ 90 ਦਹਾਕੇ ਵਿਚ ਮੀਨਾਕਸ਼ੀ ਸ਼ੇਸਾਦਰੀ ਦਾ ਸਿੱਕਾ ਚੱਲਦਾ ਸੀ ਪਰ ਅਚਾਨਕ ਮੀਨਾਕਸ਼ੀ ਨੇ ਸਿਨੇਮਾਜਗਤ ਨੂੰ ਅਲਵਿਦਾ ਕਹਿ ਦਿੱਤਾ ਹਾਲਾਂਕਿ ਉਹ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੀ ਹੈ। ਇਸੇ ਵਿਚਕਾਰ ਅਭਿਨੇਤਰੀ ਨੇ ਟਵੀਟ ਕੀਤਾ ਜੋ ਚਰਚਾ ’ਚ ਬਣਿਆ ਹੋਇਆ ਹੈ। ਦਰਅਸਲ ਮੀਨਾਕਸ਼ੀ ਸ਼ੇਸਾਦਰੀ ਆਪਣਾ ਡਰਾਈਵਿੰਗ ਲਾਈਸੈਂਸ ਰੀਨਿਊ ਕਰਵਾਉਣ ਲਈ ਕਈ ਘੰਟੇ ਲਾਈਨ ਵਿਚ ਖੜੀ ਰਹੀ।
ਹੈਰਾਨੀ ਦੀ ਗੱਲ ਇਹ ਰਹੀ ਕਿ ਕਿਸੇ ਨੇ ਵੀ ਉਸ ਨੂੰ ਪਛਾਣਿਆ ਨਹੀਂ। ਇਹ ਸਭ ਦੇਖ ਕੇ ਮੀਨਾਕਸ਼ੀ ਸ਼ੇਸਾਦਰੀ ਵੀ ਹੈਰਾਨ ਰਹਿ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ। ਤਸਵੀਰਾਂ ਨਾਲ ਅਭਿਨੇਤਰੀ ਨੇ ਲਿਖਿਆ,‘‘ਮੈਂ ਅੱਠ ਘੰਟਿਆਂ ਤੋਂ ਲਾਈਨ ਵਿਚ ਖੜੀ ਹਾਂ ਪਰ ਕਿਸੇ ਨੇ ਮੈਨੂੰ ਪਛਾਣਿਆ ਤੱਕ ਨਹੀਂ। ਇਹ ਅਮਰੀਕਾ ਹੈ।’’
ਦੱਸ ਦੇਈਏ ਕਿ ਮੀਨਾਕਸ਼ੀ ਦੇ ਲੁੱਕ ਵਿਚ ਸਮੇਂ ਦੇ ਨਾਲ-ਨਾਲ ਕਾਫੀ ਬਦਲਾਅ ਆ ਗਿਆ ਹੈ, ਜੋ ਤਸਵੀਰ ਵਿਚ ਸਾਫ ਨਜ਼ਰ ਆ ਗਿਆ ਹੈ। ਮੀਨਾਕਸ਼ੀ ਨੇ 1995 ਵਿਚ ਇਨਵੈਸਟਮੈਂਟ ਬੈਂਕਰ ਹਰੀਸ਼ ਮੈਸੂਰ ਨਾਲ ਵਿਆਹ ਕਰਵਾਇਆ ਸੀ। ਇਨ੍ਹਾਂ ਦੋਵਾਂ ਦੇ ਤਿੰਨ ਬੱਚੇ ਹਨ। ਮੀਨਾਕਸ਼ੀ ਨੂੰ ਡਾਂਸ ਦਾ ਬਹੁਤ ਸ਼ੌਂਕ ਹੈ, ਇਸ ਲਈ ਉਹ ਅਮਰੀਕਾ 'ਚ ਆਪਣਾ ਡਾਂਸ ਸਕੂਲ ਚਲਾਉਂਦੀ ਹੈ। ਮੀਨਾਕਸ਼ੀ ਭਾਰਤੀ ਕਲਾਸੀਕਲ ਡਾਂਸ ਦੀ ਮਾਹਿਰ ਹੈ। ਇਸ ਲਈ ਉਨ੍ਹਾਂ ਦਾ ਡਾਂਸ ਸਕੂਲ ਅਮਰੀਕਾ 'ਚ ਮਸ਼ਹੂਰ ਹੈ।
17 ਸਾਲ ਦੀ ਉਮਰ 'ਚ ਮੀਨਾਕਸ਼ੀ ਨੇ 1981 'ਚ ਮਿਸ ਇੰਡੀਆ ਦਾ ਖਿਤਾਬ ਜਿੱਤਿਆ ਸੀ। ਇਹ ਖਿਤਾਬ ਹਾਸਲ ਕਰਨ ਤੋਂ ਤਿੰਨ ਸਾਲ ਬਾਅਦ ਉਨ੍ਹਾਂ ਨੇ ਬਾਲੀਵੁੱਡ 'ਚ ਕਦਮ ਰੱਖਿਆ ਸੀ। ਉਨ੍ਹਾਂ ਦੀ ਪਹਿਲੀ ਫਿਲਮ 'ਪੇਂਟਰ ਬਾਬੂ' ਸੀ। ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ 'ਚ ਕਈ ਹਿੱਟ ਫਿਲਮਾਂ ਦਿੱਤੀਆਂ ਹਨ।