FacebookTwitterg+Mail

ਅੱਖਾਂ ਖੋਲ੍ਹ ਦੇਵੇਗੀ 'ਮੇਰੇ ਪਿਆਰੇ ਪ੍ਰਾਈਮ ਮਿਨਿਸਟਰ'

mere pyare prime minister
13 March, 2019 09:28:50 AM

ਜਬਰ-ਜ਼ਨਾਹ ਵਰਗੇ ਅਪਰਾਧ 'ਤੇ ਪਹਿਲਾਂ ਵੀ ਫਿਲਮਾਂ ਬਣ ਚੁੱਕੀਆਂ ਹਨ ਪਰ ਇਸ ਵਾਰ ਰਿਲੀਜ਼ ਹੋ ਰਹੀ 'ਮੇਰੇ ਪਿਆਰ ਪ੍ਰਾਈਮ ਮਨਿਸਟਰ' ਦਰਸ਼ਕਾਂ ਦੀਆਂ ਅੱਖਾਂ ਖੋਲ੍ਹ ਦੇਣ ਵਾਲੀ ਫਿਲਮ ਹੈ। ਫਿਲਮ 'ਚ ਅੰਜਲੀ ਪਾਟਿਲ, ਨਿਤੀਸ਼ ਵਾਧਵਾ ਅਤੇ ਓਮ ਕਨੌਜੀਆ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ। 'ਰੰਗ ਦੇ ਬਸੰਤੀ' ਅਤੇ 'ਭਾਗ ਮਿਲਖਾ ਭਾਗ' ਵਰਗੀਆਂ ਫਿਲਮਾਂ ਬਣਾਉਣ ਵਾਲੇ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਇਸ ਫਿਲਮ ਦੇ ਡਾਇਰੈਕਟਰ ਹਨ। ਰਾਕੇਸ਼ ਅਤੇ ਫਿਲਮ ਦੀ ਸਟਾਰਕਾਸਟ ਨੇ ਦਿੱਲੀ 'ਚ ਪੰਜਾਬ ਕੇਸਰੀ/ ਨਵੋਦਿਆ ਟਾਈਮਸ/ ਜਗ ਬਾਣੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਕੁਝ ਅੰਸ਼ :

ਆਮ ਜ਼ਿੰਦਗੀ ਨਾਲ ਜੁੜੀ ਫਿਲਮ : ਰਾਕੇਸ਼ ਓਮ ਪ੍ਰਕਾਸ਼

ਰਾਕੇਸ਼ ਓਮ ਪ੍ਰਕਾਸ਼ ਮਹਿਰਾ ਮੁਤਾਬਕ ਇਹ ਆਮ ਜ਼ਿੰਦਗੀ ਨਾਲ ਜੁੜੀ ਹੋਈ ਫਿਲਮ ਹੈ। ਇਸ ਦਾ ਕੰਸੈਪਟ ਵੀ ਆਮ ਜ਼ਿੰਦਗੀ ਤੋਂ ਮਿਲਿਆ ਹੈ। ਹੱਸਦੇ-ਹੱਸਦੇ ਤੁਸੀਂ ਕਦੋਂ ਰੋਣਾ ਸ਼ੁਰੂ ਕਰ ਦਿਓਗੇ ਅਤੇ ਰੋਂਦੇ-ਰੋਂਦੇ ਕਦੋਂ ਹੱਸਣ ਲੱਗੋਗੇ, ਤੁਹਾਨੂੰ ਪਤਾ ਵੀ ਨਹੀਂ ਲੱਗੇਗਾ। ਜਿਸ ਨਜ਼ਰੀਏ ਨਾਲ ਲੋਕ ਔਰਤਾਂ ਨੂੰ ਦੇਖਦੇ ਹਨ ਇਹ ਉਹ ਮਾਨਸਿਕਤਾ ਬਦਲਣ ਦੀ ਕਹਾਣੀ ਹੈ। ਇਹ ਆਮ ਆਦਮੀ 'ਤੇ ਆਧਾਰਿਤ ਕਹਾਣੀ ਹੈ, ਜੋ ਬਹੁਤ ਹੀ ਡੂੰਘੇ ਸਵਾਲ ਉਠਾਉਂਦੀ ਹੈ। 

ਸਿਰਫ ਕਾਨੂੰਨ ਨਾਲ ਹੱਲ ਨਹੀਂ 

ਮਹਿਰਾ ਦੱਸਦੇ ਹਨ ਕਿ ਮੈਂ ਫਿਲਮ 'ਭਾਗ ਮਿਲਖਾ ਭਾਗ' ਦੀ ਸ਼ੂਟਿੰਗ ਦੌਰਾਨ ਇਕ ਵਾਰ ਦੇਰ ਰਾਤ ਗੱਡੀ ਲੈ ਕੇ ਹਾਈਵੇ 'ਤੇ ਨਿਕਲਿਆ ਸੀ। ਜਦੋਂ ਮੈਂ ਗੱਡੀ ਮੋੜੀ ਤਾਂ ਹੈੱਡਲਾਈਟ 8-10 ਔਰਤਾਂ 'ਤੇ ਪਈ ਤਾਂ ਉਹ ਤੁਰੰਤ ਖੜ੍ਹੀਆਂ ਹੋ ਗਈਆਂ ਅਤੇ ਆਪਣੇ ਕੱਪੜੇ ਸੰਭਾਲਣ ਲੱਗੀਆਂ। ਉਹ ਤਸਵੀਰ ਮੇਰੇ ਦਿਮਾਗ 'ਚ ਰਹਿ ਗਈ, ਸਾਡੀ ਫਿਲਮ ਉਸੇ ਸੀਨ ਨਾਲ ਸ਼ੁਰੂ ਹੁੰਦੀ ਹੈ। ਇਸ ਦੇ ਨਾਲ ਹੀ ਜਦੋਂ ਮੈਂ ਯੂਨੀਸੇਫ ਦਾ ਡਾਟਾ ਪੜ੍ਹਿਆ, ਉਦੋਂ ਮੈਨੂੰ ਪਤਾ ਲੱਗਾ ਕਿ ਹਿੰਦੁਸਤਾਨ 'ਚ 50 ਫੀਸਦੀ ਤੋਂ ਜ਼ਿਆਦਾ ਰੇਪ ਉਦੋਂ ਹੁੰਦੇ ਹਨ, ਜਦੋਂ ਔਰਤਾਂ ਟਾਇਲਟ ਲਈ ਘਰੋਂ ਬਾਹਰ ਜਾਂਦੀਆਂ ਹਨ। ਇਹ ਗੱਲ ਸਿਰਫ ਟਾਇਲਟ ਬਣਾਉਣ ਜਾਂ ਕਾਨੂੰਨ ਦੀ ਨਹੀਂ, ਸਗੋਂ ਸਮਾਜ ਦੀ ਮਾਨਸਿਕਤਾ ਨਾਲ ਜੁੜੀ ਹੈ।

ਫਿਲਮ 'ਚ ਸਲੱਮ ਏਰੀਆ ਦੀਆਂ ਬੱਚੀਆਂ

ਰਾਕੇਸ਼ ਓਮ ਪ੍ਰਕਾਸ਼ ਮਹਿਰਾ ਦਾ ਕਹਿਣਾ ਹੈ ਕਿ ਇਸ ਫਿਲਮ 'ਚ ਮੈਂ ਜੋ ਦਿਖਾਉਣਾ ਸੀ, ਉਸ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਮੈਨੂੰ ਕੁਝ ਨਵੇਂ  ਚਿਹਰੇ ਚਾਹੀਦੇ ਸਨ, ਜੋ ਦਰਸ਼ਕਾਂ ਨਾਲ ਆਸਾਨੀ ਨਾਲ ਜੁੜ ਸਕਣ। ਮੈਂ ਨਹੀਂ ਚਾਹੁੰਦਾ ਸੀ ਕਿ ਕੋਈ ਗਲਤ ਸੰਦੇਸ਼ ਉਨ੍ਹਾਂ ਤੱਕ ਪੁੱਜੇ। ਫਿਲਮ ਦੀ ਸ਼ੂਟਿੰਗ ਜਿਨ੍ਹਾਂ ਝੁੱਗੀਆਂ-ਝੌਂਪੜੀਆਂ 'ਚ ਹੋਈ ਹੈ, ਉਥੋਂ ਦੀਆਂ ਤਿੰਨ ਬੱਚੀਆਂ ਨੂੰ ਫਿਲਮ 'ਚ ਲਿਆ ਗਿਆ ਹੈ। 

ਹਰ ਕਿਰਦਾਰ ਤੋਂ ਮਿਲਦੀ ਹੈ ਸਿੱਖਿਆ : ਅੰਜਲੀ

ਅੰਜਲੀ ਪਾਟਿਲ ਦਾ ਕਹਿਣਾ ਹੈ ਕਿ ਉਸ ਦਾ ਕਿਰਦਾਰ ਅਜਿਹੀ ਬਹਾਦਰ ਔਰਤ ਦਾ ਹੈ, ਜੋ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਚੀਜ਼ਾਂ ਨੂੰ ਖੁੱਲ੍ਹ ਕੇ ਸਵੀਕਾਰ ਕਰਦੀ ਹੈ। ਹਰ ਕਿਰਦਾਰ ਤੁਹਾਨੂੰ ਕੁਝ ਨਾ ਕੁਝ ਸਿਖਾਉਂਦਾ ਹੈ। ਇਸ ਕਿਰਦਾਰ ਦੀ ਗੱਲ ਕਰਾਂ ਤਾਂ ਇਸ ਨਾਲ ਮੈਂ ਆਪਣੀ ਜ਼ਿੰਦਗੀ ਨੂੰ ਹੋਰ ਖੂਬਸੂਰਤੀ ਅਤੇ ਜ਼ਿੰਦਾਦਿਲੀ ਨਾਲ ਜਿਊਣਾ ਸਿੱਖਿਆ ਹੈ। ਆਪਣੇ ਫਿਲਮੀ ਕੈਰੀਅਰ ਦੀ ਗੱਲ ਕਰਾਂ ਤਾਂ ਮੇਰਾ ਮੰਨਣਾ ਹੈ ਕਿ ਕੰਮ ਭਾਂਵੇ ਘੱਟ ਹੋਵੇ ਪਰ ਕੁਆਲਿਟੀ ਹੋਣੀ ਚਾਹੀਦੀ ਹੈ। ਮੈਂ ਜਿਵੇਂ-ਜਿਵੇਂ ਕੰਮ ਕਰ ਰਹੀ ਹਾਂ, ਉਵੇਂ-ਉਵੇਂ ਪਤਾ ਲੱਗ ਰਿਹਾ ਹੈ ਕਿ ਕਲਾਕਾਰ ਵੱਡਾ ਨਹੀਂ ਹੁੰਦਾ, ਕਹਾਣੀ ਵੱਡੀ ਹੁੰਦੀ ਹੈ ਅਤੇ ਕਿਰਦਾਰ ਵੱਡੇ ਹੁੰਦੇ ਹਨ।

ਕੈਮਰੇ ਤੋਂ ਨਹੀਂ ਲੱਗਿਆ ਡਰ : ਓਮ ਕਨੌਜੀਆ

ਓਮ ਕਨੌਜੀਆ ਦਾ ਕਹਿਣਾ ਹੈ ਕਿ ਇਸ ਫਿਲਮ ਦਾ ਸਫਰ ਬਹੁਤ ਵਧੀਆ ਰਿਹਾ। ਫਿਲਮ ਦੀ ਸ਼ੂਟਿੰਗ ਦੌਰਾਨ ਅਸੀਂ ਖੂਬ ਮਸਤੀ ਕੀਤੀ। ਮੈਂ ਪਹਿਲਾਂ ਸ਼ਾਰਟ ਫਿਲਮਾਂ ਕਰ ਚੁੱਕਾ ਹਾਂ, ਇਸ ਲਈ ਕੈਮਰੇ ਦਾ ਸਾਹਮਣਾ ਕਰਨ 'ਚ ਜ਼ਿਆਦਾ ਪ੍ਰੇਸ਼ਾਨੀ ਨਹੀਂ ਹੋਈ। ਡਾਇਰੈਕਟਰ ਰਾਕੇਸ਼ ਓਮ ਪ੍ਰਕਾਸ਼ ਨੇ ਮੇਰੀ ਬਹੁਤ ਮਦਦ ਕੀਤੀ। ਕਦੀ ਅਜਿਹਾ ਨਹੀਂ ਹੋਇਆ ਕਿ ਮੈਨੂੰ ਕਿਸੇ ਗਲਤੀ ਲਈ ਝਿੜਕਾਂ ਪਈਆਂ ਹੋਣ ਸਗੋਂ ਅਸੀਂ ਸਾਰਿਆਂ ਨੇ ਇਕੱਠੇ ਮਿਲ ਕੇ ਖੂਬ ਮਸਤੀ ਕੀਤੀ।


Tags: Mere Pyare Prime MinisterAnjali PatilOm KanojiyaAtul KulkarniMakrand DeshpandeRakeysh Omprakash Mehra

Edited By

Sunita

Sunita is News Editor at Jagbani.