ਮੁੰਬਈ(ਬਿਊਰੋ)— ਬਾਲੀਵੁਡ ਸਿੰਗਰ ਮੀਕਾ ਸਿੰਘ ਨੇ ਬੀਤੇ ਦਿਨੀਂ ਕਰਾਂਚੀ 'ਚ ਪਰਫਾਰਮ ਕੀਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਦੀ ਇਸ ਪਰਫਾਰਮੈਂਸ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ। ਜਿੱਥੇ ਇਕ ਪਾਸੇ ਉਨ੍ਹਾਂ ਨੂੰ ਦੇਸ਼ ਭਰ ਦਾ ਸੋਸ਼ਲ ਮੀਡੀਆ 'ਤੇ ਵਿਰੋਧ ਅਤੇ ਟਰੋਲਿੰਗ ਦਾ ਸਾਹਮਣਾ ਕਰਨਾ ਪਿਆ, ਉਥੇ ਹੀ, ਹੁਣ ਇਸ ਨੂੰ ਲੈ ਕੇ ਉਨ੍ਹਾਂ ਖਿਲਾਫ ਸਖਤ ਕਦਮ ਚੁੱਕਿਆ ਗਿਆ ਹੈ। ਬੀਤੀ ਰਾਤ ਆਲ ਇੰਡੀਅਨ ਸਿਨੇ ਵਰਕਰਜ਼ ਐਸੋਸੀਏਸ਼ਨ ਨੇ ਮੀਕਾ 'ਤੇ ਇਸ ਪਰਫਾਰਮੈਂਸ ਦੇ ਚਲਦੇ ਬੈਨ ਲਗਾ ਦਿੱਤਾ। ਸਿਨੇ ਐਸੋਸੀਏਸ਼ਨ ਵੱਲੋਂ ਜ਼ਾਰੀ ਇਕ ਬਿਆਨ 'ਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕੋਈ ਵੀ ਇਸ ਬੈਨ ਖਿਲਾਫ ਜਾ ਕੇ ਮੀਕਾ ਸਿੰਘ ਨਾਲ ਕੰਮ ਕਰਦਾ ਹੈ ਤਾਂ ਉਸ 'ਤੇ ਲੀਗਲ ਐਕਸ਼ਨ ਲਿਆ ਜਾਵੇਗਾ।
ਕੀ ਹੈ ਵਿਵਾਦ?
ਮੀਕਾ ਸਿੰਘ ਨੇ ਅੱਠ ਅਗਸਤ ਦੀ ਰਾਤ ਕਰਾਂਚੀ ਦੇ ਇਕ ਸ਼ਾਹੀ ਬੰਗਲੇ 'ਚ ਪ੍ਰਦਰਸ਼ਨ ਕੀਤਾ ਸੀ। ਕਿਹਾ ਜਾ ਰਿਹਾ ਹੈ ਕਿ ਇਸ ਪਾਰਟੀ 'ਚ ਆਈ. ਐੱਸ. ਆਈ. ਦੇ ਉੱਚ ਅਧਿਕਾਰੀ ਅਤੇ ਭਾਰਤ ਦੇ ਮੋਸਟਵਾਂਟੇਡ ਦਾਊਦ ਇਬਰਾਹੀਮ ਦੇ ਪਰਿਵਾਰ ਦੇ ਮੈਂਬਰ ਸ਼ਾਮਲ ਸਨ। ਇਸ ਜਸ਼ਨ ਦਾ ਪ੍ਰਬੰਧ ਪਾਕਿਸਤਾਨ ਦੇ ਸਾਬਕਾ ਪ੍ਰਧਾਨਮੰਤਰੀ ਪਰਵੇਜ਼ ਮੁਸ਼ੱਰਫ ਦੇ ਕਰੀਬੀ ਮੰਨੇ ਜਾਣ ਵਾਲੇ ਅਦਨਾਨ ਅਸਦ ਨੇ ਕੀਤਾ ਸੀ। ਜਨਰਲ ਪਰਵੇਜ਼ ਮੁਸ਼ੱਰਫ ਦੇ ਰਿਸ਼ਤੇਦਾਰ ਅਸਦ ਨੇ ਆਪਣੀ ਧੀ ਸੇਲਿਨਾ ਦੀ ਮਹਿੰਦੀ ਰਸਮ 'ਤੇ ਮੀਕਾ ਸਿੰਘ ਨੂੰ ਬੁਲਾਇਆ ਸੀ। ਪ੍ਰੋਗਰਾਮ ਦਾ ਪ੍ਰਬੰਧ ਡਿਫੈਂਸ ਹਾਊਸ ਅਥਾਰਿਟੀ (ਡੀ. ਐੱਚ. ਏ.), ਫੇਜ-8 ਸਥਿਤ 23, ਬੀਚ ਅਵੇਨਿਆ 'ਚ ਕੀਤਾ ਗਿਆ ਸੀ, ਜੋ ਕਿ ਡੀ ਕੰਪਨੀ ਦੇ ਮੈਂਬਰ ਅਨੀਸ ਇਬਰਾਹਿਮ ਅਤੇ ਛੋਟਾ ਸ਼ਕੀਲ ਦੇ ਕਰਾਂਚੀ ਸਥਿਤ ਘਰ ਤੋਂ ਬਹੁਤ ਜ਼ਿਆਦਾ ਦੂਰ ਨਹੀਂ ਸੀ।