FacebookTwitterg+Mail

ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਨੂੰ ਪਸੰਦ ਆਏਗੀ 'ਮੁਕਲਾਵਾ'

muklawa interview ammy virk and sonam bajwa
23 May, 2019 01:20:05 PM

ਪੰਜਾਬੀ ਫਿਲਮ 'ਮੁਕਲਾਵਾ' 24 ਮਈ ਨੂੰ ਦੁਨੀਆ ਭਰ 'ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਐਮੀ ਵਿਰਕ, ਸੋਨਮ ਬਾਜਵਾ, ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਸਰਬਜੀਤ ਚੀਮਾ, ਦ੍ਰਿਸ਼ਟੀ ਗਰੇਵਾਲ ਤੇ ਨਿਰਮਲ ਰਿਸ਼ੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਨੂੰ ਸਿਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ ਤੇ ਇਸ ਦੀ ਕਹਾਣੀ ਤੇ ਸਕ੍ਰੀਨਪਲੇਅ ਉਪਿੰਦਰ ਵੜੈਚ ਤੇ ਜਗਜੀਤ ਸੈਣੀ ਨੇ ਲਿਖਿਆ ਹੈ। ਵਾਈਟ ਹਿੱਲ ਸਟੂਡੀਓਜ਼ ਦੇ ਬੈਨਰ ਹੇਠ ਫਿਲਮ ਨੂੰ ਬਣਾਇਆ ਗਿਆ ਹੈ, ਜਿਸ ਨੂੰ ਗੁਨਬੀਰ ਸਿੰਘ ਸਿੱਧੂ ਤੇ ਮਨਮੌੜ ਸਿੱਧੂ ਨੇ ਪ੍ਰੋਡਿਊਸ ਕੀਤਾ ਹੈ। ਫਿਲਮ ਦੀ ਪ੍ਰਮੋਸ਼ਨ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਫਿਲਮ ਦੀ ਪ੍ਰਮੋਸ਼ਨ ਦੇ ਸਿਲਸਿਲੇ 'ਚ 'ਮੁਕਲਾਵਾ' ਦੇ ਮੁੱਖ ਕਲਾਕਾਰ ਐਮੀ ਤੇ ਸੋਨਮ ਜਗ ਬਾਣੀ ਦੇ ਵਿਹੜੇ ਪੁੱਜੇ। ਇਸ ਦੌਰਾਨ ਸਾਡੀ ਐਂਕਰ ਨੇਹਾ ਮਨਹਾਸ ਨੇ ਐਮੀ ਤੇ ਸੋਨਮ ਨਾਲ ਫਿਲਮ ਸਬੰਧੀ ਖਾਸ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼—

ਕੀ 'ਮੁਕਲਾਵਾ' ਸ਼ਬਦ ਪਹਿਲਾਂ ਤੁਸੀਂ ਸੁਣਿਆ ਸੀ?

ਐਮੀ ਵਿਰਕ : ਮੈਂ ਗੀਤਾਂ 'ਚ ਬਹੁਤ ਵਾਰ 'ਮੁਕਲਾਵਾ' ਸ਼ਬਦ ਸੁਣਿਆ ਤੇ ਮੈਂ 'ਮੁਕਲਾਵਾ' ਦੇਖਿਆ ਵੀ ਹੋਇਆ ਹੈ। ਹਾਂ ਪੁਰਾਣੇ ਸਮੇਂ ਵਾਂਗ ਸਾਲਾਂ ਬਾਅਦ ਵਾਲੇ ਮੁਕਲਾਵੇ ਮੈਂ ਨਹੀਂ ਦੇਖੇ ਪਰ 4-5 ਦਿਨਾਂ ਵਾਲੇ ਮੁਕਲਾਵੇ ਜ਼ਰੂਰ ਦੇਖੇ ਹੋਏ ਹਨ।
ਸੋਨਮ ਬਾਜਵਾ : ਮੈਨੂੰ ਪਹਿਲਾਂ ਮੁਕਲਾਵੇ ਬਾਰੇ ਨਹੀਂ ਪਤਾ ਸੀ ਪਰ ਜਦੋਂ ਮੈਂ ਸਕ੍ਰਿਪਟ ਸੁਣੀ ਤਾਂ ਉਸ ਤੋਂ ਬਾਅਦ ਪਤਾ ਲੱਗਾ ਕਿ 'ਮੁਕਲਾਵਾ' ਕਿਸ ਨੂੰ ਕਹਿੰਦੇ ਹਨ।

ਫਿਲਮ ਨੂੰ ਹਾਂ ਕਰਨ ਦੀ ਕੀ ਵਜ੍ਹਾ ਸੀ?

ਐਮੀ ਵਿਰਕ : ਫਿਲਮ ਦੀ ਸਾਰੀ ਕਾਸਟ ਇੰਨੀ ਵਧੀਆ ਸੀ ਕਿ ਅਸੀਂ ਮਨ੍ਹਾ ਕਰ ਹੀ ਨਹੀਂ ਸਕਦੇ ਸੀ। ਮੇਰੀ ਰੀਝ ਵੀ ਸੀ ਕਿਉਂਕਿ ਮੇਰੀਆਂ ਪਿਛਲੀਆਂ ਕੁਝ ਫਿਲਮਾਂ ਮਲਟੀ ਸਟਾਰਕਾਸਟ ਨਹੀਂ ਸਨ। ਮੈਂ ਗੁਰਪ੍ਰੀਤ ਘੁੱਗੀ ਜੀ ਤੇ ਕਰਮਜੀਤ ਅਨਮੋਲ ਨਾਲ ਕੰਮ ਕਰਨਾ ਚਾਹੁੰਦਾ ਸੀ ਤੇ ਮੇਰੀ ਇਹ ਰੀਝ ਇਸ ਫਿਲਮ ਦੌਰਾਨ ਪੂਰੀ ਹੋਈ। ਖਾਸ ਗੱਲ ਇਹ ਸੀ ਕਿ ਫਿਲਮ ਦੇ ਡਾਇਰੈਕਟਰ ਸਿਮਰਜੀਤ ਸਿੰਘ ਹਨ, ਜਿਨ੍ਹਾਂ ਨਾਲ ਤੁਸੀਂ ਬਿਨਾਂ ਸੋਚੇ-ਸਮਝੇ ਵੀ ਫਿਲਮ ਨੂੰ ਹਾਂ ਕਰ ਸਕਦੇ ਹੋ ਕਿਉਂਕ ਉਹ ਇਕ ਬਾਕਮਾਲ ਡਾਇਰੈਕਟਰ ਹਨ।

ਸੋਨਮ ਬਾਜਵਾ : ਮੇਰੇ ਕੋਲ ਅਜਿਹੀ ਕੋਈ ਵਜ੍ਹਾ ਨਹੀਂ ਸੀ ਕਿ ਮੈਂ ਫਿਲਮ ਨੂੰ ਮਨ੍ਹਾ ਕਰਾ ਕਿਉਂਕਿ ਇਕ ਵਧੀਆ ਟੀਮ ਨਾਲ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ। ਐਮੀ ਨਾਲ ਇਹ ਮੇਰੀ ਤੀਜੀ ਫਿਲਮ ਹੈ ਤੇ ਡਾਇਰੈਕਟਰ ਸਿਮਰਜੀਤ ਸਿੰਘ ਨਾਲ ਵੀ ਤੀਜੀ ਫਿਲਮ ਹੈ। ਵਾਈਟ ਹਿੱਲ ਸਟੂਡੀਓਜ਼ ਨਾਲ ਮੈਂ 5 ਫਿਲਮਾਂ ਕਰ ਚੁੱਕੀ ਹਾਂ। ਫਿਲਮ ਦੀ ਕਹਾਣੀ ਬਹੁਤ ਖੂਬਸੂਰਤ ਹੈ। ਪੀਰੀਅਡ ਫਿਲਮਾਂ ਬਹੁਤ ਆਉਂਦੀਆਂ ਪਰ ਇਸ 'ਚ ਇਕ ਕਿਊਟ ਲਵ ਸਟੋਰੀ ਦੇਖਣ ਨੂੰ ਮਿਲੇਗੀ।

ਮਲਟੀ ਸਟਾਰਰ ਫਿਲਮ 'ਚ ਕੰਮ ਕਰਨ ਵੇਲੇ ਕੋਈ ਟੈਂਸ਼ਨ ਦਿਮਾਗ 'ਚ ਰਹਿੰਦੀ ਹੈ?

ਸੋਨਮ ਬਾਜਵਾ : ਫਿਲਮ ਸਿਰਫ ਸਾਡੇ ਮੋਢਿਆਂ 'ਤੇ ਨਹੀਂ ਹੈ। ਪ੍ਰੋਡਕਸ਼ਨ ਹਾਊਸ ਇੰਨੀਆਂ ਵਧੀਆ ਫਿਲਮਾਂ ਦੇ ਚੁੱਕਾ ਹੈ ਤੇ ਉਨ੍ਹਾਂ ਨੂੰ ਪਤਾ ਹੈ ਕਿ ਦਰਸ਼ਕਾਂ ਤਕ ਫਿਲਮ ਕਿਵੇਂ ਪਹੁੰਚਾਉਣੀ ਹੈ। ਡਾਇਰੈਕਟਰ ਸਾਡੇ ਕਾਫੀ ਤਜਰਬੇ ਵਾਲੇ ਹਨ। ਉਨ੍ਹਾਂ ਨੂੰ ਸੱਭਿਆਚਾਰ ਤੇ ਵਿਰਸੇ ਦੀ ਬਹੁਤ ਜਾਣਕਾਰੀ ਹੈ ਤੇ ਅਜਿਹੀਆਂ ਫਿਲਮਾਂ ਡਾਇਰੈਕਟਰ ਕਰਨਾ ਉਨ੍ਹਾਂ ਲਈ ਕਾਫੀ ਸੌਖਾ ਕੰਮ ਹੈ। ਉਨ੍ਹਾਂ ਤੋਂ ਬਿਹਤਰ ਇਹ ਚੀਜ਼ਾਂ ਕੋਈ ਹੋਰ ਡਾਇਰੈਕਟਰ ਪੰਜਾਬ 'ਚ ਨਹੀਂ ਕਰ ਸਕਦਾ। ਸੋ ਟੈਂਸ਼ਨ ਲੈਣ ਵਾਲੀ ਕੋਈ ਗੱਲ ਹੀ ਨਹੀਂ ਸੀ।

ਲੋਕਾਂ 'ਚ ਕਿੰਨਾ ਉਤਸ਼ਾਹ ਫਿਲਮ ਪ੍ਰਤੀ ਦੇਖਣ ਨੂੰ ਮਿਲ ਰਿਹਾ ਹੈ?

ਐਮੀ ਵਿਰਕ : ਮੇਰੇ ਚਾਹੁਣ ਵਾਲੇ ਤਾਂ ਬਹੁਤ ਉਤਸ਼ਾਹਿਤ ਹਨ ਤੇ ਮੇਰੇ ਨਾਲ ਹਰ ਉਹ ਆਰਟਿਸਟ ਜੋ ਫਿਲਮ 'ਚ ਹੈ, ਉਨ੍ਹਾਂ ਨੂੰ ਚਾਹੁਣ ਵਾਲੇ ਵੀ ਫਿਲਮ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਮੈਂ ਆਪਣੀ ਗੱਲ ਕਰਾ ਤਾਂ ਮੇਰੀ ਮਾਤਾ ਜੀ ਚਾਹੁੰਦੇ ਸਨ ਕਿ ਮੈਂ ਕਰਮਜੀਤ ਅਨਮੋਲ ਨਾਲ ਕੰਮ ਕਰਾ। ਮੇਰੇ ਮਾਤਾ-ਪਿਤਾ ਦਰਸ਼ਕ ਹਨ ਤੇ ਸ਼ਾਇਦ ਉਨ੍ਹਾਂ ਵਾਂਗ ਹੋਰ ਲੋਕ ਵੀ ਇਹੀ ਚਾਹੁੰਦੇ ਸਨ ਕਿ ਮੈਂ ਪਰਿਵਾਰਕ ਫਿਲਮਾਂ ਕਰਾ। ਕੋਈ ਰਿਸਕ ਵੀ ਨਹੀਂ ਸੀ, ਜਿਵੇਂ ਤੁਸੀਂ ਤਿੱਕੜੀ ਦੀ ਗੱਲ ਕੀਤੀ ਹੈ, ਉਮੀਦ ਕਰਦੇ ਹਾਂ ਕਿ ਅਗਲੇ ਸਾਲ ਨਿੱਕਾ ਜ਼ੈਲਦਾਰ 4' 'ਚ ਵੀ ਮੈਂ, ਸੋਨਮ ਤੇ ਸਿਮਰਜੀਤ ਸਿੰਘ ਇਕੱਠੇ ਕੰਮ ਕਰੀਏ।

ਪਰਿਵਾਰ 'ਚੋਂ ਤੁਹਾਡਾ ਕ੍ਰਿਟਿਕ ਕੌਣ ਹੈ?

ਐਮੀ ਵਿਰਕ : ਸਿਰਫ ਮਾਤਾ-ਪਿਤਾ ਹੀ ਨਹੀਂ, ਸਗੋਂ ਸਾਰਾ ਪਿੰਡ ਮੇਰਾ ਕ੍ਰਿਟਿਕ ਹੈ। ਜੇ ਇਕ ਥਿਏਟਰ 'ਚ 150-200 ਸੀਟਾਂ ਹੁੰਦੀਆਂ ਹਨ ਤਾਂ ਉਨ੍ਹਾਂ 'ਚੋਂ 100 ਸੀਟਾਂ ਮੇਰੇ ਪਿੰਡ ਵਾਲਿਆਂ ਨੇ ਬੁੱਕ ਕਰਵਾਈਆਂ ਹੁੰਦੀਆਂ ਹਨ। ਸਾਰੇ ਸਵੇਰ ਦਾ ਸ਼ੋਅ ਦੇਖਣ ਜਾਂਦੇ ਹਨ ਤੇ ਦੁਪਹਿਰ ਤਕ ਮੈਨੂੰ ਪਤਾ ਲੱਗ ਜਾਂਦਾ ਹੈ ਕਿ ਉਨ੍ਹਾਂ ਨੂੰ ਫਿਲਮ ਕਿਵੇਂ ਦੀ ਲੱਗੀ ਹੈ। ਇਸ ਤੋਂ ਇਲਾਵਾ 'ਗੁੱਡੀਆਂ ਪਟੌਲੇ' ਮੇਰੇ ਪਿਤਾ ਦੀ ਫੇਵਰੇਟ ਫਿਲਮ ਹੈ ਤੇ ਮੇਰੀ ਮਾਤਾ ਜੀ ਨੂੰ 'ਬੰਬੂਕਾਟ' ਫਿਲਮ ਬਹੁਤ ਵਧੀਆ ਲੱਗਦੀ ਹੈ। ਹਰ ਫਿਲਮ ਲਈ ਮੈਨੂੰ ਦੋਵਾਂ ਵਲੋਂ ਫੀਡਬੈਕ ਮਿਲਦੀ ਰਹਿੰਦੀ ਹੈ।

ਪੁਰਾਣੇ ਸਮੇਂ ਦੇ ਵਿਆਹ ਵਧੀਆ ਹੁੰਦੇ ਸਨ ਜਾਂ ਅੱਜ ਦੇ ਸਮੇਂ ਦੇ?

ਐਮੀ ਵਿਰਕ : ਮੈਨੂੰ ਲੱਗਦਾ ਹੈ ਕਿ ਪਹਿਲਾਂ ਜ਼ਿਆਦਾ ਰੌਲਾ ਨਹੀਂ ਹੁੰਦਾ ਸੀ। ਲੋਕ ਉਦੋਂ ਵੱਧ ਸਿਆਣੇ ਹੁੰਦੇ ਸਨ। ਮੈਨੂੰ ਲੱਗਦਾ ਹੈ ਕਿ ਪਹਿਲਾਂ ਵਾਲੇ ਵਿਆਹ ਵਧੀਆ ਹੁੰਦੇ ਸਨ। ਬਦਲ ਪਰਿਵਾਰ ਵਾਲਿਆਂ ਕੋਲ ਉਦੋਂ ਵੀ ਹੁੰਦੇ ਸਨ ਤੇ ਰਿਸ਼ਤਾ ਦੇਖ ਕੇ ਹੀ ਘਰਵਾਲੇ ਵਿਆਹ ਕਰਦੇ ਸਨ ਤੇ ਲੋਕ ਸੁਖੀ ਵੀ ਵੱਧ ਪਹਿਲਾਂ ਹੀ ਹੁੰਦੇ ਸਨ।

ਤੁਹਾਨੂੰ ਲੱਗਦਾ ਹੈ ਕਿ ਲੋਕ ਪੀਰੀਅਡ ਫਿਲਮਾਂ ਜ਼ਿਆਦਾ ਪਸੰਦ ਕਰਦੇ ਹਨ?

ਐਮੀ ਵਿਰਕ : ਨਹੀਂ ਅਜਿਹਾ ਬਿਲਕੁਲ ਨਹੀਂ ਹੈ। ਸਾਰੀ ਖੇਡ ਸਿਰਫ ਕੰਟੈਂਟ ਦੀ ਹੈ। ਜੇਕਰ ਅਸੀਂ ਕਿਸੇ ਸਬਜੈਕਟ 'ਤੇ ਫਿਲਮ ਬਣਾਉਣ ਦੀ ਸੋਚਦੇ ਹਾਂ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਸ ਸਬਜੈਕਟ ਨੂੰ ਲੈ ਕੇ ਅਸੀਂ ਕਹਾਣੀ ਕਿਵੇਂ ਬੁਣਨੀ ਹੈ। ਪੀਰੀਅਡ ਜਾਂ ਅੱਜ ਦੇ ਸਮੇਂ ਦੀਆਂ ਫਿਲਮਾਂ ਦੀ ਗੱਲ ਨਹੀਂ ਹੈ ਕਿਉਂਕਿ ਫਿਲਮ ਜਗਤ 'ਚ ਚੰਗੇ ਕੰਟੈਂਟ ਵਾਲੀ ਹਰ ਫਿਲਮ ਸੁਪਰਹਿੱਟ ਹੁੰਦੀ ਹੈ। 'ਮੁਕਲਾਵਾ' ਬੇਸ਼ੱਕ ਪੀਰੀਅਡ ਫਿਲਮ ਹੈ ਪਰ ਇਹ ਨੌਜਵਾਨਾਂ ਨਾਲ ਜੁੜੀ ਹੋਈ ਫਿਲਮ ਹੈ, ਜਿਸ ਨੂੰ ਬੱਚਿਆਂ ਤੋਂ ਲੈ ਕੇ ਬਜ਼ੁਰਗ ਬੇਹੱਦ ਪਸੰਦ ਕਰਨਗੇ। 

ਦਰਸ਼ਕਾਂ ਨੂੰ 'ਮੁਕਲਾਵਾ' ਕਿਉਂ ਦੇਖਣੀ ਚਾਹੀਦੀ ਹੈ?

ਐਮੀ ਵਿਰਕ : ਅਕਸਰ ਫਿਲਮਾਂ ਨੌਜਵਾਨਾਂ ਜ਼ਿਆਦਾ ਦੇਖਣ ਜਾਂਦੇ ਹਨ ਪਰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ 'ਮੁਕਲਾਵਾ' ਫਿਲਮ ਤੁਸੀਂ ਆਪਣੇ ਪਰਿਵਾਰਾਂ ਨਾਲ ਦੇਖੋ ਤੇ ਘਰ ਦੇ ਬਜ਼ੁਰਗਾਂ ਨੂੰ ਫਿਲਮ ਜ਼ਰੂਰ ਦਿਖਾਇਓ। ਇਸ ਫਿਲਮ ਨੂੰ ਕਿਤੇ ਨਾ ਕਿਤੇ ਸਾਡੇ ਬਜ਼ੁਰਗ ਜ਼ਰੂਰ ਪਸੰਦ ਕਰਨਗੇ ਕਿਉਂਕਿ ਜੋ ਚੀਜ਼ਾਂ ਫਿਲਮ 'ਚ ਦਿਖਾਈਆਂ ਗਈਆਂ ਹਨ, ਉਹ ਉਨ੍ਹਾਂ ਦੇ ਸਮੇਂ ਦੀਆਂ ਹਨ।


Tags: MuklawaAmmy VirkSonam BajwaSimerjit SinghWhite Hill StudiosKaramjit AnmolGurpreet Ghuggi BN Sharmaਮੁਕਲਾਵਾਐਮੀ ਵਿਰਕਸੋਨਮ ਬਾਜਵਾ

Edited By

Sunita

Sunita is News Editor at Jagbani.