ਜਲੰਧਰ (ਬਿਊਰੋ) : ਭਾਰਤੀ ਅਮਰੀਕੀ ਮਾਡਲ, ਅਦਾਕਾਰਾ ਅਤੇ ਮਿਸ ਇੰਡੀਆ ਵਰਲਡਵਾਈਡ 2014 ਦੀ ਜੇਤੂ ਰਹੀ ਮੋਨਿਕਾ ਗਿੱਲ ਇਕ ਵਾਰ ਮੁੜ ਸੁਰਖੀਆਂ 'ਚ ਆ ਗਈ ਹੈ। ਦਰਅਸਲ ਹਾਲ ਹੀ 'ਚ ਮੋਨਿਕਾ ਗਿੱਲ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਗਿੱਧਾ ਪਾਉਂਦੀ ਨਜ਼ਰ ਆ ਰਹੀ ਹੈ। ਸ਼ੇਅਰ ਕੀਤੀ ਵੀਡੀਓ 'ਚ ਜਿਸ ਤਰ੍ਹਾਂ ਦੀ ਸ਼ਬਦਾਵਲੀ ਦਾ ਇਸਤੇਮਾਲ ਮੋਨਿਕਾ ਗਿੱਲ ਨੇ ਕੀਤਾ ਹੈ ਉਸ ਤੋਂ ਇਹ ਲੱਗ ਰਿਹਾ ਹੈ ਕਿ ਉਹ ਆਪਣੀ ਸੱਸ ਨਾਲ ਹੈ।
ਇਸ ਵੀਡੀਓ 'ਚ ਮੋਨਿਕਾ ਗਿੱਲ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਤੋਂ ਇਲਾਵਾ ਮੋਨਿਕਾ ਗਿੱਲ ਨੇ ਇਕ ਕੇਕ ਕੱਟਦਿਆਂ ਦੀ ਵੀ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੇ ਮੰਗੇਤਰ ਨਾਲ ਨਜ਼ਰ ਆ ਰਹੀ ਹੈ। ਮੋਨਿਕਾ ਗਿੱਲ ਨੇ ਇਸੇ ਸਾਲ ਮਈ ਮਹੀਨੇ 'ਚ ਗੁਰਸ਼ਾਨ ਸਹੋਤਾ ਨਾਲ ਕੁੜਮਾਈ ਕਰਵਾਈ ਸੀ।
ਦੱਸਣਯੋਗ ਹੈ ਕਿ ਉੱਚੀ ਲੰਮੀ ਅਤੇ ਸੋਹਣੀ ਸੁਨੱਖੀ ਮੋਨਿਕਾ ਗਿੱਲ ਵਿਦੇਸ਼ ਦੀ ਜੰਮਪਲ ਹੈ। ਸਾਲ 2015 'ਚ ਮੋਨਿਕਾ ਨੇ ਐਮ. ਟੀ. ਵੀ. ਇੰਡੀਆ. ਦੇ ਪ੍ਰੋਗਰਾਮ 'ਇੰਡੀਆਜ਼ ਨੈਕਸਟ ਟਾਪ ਮਾਡਲ' 'ਚ ਹਿੱਸਾ ਲਿਆ। ਮੋਨਿਕਾ ਗਿੱਲ ਨੇ ਸਾਲ 2016 'ਚ ਰਿਲੀਜ਼ ਹੋਈ ਪੰਜਾਬੀ ਫਿਲਮ 'ਅੰਬਰਸਰੀਆ' ਨਾਲ ਫਿਲਮੀ ਕਰੀਅਰ ਦੀ ਸ਼ੁਰੁਆਤ ਕੀਤੀ।
ਇਸ ਫਿਲਮ 'ਚ ਉਨ੍ਹਾਂ ਨਾਲ ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਦਿਲਜੀਤ ਦੋਸਾਂਝ ਨੇ ਮੁੱਖ ਭੂਮਿਕਾ ਨਿਭਾਈ ਸੀ। ਇਸ ਤੋਂ ਇਲਾਵਾ ਮੋਨਿਕਾ ਗਿੱਲ 'ਕਪਤਾਨ', 'ਸਤਿ ਸ੍ਰੀ ਅਕਾਲ ਇੰਗਲੈਂਡ' ਅਤੇ 'ਸਰਦਾਰ ਜੀ 2' ਵਰਗੀਆਂ ਸੁਪਰਹਿੱਟ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ।
ਇਸੇ ਸਾਲ ਉਨ੍ਹਾਂ ਦੀ ਫਿਲਮ 'ਯਾਰਾ ਵੇ' ਰਿਲੀਜ਼ ਹੋਈ, ਜਿਸ 'ਚ ਉਨ੍ਹਾਂ ਨਾਲ ਗਗਨ ਕੋਕਰੀ ਮੁੱਖ ਭੂਮਿਕਾ 'ਚ ਸਨ। ਇਸ ਫਿਲਮ 'ਚ ਉਨ੍ਹਾਂ ਨੇ 'ਨਸੀਬੋ' ਦਾ ਕਿਰਦਾਰ ਨਿਭਾਇਆ ਸੀ, ਜਿਸ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਗਿਆ। ਇਸ ਫਿਲਮ 'ਚ ਮੋਨਿਕਾ ਤੇ ਗਗਨ ਕੋਕਰੀ ਦੀ ਕਾਫੀ ਸ਼ਾਨਦਾਰ ਕੈਮਿਸਟਰੀ ਦਰਸ਼ਕਾਂ ਨੂੰ ਦੇਖਣ ਨੂੰ ਮਿਲੀ।
2017 'ਚ ਰਿਲੀਜ਼ ਹੋਈ ਫਿਲਮ 'ਫਿਰੰਗੀ' ਨਾਲ ਮੋਨਿਕਾ ਗਿੱਲ ਨੇ ਬਾਲੀਵੁੱਡ ਪਾਰੀ ਦੀ ਸ਼ੁਰੂਆਤ ਕੀਤੀ। ਇਸ ਫਿਲਮ 'ਚ ਉਨ੍ਹਾਂ ਨਾਲ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਮੁੱਖ ਭੂਮਿਕਾ 'ਚ ਸਨ। 2018 'ਚ ਮੋਨਿਕਾ ਗਿੱਲ ਦੀ ਫਿਲਮ 'ਪਲਟਨ' ਰਿਲੀਜ਼ ਹੋਈ, ਜਿਸ 'ਚ ਉਨ੍ਹਾਂ ਨੇ ਹਰਜੋਤ ਕੌਰ ਦਾ ਕਿਰਦਾਰ ਨਿਭਾਇਆ ਸੀ।