ਜਲੰਧਰ (ਬਿਊਰੋ) : ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉੱਘੇ ਗਾਇਕ-ਅਦਾਕਾਰ ਤੇ ਸਿਆਸਤਦਾਨ ਮੁਹੰਮਦ ਸਦੀਕ ਇਕ ਵਾਰ ਮੁੜ ਸੁਰਖੀਆਂ 'ਚ ਆ ਗਏ ਹਨ ਪਰ ਇਸ ਵਾਰ ਸੁਰਖੀਆਂ ਦਾ ਕਾਰਨ ਗੀਤ ਜਾਂ ਕੋਈ ਅਖਾੜਾ ਨਹੀਂ ਸਗੋਂ ਉਨ੍ਹਾਂ ਦੀ ਖਰਾਬ ਸਿਹਤ ਹੈ। ਦਰਅਸਲ ਅੱਜ ਸਵੇਰ ਤੋਂ ਹੀ ਸੋਸ਼ਲ ਮੀਡੀਆ 'ਤੇ ਮੁਹੰਮਦ ਸਦੀਕ ਦੀ ਖਰਾਬ ਸਿਹਤ ਦੀ ਖਬਰ ਵਾਇਰਲ ਹੋ ਰਹੀ ਸੀ, ਜਿਸ ਕਾਰਨ ਲੋਕਾਂ 'ਚ ਹਫੜਾ-ਦਫੜੀ ਮਚ ਗਈ। ਕੁਝ ਮੀਡੀਆ ਸੂਤਰਾਂ ਮੁਤਾਬਕ, ਜਦੋਂ ਇਸ ਖਬਰ ਦੀ ਪੜਤਾਲ ਕੀਤੀ ਗਈ ਤਾਂ ਪਤਾ ਲੱਗਾ ਕਿ ਮੁਹੰਮਦ ਸਦੀਕ ਦੀ ਸਿਹਤ ਦੀ ਖਬਰ ਸਿਰਫ ਇਕ ਅਫਵਾਹ ਹੀ ਹੈ। ਇਸ ਤੋਂ ਬਾਅਦ ਮੁਹੰਮਦ ਸਦੀਕ ਨੇ ਇਕ ਵੈੱਬ ਨੂੰ ਦਿੱਤੇ ਇੰਟਰਵਿਊ ਦੌਰਾਨ ਕਿਹਾ, ''ਮੈਨੂੰ ਪਤਾ ਨਹੀਂ ਕਿਉਂ ਅਜਿਹੀਆਂ ਖਬਰਾਂ ਛਾਪੀਆਂ ਜਾ ਰਹੀਆਂ ਹਨ। ਮੈਨੂੰ ਸਵੇਰੇ ਹੀ ਇਕ ਫੋਨ ਆਇਆ, ਜਦੋਂ ਮੈਂ ਚੁੱਕਿਆ ਤਾਂ ਉਨ੍ਹਾਂ ਨੇ ਮੈਨੂੰ ਕਿਹਾ, ਮੈਂ ਸਵਰਗਵਾਸੀ ਮੁਹੰਮਦ ਸਦੀਕ ਨਾਲ ਗੱਲ ਕਰ ਰਿਹਾ ਹਾਂ।'' ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ, ''ਮੈਨੂੰ ਬਹੁਤ ਖੁਸ਼ੀ ਹੋਈ ਕਿ ਪੰਜਾਬੀ ਲੋਕਾਂ ਦੇ ਦਿਲ 'ਚ ਮੇਰੇ ਲਈ ਇੰਨੀ ਹਮਦਰਦੀ ਹੈ। ਜਿਊਂਦੇ ਜੀ ਇਹ ਹਮਦਰਦੀ ਨੂੰ ਦੇਖ ਲੈਣਾ ਬਹੁਤ ਤਸੱਲੀ ਦਿੰਦਾ ਹੈ। ਮੈਂ ਖਬਰਾਂ ਛਾਪਣ ਵਾਲੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਕਦੇ ਵੀ ਕਿਸੇ ਦੀ ਮੌਤ ਦੀ ਖਬਰ ਛਾਪਣ ਤੋਂ ਪਹਿਲਾਂ ਇਕ ਵਾਰ ਜ਼ਰੂਰ ਪੜਤਾਲ ਕਰ ਲਿਆ ਕਰੋ ਤਾਂ ਕਿ ਉਨ੍ਹਾਂ ਦੇ ਫੈਨਜ਼ ਤੇ ਕਰੀਬੀ ਲੋਕਾਂ ਦੇ ਦਿਲਾਂ ਨੂੰ ਠੇਸ ਪਹੁੰਚੇ।''
ਦੱਸ ਦੇਈਏ ਕਿ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਆਪਣੇ ਦੋਗਾਣਿਆਂ ਕਰਕੇ ਜਾਣੇ ਜਾਂਦੇ ਹਨ। ਮੁਹੰਮਦ ਸਦੀਕ ਨੇ ਪੰਜਾਬ ਵਿਧਾਨ ਸਭਾ 2012 ਦੀ ਚੋਣ ਹਲਕਾ ਭਦੌੜ ਤੋਂ ਲੜ ਕੇ ਸਿਆਸਤਦਾਨ ਵਜੋਂ ਵੀ ਆਪਣੀ ਪਛਾਣ ਬਣਾਈ ਹੈ। ਮੁਹੰਮਦ ਸਦੀਕ ਨੂੰ ਦੋਗਾਣਿਆਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ ਪਰ ਉਨ੍ਹਾਂ ਨੇ ਬਹੁਤ ਸਾਰੇ ਸੋਲੋ ਗੀਤ ਵੀ ਰਿਕਾਰਡ ਕਰਵਾਏ ਹਨ।