ਧਨਬਾਦ (ਬਿਊਰੋ)— ਝਾਰਖੰਡ ਦੇ ਧਨਬਾਦ ਦੀ ਰਹਿਣ ਵਾਲੀ 'ਇੰਡੀਅਨ ਆਈਡਲ 3' ਫੇਮ ਪੂਜਾ ਚੈਟਰਜੀ ਕਿਸ਼ੋਰ ਕੁਮਾਰ ਦੇ ਘਰ ਦੀ ਨੂੰਹ ਬਣੇਗੀ। ਕੋਲਕਾਤਾ ਦੇ ਰਹਿਣ ਵਾਲੇ ਇੰਟਰਨੈਸ਼ਨਲ ਫੋਟੋਗ੍ਰਾਫਰ ਤਥਾਗਤ ਗਾਂਗੁਲੀ ਨਾਲ ਪੂਜਾ ਚੈਟਰਜੀ ਦੀ ਹਾਲ ਹੀ 'ਚ ਮੰਗਣੀ ਹੋਈ ਹੈ। ਪੂਜਾ ਕਿਸ਼ੋਰ ਕੁਮਾਰ ਦੇ ਪਰਿਵਾਰ ਦੀ 5ਵੀਂ ਪੀੜ੍ਹੀ ਦੀ ਨੂੰਹ ਹੋਵੇਗੀ। ਕੋਲਕਾਤਾ ਦੇ ਇਕ ਹੋਟਲ 'ਚ 12 ਅਕਤੂਬਰ ਨੂੰ ਪੂਜਾ ਤੇ ਤਥਾਗਤ ਦੀ ਮੰਗਣੀ ਹੋਈ। ਇਸ 'ਚ ਦੋਵਾਂ ਦੇ ਪਰਿਵਾਰਕ ਮੈਂਬਰ ਸ਼ਾਮਲ ਹੋਏ। ਦੋਵਾਂ ਪਰਿਵਾਰਾਂ ਵਿਚਾਲੇ ਪੁਰਾਣੀ ਦੋਸਤੀ ਹੈ। ਇਸੇ ਦੋਸਤੀ ਨੂੰ ਰਿਸ਼ਤੇ 'ਚ ਬਦਲਣ ਦੀ ਤਿਆਰੀ ਹੈ। ਪੂਜਾ ਚੈਟਰਜੀ ਨੇ ਦੱਸਿਆ, 'ਇਹ ਰਿਸ਼ਤਾ ਮੇਰੇ ਪਰਿਵਾਰ ਵਾਲਿਆਂ ਨੇ ਤੈਅ ਕੀਤਾ ਹੈ। ਸਭ ਕੁਝ ਬਹੁਤ ਛੇਤੀ ਹੋ ਗਿਆ।' ਕਿਸ਼ੋਰ ਕੁਮਾਰ ਦੇ ਦਾਦਾ ਤੇ ਤਥਾਗਤ ਗਾਂਗੁਲੀ ਦੇ ਦਾਦਾ ਰਿਸ਼ਤੇ 'ਚ ਚਚੇਰੇ ਭਰਾ ਹਨ। ਦੱਸਿਆ ਜਾ ਰਿਹਾ ਹੈ ਕਿ ਜਨਵਰੀ 'ਚ ਪੂਜਾ ਤੇ ਤਥਾਗਤ ਸੱਤ ਫੇਰੇ ਲੈਣਗੇ। ਪੂਜਾ ਦੇ ਹੋਣ ਵਾਲੇ ਪਤੀ ਤਥਾਗਤ ਮੁੰਬਈ 'ਚ ਰਹਿੰਦੇ ਹਨ। ਪੂਜਾ ਮੁਤਾਬਕ ਵਿਆਹ ਦੇ ਬਾਅਦ ਵੀ ਉਹ ਆਪਣਾ ਪ੍ਰੋਫੈਸ਼ਨ ਜਾਰੀ ਰੱਖੇਗੀ। ਕੁਝ ਦਿਨ ਪਹਿਲਾਂ ਇੰਟਰਨੈਸ਼ਨਲ ਐਲਬਮ 'ਚ ਗਾਉਣ ਵਾਲੀ ਪੂਜਾ ਅਜੇ ਵਿਦੇਸ਼ਾਂ 'ਚ ਜ਼ਿਆਦਾ ਸ਼ੋਅ ਕਰ ਰਹੀ ਹੈ। ਦੱਸਣਯੋਗ ਹੈ ਕਿ ਪੂਜਾ ਕਾਂਗਰਸ ਦੀ ਟਿਕਟ ਨਾਲ ਡੁਮਰੀ ਸੀਟ 'ਤੇ ਵਿਧਾਨ ਸਭਾ ਚੋਣਾਂ 'ਚ ਵੀ ਕਿਸਮਤ ਅਜ਼ਮਾ ਚੁੱਕੀ ਹੈ। ਹਾਲਾਂਕਿ ਉਸ ਨੂੰ ਸਫਲਤਾ ਹੱਥ ਨਹੀਂ ਲੱਗੀ ਸੀ।