FacebookTwitterg+Mail

ਮਾਡਰਨ ਪੰਜਾਬ ਦੇ ਕਦਮ ਨਾਲ ਕਦਮ ਮਿਲਾ ਕੇ ਚੱਲੇ ਪੰਜਾਬ- ਰੇਸ਼ਮ ਸਿੰਘ ਅਨਮੋਲ

modern punjab resham singh anmol
20 January, 2017 02:54:02 PM
ਮੇਰੇ ਸੁਪਨਿਆਂ ਦਾ ਪੰਜਾਬ ਇਕ ਅਜਿਹਾ ਮਾਡਰਨ ਪੰਜਾਬ ਹੈ, ਜੋ ਅੱਜ ਤੇਜ਼ੀ ਨਾਲ ਅੱਗੇ ਵੱਧ ਰਹੀ ਦੁਨੀਆਂ ਦੇ ਹਰ ਕਦਮ ਨਾਲ ਕਦਮ ਮਿਲਾ ਕੇ ਚੱਲ ਰਿਹਾ ਹੈ। ਇਕ ਅਜਿਹਾ ਪੰਜਾਬ ਜੋ ਪੰਜਾਬੀ ਵਿਰਸੇ ਨੂੰ ਸੰਭਾਲ ਰਿਹਾ ਹੈ। ਮੌਜੂਦਾ ਪੰਜਾਬ ਮੇਰੇ ਸੁਪਨਿਆਂ ਵਰਗਾ ਹੀ ਹੈ। ਇਸ ਪੰਜਾਬ ਨੇ ਕਾਫੀ ਹੱਦ ਤੱਕ ਤਰੱਕੀ ਕੀਤੀ ਹੈ। ਅਤੇ ਅੱਗੇ ਵਧ ਰਿਹਾ ਹੈ। ਪੰਜਾਬ ਹੋਰਨਾਂ ਸੂਬਿਆਂ ਨਾਲੋਂ ਬਹੁਤ ਵਧੀਆ ਹੈ। ਅੱਜ ਲੋੜ ਹੈ ਕਈ ਹੋਰ ਸੁਧਾਰਾਂ ਦੀ ਜਿਨ੍ਹਾਂ ਨਾਲ ਇਹ ਹੋਰ ਵੀ ਵਧੀਆ ਬਣ ਸਕਦਾ ਹੈ। ਪੰਜਾਬ ਵਿਚ ਟ੍ਰੈਫਿਕ ਸਮੱਸਿਆ ਦਾ ਪ੍ਰਬੰਧ ਡਾਵਾਂਡੋਲ ਹੈ। ਲੋਕਾਂ ਵਿਚ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕਤਾ ਨਹੀਂ। ਜੋ ਜਾਗਰੂਕ ਹਨ ਉਨ੍ਹਾਂ ਵਿਚੋਂ ਵਧੇਰੇ ਇਸ ਦਾ ਪਾਲਣ ਨਹੀਂ ਕਰਨਾ ਚਾਹੁੰਦੇ। ਜੀ. ਟੀ. ਰੋਡ, ਲਿੰਕ ਰੋਡ, ਸ਼ਹਿਰਾਂ ਤੇ ਪਿੰਡਾਂ ਦੀਆਂ ਸੜਕਾਂ 'ਤੇ ਲੱਗੇ ਟ੍ਰੈਫਿਕ ਸੰਬੰਧੀ ਇਸ਼ਾਰਿਆਂ ਵਾਲੇ ਬੋਰਡ ਗਾਇਬ ਹਨ। ਸੜਕ ਹਾਦਸਿਆਂ ਤੋਂ ਬਚਣ ਲਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਜ਼ਰੂਰੀ ਹੈ।
ਪੰਜਾਬ ਵਿਚ ਫੈਲਦੇ ਨਸ਼ੇ ਨੂੰ ਰੋਕਣ ਲਈ ਨੌਜਵਾਨਾਂ ਨੂੰ ਖੇਡਾਂ ਵੱਲ ਹੋਰ ਉਤਸ਼ਾਹਤ ਕਰਨਾ ਹੋਵੇਗਾ। ਪੰਜਾਬ ਨੌਜਵਾਨਾਂ ਦੇ ਜੋਸ਼ ਲਈ ਦੁਨੀਆ ਭਰ ਵਿਚ ਮੰਨਿਆ ਜਾਂਦਾ ਹੈ ਪਰ ਪੰਜਾਬ ਦੇ ਨੌਜਵਾਨਾਂ ਨਾਲੋਂ ਵੱਧ ਹੋਰ ਸੂਬਿਆਂ ਦੇ ਨੌਜਵਾਨ ਓਲੰਪਿਕ ਮੈਡਲ ਲਿਆ ਰਹੇ ਹਨ। ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਕਰਨ ਲਈ ਬਚਪਨ ਤੋਂ ਹੀ ਸਕੂਲਾਂ ਵਿਚ ਸਿਹਤ ਸਿੱਖਿਆ ਤੇ ਉਨ੍ਹਾਂ ਦੀ ਖੁਰਾਕ ਵੱਲ ਦੇਣ ਦੀ ਲੋੜ ਹੈ। ਅੱਜ ਨੌਜਵਾਨਾਂ ਦੀ ਹਾਲਤ ਬਜ਼ੁਰਗਾਂ ਵਰਗੀ ਹੋ ਰਹੀ ਹੈ। ਨੌਜਵਾਨਾਂ ਨੂੰ ਤਾਂ ਹੀ ਬਚਾਇਆ ਜਾ ਸਕਦਾ ਹੈ ਜੇਕਰ ਉਨ੍ਹਾਂ ਨੂੰ ਖੇਡਾਂ ਵਾਲੇ ਪਾਸੇ ਉਤਸ਼ਾਹਿਤ ਕੀਤਾ ਜਾਵੇ। ਪੰਜਾਬ ਵਿਚ ਵੱਖਰਾ ਇਕ ਕਲਚਰ ਵਿੰਗ ਵੀ ਹੋਣਾ ਚਾਹੀਦਾ ਹੈ ਜਿਸ ਦੇ ਕੋਲ ਕਲਾਕਾਰਾਂ, ਲੇਖਕਾਂ ਤੇ ਕਵੀਆਂ ਲਈ ਵੱਖਰਾ ਫੰਡ ਹੋਣਾ ਚਾਹੀਦਾ ਹੈ ਤਾਂ ਕਿ ਕਿਸੇ ਵੀ ਗਰੀਬ ਕਲਾਕਾਰ, ਲੇਖਕ ਤੇ ਕਵੀ ਨੂੰ ਬੁਢਾਪੇ ਵਿਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਤਬਦੀਲੀ ਕੁਦਰਤ ਦਾ ਨਿਯਮ ਹੈ। ਪੁਰਾਤਨ ਪੰਜਾਬ ਨਾਲੋਂ ਅੱਜ ਦਾ ਪੰਜਾਬ ਕਾਫੀ ਤਰੱਕੀ ਕਰ ਗਿਆ ਹੈ ਪਰ ਅੱਜ ਲੋੜ ਹੈ ਆਪਣੇ ਬਜ਼ੁਰਗਾਂ ਦਾ ਮਾਣ-ਸਨਮਾਨ ਉਵੇਂ ਹੀ ਕਾਇਮ ਰੱਖਣ ਦਾ। ਅੱਜ ਪੰਜਾਬੀ ਦੁਨੀਆ ਦੇ ਕੋਨੇ-ਕੋਨੇ 'ਚ ਵਸੇ ਹਨ। ਉਨ੍ਹਾਂ ਨੇ ਦੁਨੀਆ ਵਿਚ ਵੱਖਰੀ ਪਛਾਣ ਬਣਾ ਲਈ ਹੈ। ਇਹ ਸਭ ਕੁਝ ਪੰਜਾਬ ਦੇ ਅਮੀਰ ਵਿਰਸੇ ਕਾਰਨ ਹੀ ਹੋ ਸਕਿਆ ਹੈ। ਅੱਜ ਦੁਨੀਆ ਭਰ ਦੇ ਲੋਕ ਪੰਜਾਬੀ ਸਭਿਆਚਾਰ ਨੂੰ ਅਪਣਾਉਣ ਲੱਗੇ ਹਨ। ਪੰਜਾਬ ਵਿਚ ਫੈਲਦੀ ਬੇਰੁਜ਼ਗਾਰੀ ਦਾ ਮੁੱਖ ਕਾਰਨ ਵਧਦੀ ਆਬਾਦੀ ਵੀ ਹੈ। ਮੈਂ ਨੌਜਵਾਨਾਂ ਨੂੰ ਅਪੀਲ ਕਰਨੀ ਚਾਹਾਂਗਾ ਕਿ ਉਹ ਰੁਜ਼ਗਾਰ ਲਈ ਸਮੇਂ ਦੀਆਂ ਸਰਕਾਰਾਂ 'ਤੇ ਨਿਰਭਰ ਨਾ ਰਹਿਣ, ਖੁਦ ਸਵੈ-ਰੁਜ਼ਗਾਰ ਨੂੰ ਅਪਣਾਉਣ। ਰੁਜ਼ਗਾਰ ਸੰਬੰਧੀ ਸਿੱਖਿਆ ਵੱਲ ਧਿਆਨ ਦੇਣ। ਮੈਂ ਵੋਟਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਮਾਨਦਾਰੀ ਨਾਲ ਵੋਟ ਪਾਉਣ।

ਗੱਡੀਆਂ 'ਚ ਬਹਿ ਕੇ, ਕਦੇ ਸਾਈਕਲ 'ਤੇ ਜਾਂਦਿਆਂ ਦਾ ਸੱਜਣਾ ਮਜ਼ਾਕ ਨਹੀਂ ਉਡਾਈਦਾ।
ਦੇਣ ਵਾਲਾ ਇਕ ਪਲ ਵਿਚ ਖੋਹ ਵੀ ਸਕਦਾ ਹੈ, ਮਾੜੇ ਟਾਈਮ ਨੂੰ ਨਹੀਂ ਭੁੱਲ ਜਾਈਦਾ।
ਮਨ ਰੱਖੋ ਨੀਵਾਂ ਤੇ ਮਤ ਰੱਖੋ ਉੱਚੀ, ਸਾਨੂੰ ਨਿੱਤ ਗੁਰਬਾਣੀ ਇਹ ਸਿਖਾਉਂਦੀ ਰਹਿੰਦੀ ਏ।
ਬਣੋ ਇਨਸਾਨ ਨਾ ਭੁੱਲੋ ਅਹਿਸਾਨ, ਇਸ ਦੌਲਤ ਦਾ ਕੀ ਹੈ, ਇਹ ਤਾਂ ਆਉਂਦੀ-ਜਾਂਦੀ ਰਹਿੰਦੀ ਏ।
ਪੈਸੇ ਜੋੜਨਾ ਕੋਈ ਮਾੜਾ ਕੰਮ ਨਹੀਂ, ਪਰ ਦਸਵੰਦ ਭੁੱਲ ਜਾਇਓ ਨਾ।
ਮੈਂ ਨਹੀਂ ਕਹਿੰਦਾ ਲੰਡਨ ਨਾ ਦੇਖਿਓ ਪਰ ਸਰਹੰਦ ਭੁੱਲ ਜਾਇਓ ਨਾ।
ਤਾਰਿਆ ਸੀ ਬਾਬੇ ਨਾਨਕ ਨੇ ਕਿਵੇਂ, ਮੈਨੂੰ ਮੇਰੀ ਦਾਦੀ ਸਾਖੀਆਂ ਸੁਣਾਉਂਦੀ ਰਹਿੰਦੀ ਏ।
ਬਣੋ ਇਨਸਾਨ ਨਾ ਭੁੱਲੋ ਅਹਿਸਾਨ, ਇਸ ਦੌਲਤ ਦਾ ਕੀ ਏ ਇਹ ਤਾਂ ਆਉਂਦੀ-ਜਾਂਦੀ ਰਹਿੰਦੀ ਏ।
-ਗਾਇਕ ਰੇਸ਼ਮ ਸਿੰਘ ਅਨਮੋਲ

Tags: ਮਾਡਰਨ ਪੰਜਾਬਗਾਇਕ ਰੇਸ਼ਮ ਸਿੰਘ ਅਨਮੋਲModern Punjab singer Resham Singh Anmol heritageਵਿਰਸੇ

About The Author

Anuradha Sharma

Anuradha Sharma is News Editor at Jagbani.