ਜਲੰਧਰ (ਬਿਊਰੋ)— ਜੋਬਨਪ੍ਰੀਤ ਸਿੰਘ, ਇਹ ਉਹ ਨਾਂ ਹੈ, ਜਿਸ ਨੇ ਪੰਜਾਬੀ ਫਿਲਮਾਂ 'ਚ ਛੋਟੀਆਂ-ਮੋਟੀਆਂ ਭੂਮਿਕਾਵਾਂ ਨਿਭਾਅ ਕੇ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਇਆ ਹੈ। ਭਾਵੇਂ ਫਿਲਮ ਹੋਵੇ 'ਰੁਪਿੰਦਰ ਗਾਂਧੀ 2' ਜਾਂ ਫਿਰ 'ਕੰਡੇ', ਇਨ੍ਹਾਂ ਦੋਵਾਂ ਫਿਲਮਾਂ 'ਚ ਜੋਬਨਪ੍ਰੀਤ ਦੀ ਅਦਾਕਾਰੀ ਦੀ ਸ਼ਲਾਘਾ ਕੀਤੀ ਗਈ ਹੈ।
ਸਾਈਡ ਰੋਲ ਨਿਭਾਉਣ ਤੋਂ ਬਾਅਦ ਹੁਣ ਜੋਬਨਪ੍ਰੀਤ ਦੀ ਬਤੌਰ ਮੁੱਖ ਅਦਾਕਾਰਾ ਪੰਜਾਬੀ ਫਿਲਮਾਂ 'ਚ ਐਂਟਰੀ ਹੋਣ ਜਾ ਰਹੀ ਹੈ। ਜੋਬਨਪ੍ਰੀਤ ਦੀ ਮੁੱਖ ਭੂਮਿਕਾ ਵਾਲੀ ਇਸ ਫਿਲਮ ਦਾ ਨਾਂ ਹੈ 'ਸਾਕ', ਜੋ 7 ਜੂਨ, 2019 ਨੂੰ ਰਿਲੀਜ਼ ਹੋਵੇਗੀ।
ਫਿਲਮ ਦਾ ਥੀਮ ਕੀ ਹੈ, ਇਹ ਤਾਂ ਅਜੇ ਤੁਹਾਨੂੰ ਨਹੀਂ ਦੱਸਾਂਗੇ ਪਰ ਇਕ ਗੱਲ ਜੋ ਖਿੱਚ ਦਾ ਕੇਂਦਰ ਬਣ ਰਹੀ ਹੈ, ਉਹ ਹੈ ਫਿਲਮ 'ਚ ਜੋਬਨਪ੍ਰੀਤ ਦੀ ਲੁੱਕ। ਫਿਲਮ ਲਈ ਜੋਬਨਪ੍ਰੀਤ ਨੇ ਆਪਣੀ ਲੁੱਕ 'ਤੇ ਕਾਫੀ ਮਿਹਨਤ ਕੀਤੀ ਹੈ।
'ਸਾਕ' ਫਿਲਮ 'ਚ ਜੋਬਨਪ੍ਰੀਤ ਨਾਲ ਖੂਬਸੂਰਤ ਅਦਾਕਾਰਾ ਮੈਂਡੀ ਤੱਖੜ ਵੀ ਅਹਿਮ ਭੂਮਿਕਾ 'ਚ ਹੈ। ਦੋਵਾਂ ਦੀਆਂ ਇਕੱਠਿਆਂ ਕਈ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਦੋਵੇਂ ਖੂਬ ਜਚ ਰਹੇ ਹਨ। ਫਿਲਮ 'ਚ ਜੋਬਨਪ੍ਰੀਤ 'ਕਰਮ ਸਿੰਘ' ਨਾਂ ਦੇ ਮੁੰਡੇ ਦਾ ਕਿਰਦਾਰ ਨਿਭਾਅ ਰਹੇ ਹਨ, ਜਦਕਿ ਮੈਂਡੀ ਤੱਖੜ ਦੇ ਕਿਰਦਾਰ ਦਾ ਨਾਂ 'ਚੰਨ ਕੌਰ' ਹੈ।
ਕਾਫੀ ਸਮੇਂ ਬਾਅਦ ਪੰਜਾਬੀ ਫਿਲਮ ਇੰਡਸਟਰੀ 'ਚ ਇਕ ਨਵੀਂ ਜੋੜੀ ਪਰਦੇ 'ਤੇ ਨਜ਼ਰ ਆਵੇਗੀ ਤੇ ਦੋਵਾਂ ਦੀ ਕੈਮਿਸਟਰੀ ਫਿਲਮ 'ਚ ਕਿਹੋ-ਜਿਹੀ ਹੋਵੇਗੀ, ਇਹ ਤਾਂ ਸਾਨੂੰ ਇਸ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ।