FacebookTwitterg+Mail

ਕਾਮੇਡੀ, ਇਮੋਸ਼ਨਜ਼ ਤੇ ਫੈਮਿਲੀ ਡਰਾਮੇ ਨਾਲ ਭਰਪੂਰ ਹੈ ‘ਮਿੰਦੋ ਤਸੀਲਦਾਰਨੀ’

mindo taseeldarni
27 June, 2019 09:27:34 AM

ਜਲੰਧਰ(ਬਿਊਰੋ)— ਪੰਜਾਬੀ ਫਿਲਮ ‘ਮਿੰਦੋ ਤਸੀਲਦਾਰਨੀ’ 28 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ’ਚ ਕਵਿਤਾ ਕੌਸ਼ਿਕ, ਕਰਮਜੀਤ ਅਨਮੋਲ, ਰਾਜਵੀਰ ਜਵੰਦਾ, ਈਸ਼ਾ ਰਿਖੀ, ਹਾਰਬੀ ਸੰਘਾ, ਸਰਦਾਰ ਸੋਹੀ, ਰੁਪਿੰਦਰ ਰੂਪੀ, ਮਲਕੀਤ ਰੌਣੀ ਤੇ ਪ੍ਰਕਾਸ਼ ਗਾਧੂ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫਿਲਮ ਨੂੰ ਲਿਖਿਆ ਤੇ ਡਾਇਰੈਕਟ ਅਵਤਾਰ ਸਿੰਘ ਨੇ ਕੀਤਾ ਹੈ ਤੇ ਇਸ ਦੇ ਪ੍ਰੋਡਿਊਸਰ ਕਰਮਜੀਤ ਅਨਮੋਲ ਤੇ ਰੰਜੀਵ ਸਿੰਗਲਾ ਹਨ। ਫਿਲਮ ਦੀ ਪ੍ਰਮੋਸ਼ਨ ਵੀ ਇਨ੍ਹੀਂ-ਦਿਨੀਂ ਜ਼ੋਰਾਂ ’ਤੇ ਜਾਰੀ ਹੈ। ਪ੍ਰਮੋਸ਼ਨ ਦੇ ਸਿਲਸਿਲੇ ’ਚ ਫਿਲਮ ਦੀ ਟੀਮ ‘ਜਗ ਬਾਣੀ’ ਦੇ ਦਫਤਰ ਪਹੁੰਚੀ, ਜਿਥੇ ਨੇਹਾ ਮਨਹਾਸ ਨੇ ਕਵਿਤਾ ਕੌਸ਼ਿਕ ਤੇ ਕਰਮਜੀਤ ਅਨਮੋਲ ਨਾਲ ਖਾਸ ਮੁਲਾਕਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼—
ਸਵਾਲ : ਫਿਲਮ ’ਚ ਕਿਸ ਤਰ੍ਹਾਂ ਦੇ ਕਿਰਦਾਰ ਦੇਖਣ ਨੂੰ ਮਿਲਣਗੇ?
ਕਰਮਜੀਤ ਅਨਮੋਲ : ਫਿਲਮ ’ਚ ਸਾਡੇ ਦੋਵਾਂ ਦੇ ਕਿਰਦਾਰਾਂ ’ਚ ਕਾਫੀ ਫਰਕ ਹੈ। ਇਕ ਪਾਸੇ ਤਸੀਲਦਾਰਨੀ ਦੇਖਣ ਨੂੰ ਮਿਲ ਰਹੀ ਹੈ ਤੇ ਦੂਜੇ ਪਾਸੇ ਮੈਂ ਛੜੇ ਬੰਦੇ ਦਾ ਕਿਰਦਾਰ ਨਿਭਾਅ ਰਿਹਾ ਹਾਂ। ਸਾਡੇ ਦੋਵਾਂ ਦਾ ਅਜਿਹਾ ਮੇਲ ਫਿਲਮ ’ਚ ਦਿਖਾਇਆ ਗਿਆ ਹੈ, ਜੋ ਸੋਚਿਆ ਵੀ ਨਹੀਂ ਜਾ ਸਕਦਾ। ਛੜਾ ਕਿਸੇ ਕਾਰਨ ਫਿਲਮ ’ਚ ਝੂਠ ਬੋਲਦਾ ਹੈ। ਫਿਰ ਪਿੰਡ ਵਾਲਿਆਂ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਤੇ ਉਹ ਇਸ ਗੱਲ ਦਾ ਮਜ਼ਾਕ ਬਣਾਉਂਦੇ ਹਨ। ਜਿਵੇਂ-ਜਿਵੇਂ ਇਹ ਸਭ ਚੱਲਦਾ ਹੈ ਤਾਂ ਕਾਮੇਡੀ ਵੀ ਹੁੰਦੀ ਹੈ, ਇਮੋਸ਼ਨਜ਼ ਵੀ ਪੈਦਾ ਹੁੰਦੇ ਹਨ ਤੇ ਫੈਮਿਲੀ ਡਰਾਮੇ ਦੇ ਨਾਲ-ਨਾਲ ਐਕਸ਼ਨ ਵੀ ਹੁੰਦਾ ਹੈ।

ਸਵਾਲ : ਆਨ ਸਕ੍ਰੀਨ ਦੇ ਨਾਲ-ਨਾਲ ਕੀ ਤੁਹਾਡੀ ਦੋਵਾਂ ਦੀ ਆਫ ਸਕ੍ਰੀਨ ਨੋਕ-ਝੋਕ ਵੀ ਹੁੰਦੀ ਹੈ?
ਕਰਮਜੀਤ : ਕਵਿਤਾ ਬਹੁਤ ਸ਼ਰਾਰਤੀ ਹੈ। ਕਵਿਤਾ ਦਾ ਇੰਨਾ ਰੋਅਬ ਹੈ ਕਿ ਉਸ ਨਾਲ ਕੋਈ ਸ਼ਰਾਰਤ ਨਹੀਂ ਕਰ ਸਕਦਾ ਪਰ ਇਹ ਬਹੁਤ ਸ਼ਰਾਰਤਾਂ ਕਰਦੀ ਹੈ। ਵਿਹਲੇ ਸਮੇਂ ’ਚ ਜਾਂ ਤਾਂ ਸਾਡਾ ਇਕੱਠਿਆਂ ਦਾ ਨਾਚ-ਗਾਣਾ ਹੁੰਦਾ ਸੀ ਨਹੀਂ ਤਾਂ ਇਹ ਦਰੱਖਤ 'ਤੇ ਚੜ੍ਹ ਕੇ ਯੋਗਾ ਕਰਦੀ ਰਹਿੰਦੀ ਸੀ।

ਸਵਾਲ : ਤੁਸੀਂ ਇੰਨਾ ਯੋਗਾ ਕਿਵੇਂ ਕਰ ਲੈਂਦੇ ਹੋ?
ਕਵਿਤਾ : ਸੱਚ ਤਾਂ ਇਹ ਹੈ ਕਿ ਮੈਂ ਆਪਣੇ ਪਿਤਾ ਦੇ ਬਹੁਤ ਨਜ਼ਦੀਕ ਸੀ, ਜੋ 3 ਸਾਲ ਪਹਿਲਾਂ ਇਸ ਦੁਨੀਆ ਨੂੰ ਅਲਵਿਦਾ ਆਖ ਗਏ। ਉਨ੍ਹਾਂ ਦੀ ਮੌਤ ਨਾਲ ਮੈਂ ਟੁੱਟ ਚੁੱਕੀ ਸੀ। ਹਰ ਚੀਜ਼ ’ਚ ਮੇਰੀ ਰੁਚੀ ਖਤਮ ਹੋ ਗਈ ਸੀ। ਕੁਝ ਵੀ ਮੈਨੂੰ ਵਧੀਆ ਨਹੀਂ ਲੱਗ ਰਿਹਾ ਸੀ। ਫਿਰ ਭਗਵਾਨ ਨੇ ਮੈਨੂੰ ਬਹੁਤ ਪਿਆਰ ਕਰਨ ਵਾਲਾ ਇਨਸਾਨ ਭੇਜਿਆ, ਜਿਸ ਨਾਲ ਮੈਂ ਵਿਆਹ ਕਰਵਾਇਆ। ਪਿਤਾ ਦੀ ਮੌਤ ਤੋਂ ਬਾਅਦ ਮੈਨੂੰ ਕੰਮ ਕਰਨਾ ਵੀ ਵਧੀਆ ਨਹੀਂ ਲੱਗਦਾ ਸੀ। ਕਿਤੇ ਨਾ ਕਿਤੇ ਇਸ ਦੁੱਖ ਕਰ ਕੇ ਆਪਣੇ ਪਤੀ ਨੂੰ ਵੀ ਮੈਂ ਇੰਨਾ ਪਿਆਰ ਨਹੀਂ ਦੇ ਪਾ ਰਹੀ ਸੀ, ਜਿੰਨਾ ਦੇਣਾ ਚਾਹੀਦਾ ਹੈ। ਉਸ ਚੀਜ਼ ’ਚੋਂ ਉੱਭਰਨ ’ਚ ਮੈਨੂੰ ਯੋਗਾ ਨੇ ਬਹੁਤ ਮਦਦ ਕੀਤੀ ਹੈ। ਸਿਰਫ ਯੋਗਾ ਹੀ ਨਹੀਂ, ਮੈਂ ਮੈਡੀਟੇਸ਼ਨ ਤੇ ਜਾਪ ਵੀ ਕਰਦੀ ਹਾਂ। ਮੈਨੂੰ ਉਸੇ ਤੋਂ ਸ਼ਕਤੀ ਮਿਲੀ ਹੈ।

ਸਵਾਲ : ਪ੍ਰੋਡਿਊਸਰ ਵਜੋਂ ਫਿਲਮ ’ਚ ਸਭ ਤੋਂ ਪਹਿਲਾਂ ਤੁਸੀਂ ਕਿਹੜੀ ਚੀਜ਼ ਦੇਖੀ?
ਕਰਮਜੀਤ : ਦੇਖੋ ਸਭ ਤੋਂ ਪਹਿਲਾਂ ਤਾਂ ਕਹਾਣੀ ਹੈ। ਕਹਾਣੀ ਜੇਕਰ ਫਿੱਟ ਬੈਠਦੀ ਹੈ ਤਾਂ ਉਸ ਤੋਂ ਬਾਅਦ ਤੁਸੀਂ ਸੋਚਦੇ ਹੋ ਕਿ ਕਿਹੜਾ ਬੰਦਾ ਕੀ ਕਿਰਦਾਰ ਕਰ ਸਕਦਾ ਹੈ। ਮੈਂ ਜਦੋਂ ਕਹਾਣੀ ਸੁਣੀ ਤਾਂ ਬਹੁਤ ਵਧੀਆ ਲੱਗੀ। ਹਾਲਾਂਕਿ ‘ਲਾਵਾਂ ਫੇਰੇ’ ਦੀ ਸਫਲਤਾ ਤੋਂ ਬਾਅਦ ਬਹੁਤ ਪ੍ਰੋਡਿਊਸਰ ਸਾਡੇ ਕੋਲ ਆਏ ਕਿ ਸਾਨੂੰ ਕੋਈ ਫਿਲਮ ਬਣਾ ਕੇ ਦੇ ਦਿਓ ਪਰ ਮੈਂ ਸਿਰਫ ਪੈਸਿਆਂ ਕਰ ਕੇ ਫਿਲਮ ਨਹੀਂ ਬਣਾਉਣਾ ਚਾਹੁੰਦਾ ਸੀ। ਮੈਂ ਜੋ ਫਿਲਮਾਂ ਬਣਾਉਣੀਆਂ ਹਨ, ਉਨ੍ਹਾਂ ਦਾ ਮੈਂ ਜਵਾਬਦੇਹ ਵੀ ਹੋਣਾ ਹੈ, ਇਸ ਲਈ ਕੁਝ ਵੱਖਰਾ ਤੇ ਨਵਾਂ ਇਸ ਪ੍ਰਾਜੈਕਟ ’ਚ ਲੱਗਾ ਤੇ ਅਸੀਂ ਫਿਲਮ ਨੂੰ ਪ੍ਰੋਡਿਊਸ ਕਰਨ ਦਾ ਫੈਸਲਾ ਲਿਆ।

ਸਵਾਲ : ਕਵਿਤਾ ਨੂੰ ਮਿੰਦੋ ਦੇ ਕਿਰਦਾਰ ਲਈ ਅਪਰੋਚ ਕਿਵੇਂ ਕੀਤਾ?
ਕਰਮਜੀਤ : ਕਵਿਤਾ ਤੇ ਮੈਂ ਪਹਿਲਾਂ ਦੋ ਫਿਲਮਾਂ ਕੀਤੀਆਂ ਹਨ। ਦੂਜੀ ਗੱਲ ਇਸ ਫਿਲਮ ’ਚ ਇਕ ਅਫਸਰ ਦੇ ਰੋਲ ਲਈ ਲੜਕੀ ਚਾਹੀਦੀ ਸੀ ਤੇ ਉਸ ਲੜਕੀ ’ਚ ਅਫਸਰ ਵਾਲਾ ਰੋਅਬ ਵੀ ਦਿਖਣਾ ਚਾਹੀਦਾ ਸੀ। ਜਿੰਨਾ ਅਫਸਰ ਸਾਨੂੰ ਕਵਿਤਾ ’ਚ ਦਿਖ ਰਿਹਾ ਸੀ, ਉਨ੍ਹਾਂ ਕਿਸੇ ਹੋਰ ਅਦਾਕਾਰਾ ’ਚ ਨਹੀਂ ਦਿਖ ਰਿਹਾ ਸੀ। ਕਵਿਤਾ ਦੀ ਲੁੱਕ ਵੀ ਇਕ ਅਫਸਰ ਵਰਗੀ ਲੱਗਦੀ ਹੈ। ਪਹਿਲਾਂ ਇਨ੍ਹਾਂ ਨੂੰ ਥਾਣੇਦਾਰਨੀ ਕਹਿੰਦੇ ਸਨ ਪਰ 28 ਜੂਨ ਤੋਂ ਬਾਅਦ ਕਵਿਤਾ ਨੂੰ ਸਾਰੇ ਤਸੀਲਦਾਰਨੀ ਕਹਿਣਗੇ।

ਸਵਾਲ : ਫਿਲਮ ਦੀ ਕਿਹੜੀ ਚੀਜ਼ ਨੇ ਤੁਹਾਨੂੰ ਫਿਲਮ ਕਰਨ ’ਤੇ ਮਜਬੂਰ ਕੀਤਾ?
ਕਵਿਤਾ : ਫਿਲਮ ਦੀ ਕਹਾਣੀ ਸੁਣ ਕੇ ਮੈਨੂੰ ਮਜ਼ਾ ਆ ਗਿਆ। ਅਵਤਾਰ ਜੀ ਨੇ ਮੈਨੂੰ ਇਹ ਕਹਾਣੀ ਉਦੋਂ ਸੁਣਾਈ ਸੀ, ਜਦੋਂ ਮੇਰੀ ਪਹਿਲੀ ਫਿਲਮ ‘ਵੇਖ ਬਰਾਤਾਂ ਚੱਲੀਆਂ’ ਰਿਲੀਜ਼ ਵੀ ਨਹੀਂ ਹੋਈ ਸੀ। ਮੈਂ ਸ਼ੂਟ ਕਰਕੇ ਆਈ ਸੀ ਤੇ ਉਨ੍ਹਾਂ ਨੂੰ ਪਤਾ ਲੱਗ ਗਿਆ ਸੀ ਕਿ ਮੈਂ ਪੰਜਾਬੀ ਫਿਲਮਾਂ ਕਰਨ ਲੱਗ ਗਈ ਹਾਂ। ਜਦੋਂ ਮੈਂ ਟੀ. ਵੀ. ਸੀਰੀਅਲ ਕਰਦੀ ਸੀ, ਉਦੋਂ ਵੀ ਪੰਜਾਬੀ ਫਿਲਮਾਂ ਆਫਰ ਹੋਈਆਂ ਸਨ ਪਰ ਰੁਝੇਵਿਆਂ ਕਰ ਕੇ ਕੁਝ ਚੰਗੀਆਂ ਫਿਲਮਾਂ ਨਹੀਂ ਕਰ ਸਕੀ। ਅਵਤਾਰ ਜੀ ਨੇ ਜਦੋਂ ਮੈਨੂੰ ਇਸ ਦੀ ਕਹਾਣੀ ਸੁਣਾਈ ਤਾਂ ਮੈਂ ਕਿਹਾ ਕਿ ਇਸ ’ਤੇ ਕੰਮ ਕਰੋ, ਮੈਂ ਜ਼ਰੂਰ ਇਹ ਫਿਲਮ ਕਰਾਂਗੀ। ਫਿਰ ਅਵਤਾਰ ਜੀ ਆਪਣੀਆਂ ਫਿਲਮਾਂ ’ਚ ਬਿਜ਼ੀ ਹੋ ਗਏ। ਮੈਂ ਵੀ ਦੋ ਪੰਜਾਬੀ ਫਿਲਮਾਂ ਕਰ ਲਈਆਂ। ਮੇਰੀਆਂ ਪਿਛਲੀਆਂ ਫਿਲਮਾਂ ਨਾਲੋਂ ਇਸ ਫਿਲਮ ਦਾ ਤਜਰਬਾ ਸਭ ਤੋਂ ਵਧੀਆ ਰਿਹਾ।

ਸਵਾਲ : ਅਵਤਾਰ ਸਿੰਘ ਦੀ ਕਿਹੜੀ ਕੁਆਲਿਟੀ ਤੁਹਾਨੂੰ ਸਭ ਤੋਂ ਵਧੀਆ ਲੱਗਦੀ ਹੈ?
ਕਰਮਜੀਤ : ਜਿਵੇਂ ਕਵਿਤਾ ਨੇ ਵੀ ਕਿਹਾ ਕਿ ਅਵਤਾਰ ਸਿੰਘ ਫਾਲਤੂ ਸੀਨ ਸ਼ੂਟ ਨਹੀਂ ਕਰਦੇ। ਜਿੰਨੇ ਸੀਨ ਉਨ੍ਹਾਂ ਨੂੰ ਚਾਹੀਦੇ ਹਨ, ਓਨੇ ਹੀ ਉਹ ਫਿਲਮਾਉਂਦੇ ਹਨ। ਉਨ੍ਹਾਂ ਦੀ ਖਾਸੀਅਤ ਇਹ ਹੈ ਕਿ ਉਹ ਤੇਜ਼ ਡਾਇਰੈਕਟਰ ਹਨ। ਜਿਥੇ 40-45 ਦਿਨਾਂ ’ਚ ਫਿਲਮਾਂ ਬਣਦੀਆਂ ਹਨ, ਉਨ੍ਹਾਂ ਨੇ ਇਹ ਫਿਲਮ 28 ਦਿਨਾਂ ’ਚ ਬਣਾ ਦਿੱਤੀ। ਉਨ੍ਹਾਂ ਨੇ 32 ਕੁ ਦਿਨ ਮੰਗੇ ਸਨ ਪਰ ਦੋ ਦਿਨ ਮੀਂਹ ਕਰ ਕੇ ਖਰਾਬ ਹੋਣ ਦੇ ਬਾਵਜੂਦ ਉਨ੍ਹਾਂ ਨੇ ਇਹ ਫਿਲਮ 28 ਦਿਨਾਂ ’ਚ ਕੰਪਲੀਟ ਕਰ ਦਿੱਤੀ।

‘ਮੇਰੇ ਕੋਲ 7-8 ਮਹੀਨੇ ਪਹਿਲਾਂ ਕਹਾਣੀ ਆ ਗਈ ਸੀ। ਇਹ ਫਿਲਮ ਲਗਭਗ ਹਰੇਕ ਪ੍ਰੋਡਕਸ਼ਨ ਹਾਊਸ ਨੇ ਸੁਣੀ ਹੋਈ ਸੀ। ਜਿਸ ਦਿਨ ਮੈਂ ਐਲਾਨ ਕੀਤਾ ਫਿਲਮ ਦਾ ਤਾਂ ਉਸੇ ਦਿਨ ਸਭ ਦੀਆਂ ਮੁਬਾਰਕਾਂ ਮਿਲ ਗਈਆਂ ਸਨ। ਉਨ੍ਹਾਂ ਸਾਰਿਆਂ ਨੇ ਇਹੀ ਕਿਹਾ ਸੀ ਕਿ ਇਹ ਬਹੁਤ ਕਮਾਲ ਦਾ ਕੰਸੈਪਟ ਹੈ। ਕੁਝ ਨੇ ਤਾਂ ਇਹ ਵੀ ਕਿਹਾ ਕਿ ਫਿਲਮ ਤੁਸੀਂ ਬਣਾ ਕੇ ਸਾਨੂੰ ਦੇ ਦਿਓ ਪਰ ਮੈਂ ਕਿਸੇ ਨੂੰ ਇਹ ਪ੍ਰਾਜੈਕਟ ਦਿੱਤਾ ਨਹੀਂ ਕਿਉਂਕਿ ਇਹ ਮੇਰਾ ਡਰੀਮ ਪ੍ਰਾਜੈਕਟ ਹੈ। ਇਸੇ ਕਰਕੇ ਇਹ ਫਿਲਮ ਆਪ ਬਣਾਈ।’

—ਕਰਮਜੀਤ ਅਨਮੋਲ

‘ਅਸੀਂ ਭਾਰਤ ’ਚ ਲੇਡੀਜ਼ ਫਰਸਟ ਤਾਂ ਕਹਿੰਦੇ ਹਾਂ ਪਰ ਇਸ ਗੱਲ ਨੂੰ ਭੁੱਲ ਵੀ ਜਾਂਦੇ ਹਾਂ। ਮਹਿਲਾਵਾਂ ਨੂੰ ਅਖੀਰ ’ਚ ਕਰ ਦਿੱਤਾ ਜਾਂਦਾ ਹੈ। ਕਈ ਜਗ੍ਹਾ ਦੇਖਿਆ ਜਾਂਦਾ ਹੈ ਕਿ ਜਿਥੇ ਮਹਿਲਾਵਾਂ ਦਾ ਨਾਂ ਹੋਣਾ ਚਾਹੀਦਾ ਹੈ ਜਾਂ ਜਿਹੜੀ ਚੀਜ਼ ਉਨ੍ਹਾਂ ਲਈ ਹੈ, ਉਹ ਉਨ੍ਹਾਂ ਨੂੰ ਮਿਲਦੀ ਨਹੀਂ। ਮੈਂ ਬਹੁਤ ਖੁਸ਼ ਹਾਂ ਕਿ ਸਾਡਾ ਇਹ ਪ੍ਰਾਜੈਕਟ ਕਾਫੀ ਵੱਖਰਾ ਹੈ, ਸਟੋਰੀ ਬੇਸਡ ਪ੍ਰਾਜੈਕਟ ਹੈ। ‘ਮਿੰਦੋ ਤਸੀਲਦਾਰਨੀ’ ਦੇ ਕਿਰਦਾਰ ਨੂੰ ਇਸ ਫਿਲਮ ’ਚ ਦਿਖਾਇਆ ਗਿਆ ਹੈ। ਨਾਲ ਹੀ 80 ਦੇ ਦਹਾਕੇ ਦਾ ਦੌਰ ਦੇਖਣ ਨੂੰ ਮਿਲੇਗਾ।’

—ਕਵਿਤਾ ਕੌਸ਼ਿਕ


Tags: Mindo TaseeldarniKaramjit Anmol Kavita KaushikAvtar SinghRanjiv SinglaInterview

About The Author

manju bala

manju bala is content editor at Punjab Kesari