ਮੁੰਬਈ- ਟੀਮ ਇੰਡੀਆ ਦੇ ਸਭ ਤੋਂ ਸਫਲ ਕਪਤਾਨ ਅਤੇ ਵਿਕੇਟਕੀਪਰ ਬੱਲੇਬਾਜ਼ ਦੇ ਜੀਵਨ ਦੀ ਅਣਸੁਣੀ ਕਹਾਣੀ ਠੀਕ 2 ਦਿਨ ਬਾਅਦ ਵੱਡੇ ਪਰਦੇ 'ਤੇ ਉਤਰ ਜਾਵੇਗੀ ਜਿਸ ਦਾ ਨਾਂ ਹੈ 'ਐੱਮ.ਐੱਸ.ਧੋਨੀ: ਦਿ ਅਨਟੋਲਡ ਸਟੋਰੀ'। ਕਪਤਾਨ ਧੋਨੀ ਨੂੰ ਲੈ ਕੇ ਬਣੀ ਇਸ ਫਿਲਮ 'ਚ ਧੋਨੀ ਦਾ ਕਿਰਦਾਰ ਸੁਸ਼ਾਂਤ ਸਿੰਘ ਰਾਜਪੂਤ ਨਿਭਾਉਣ ਜਾ ਰਹੇ ਹਨ ਜਿਸ ਨੂੰ ਲੈ ਕੇ ਖੁਦ ਕਪਤਾਨ ਧੋਨੀ ਨੇ ਇਕ ਵੱਡਾ ਖੁਲਾਸਾ ਕੀਤਾ ਹੈ। ਖਬਰਾਂ ਮੁਤਾਬਕ ਕਪਤਾਨ ਧੋਨੀ ਨੇ ਖੁਦ ਫਿਲਮ ਦੇ ਡਾਇਰੈਕਟਰ ਨੀਰਜ ਪਾਂਡੇ ਤੋਂ ਆਪਣ ਕਿਰਦਾਰ ਨੂੰ ਨਿਭਾਉਣ ਲਈ ਸੁਸ਼ਾਂਤ ਸਿੰਘ ਰਾਜਪੂਤ ਦਾ ਨਾਂ ਅੱਗੇ ਰੱਖਿਆ ਸੀ।
ਫਿਲਮ ਦੇ ਟਰੈਲਰ ਨੂੰ ਦੇਖਣ ਦੇ ਬਾਅਦ ਸਾਰਿਆਂ ਨੇ ਇਸ ਦੀ ਤਾਰੀਫ ਕੀਤੀ ਹੈ ਅਤੇ ਸੁਸ਼ਾਂਤ ਨੂੰ ਦੇਖ ਕੇ ਸਾਰਿਆਂ ਨੇ ਉਸ 'ਚ ਧੋਨੀ ਦੀ ਝਲਕ ਵੀ ਪਾਈ ਹੈ। ਕਪਤਾਨ ਧੋਨੀ ਨੇ ਫਿਲਮ 'ਕਾਈ ਪੋ ਚੋ' ਦੇਖਣ ਦੇ ਬਾਅਦ ਇਹ ਫੈਸਲਾ ਕੀਤਾ ਲਿਆ ਸੀ ਕਿ ਜੇਕਰ ਉਨ੍ਹਾਂ 'ਤੇ ਫਿਲਮ ਬਣੇਗੀ ਤਾਂ ਉਸ 'ਚ ਉਨ੍ਹਾਂ ਦੇ ਕਿਰਦਾਰ ਨਾਲ ਸੁਸ਼ਾਂਤ ਸਿੰਘ ਹੀ ਪੂਰਾ ਇਨਸਾਫ ਕਰਣਗੇ। ਫਿਲਮ ਲਈ ਜਦੋਂ ਅਦਾਕਾਰ ਨੂੰ ਸ਼ਾਰਟਲਿਸਟ ਕੀਤਾ ਜਾ ਰਿਹਾ ਸੀ ਤਾਂ ਖੁਦ ਧੋਨੀ ਨੇ ਸੁਸ਼ਾਂਤ ਦੇ ਨਾਂ ਦਾ ਸੁਝਾਅ ਦਿੱਤਾ ਸੀ।