FacebookTwitterg+Mail

'ਨਾਢੂ ਖਾਂ' 'ਚ ਉਹ ਸਭ ਦੇਖਣ ਨੂੰ ਮਿਲੇਗਾ, ਜੋ ਪਹਿਲੀਆਂ ਪੀਰੀਅਡ ਫਿਲਮਾਂ 'ਚ ਨਹੀਂ ਦਿਸਿਆ

nadhoo khan
25 April, 2019 02:16:30 PM

ਜਲੰਧਰ(ਬਿਊਰੋ)- ਪੰਜਾਬੀ ਫਿਲਮ 'ਨਾਢੂ ਖਾਂ' 26 ਅਪ੍ਰੈਲ ਨੂੰ ਦੁਨੀਆ ਭਰ 'ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੀ ਕਹਾਣੀ ਸੁਖਜਿੰਦਰ ਸਿੰਘ ਬੱਬਲ ਨੇ ਲਿਖੀ ਹੈ ਤੇ ਇਸ ਨੂੰ ਡਾਇਰੈਕਟ ਇਮਰਾਨ ਸ਼ੇਖ ਨੇ ਕੀਤਾ ਹੈ। ਫਿਲਮ 'ਚ ਹਰੀਸ਼ ਵਰਮਾ, ਵਾਮਿਕਾ ਗੱਬੀ, ਬੀ. ਐੱਨ. ਸ਼ਰਮਾ, ਬਨਿੰਦਰਜੀਤ ਸਿੰਘ ਬੰਨੀ, ਹੋਬੀ ਧਾਲੀਵਾਲ, ਮਲਕੀਤ ਰੌਣੀ, ਰੁਪਿੰਦਰ ਰੂਪੀ, ਗੁਰਪ੍ਰੀਤ ਭੰਗੂ, ਹਰਿੰਦਰ ਭੁੱਲਰ, ਗੁਰਚੇਤ ਚਿੱਤਰਕਾਰ ਤੇ ਸਿਮਰਨ ਢੀਂਡਸਾ ਸਮੇਤ ਕਈ ਸਿਤਾਰੇ ਅਹਿਮ ਕਿਰਦਾਰਾਂ 'ਚ ਨਜ਼ਰ ਆਉਣ ਵਾਲੇ ਹਨ। ਫਿਲਮ ਨੂੰ ਹਰਪ੍ਰੀਤ ਸਿੰਘ ਦੇਵਗਨ, ਅਚਿੰਤ ਗੋਇਲ ਤੇ ਰਾਕੇਸ਼ ਦਹੀਆ ਨੇ ਪ੍ਰੋਡਿਊਸ ਕੀਤਾ ਹੈ। ਹਾਲ ਹੀ 'ਚ 'ਨਾਢੂ ਖਾਂ' ਦੀ ਟੀਮ ਫਿਲਮ ਦੀ ਪ੍ਰਮੋਸ਼ਨ ਦੇ ਸਿਲਸਿਲੇ 'ਚ ਜਗ ਬਾਣੀ ਦੇ ਦਫਤਰ ਪੁੱਜੀ। ਇਸ ਦੌਰਾਨ ਐਂਕਰ ਨੇਹਾ ਮਨਹਾਸ ਨੇ ਫਿਲਮ ਦੀ ਸਟਾਰਕਾਸਟ ਨਾਲ ਖਾਸ ਮੁਲਾਕਾਤ ਕੀਤੀ। ਪੇਸ਼ ਹਨ ਮੁਲਾਕਾਤ ਦੇ ਮੁੱਖ ਅੰਸ਼—

ਹਰੀਸ਼ ਵਰਮਾ
ਸਵਾਲ : 'ਨਾਢੂ ਖਾਂ' ਦੇ ਕੰਸੈਪਟ ਬਾਰੇ ਦੱਸੋ?
ਜਵਾਬ :
'ਨਾਢੂ ਖਾਂ' ਇਕ ਪੀਰੀਅਡ ਫਿਲਮ ਹੈ, ਜੋ ਸਿਰਫ ਨਾਂ ਦੀ ਪੀਰੀਅਡ ਫਿਲਮ ਨਹੀਂ ਬਣਾਈ ਗਈ, ਸਗੋਂ ਇਸ ਨੂੰ ਬਣਾਉਣ ਪਿੱਛੇ ਇਕ ਮਕਸਦ ਤੇ ਸੋਚ ਹੈ। ਫਿਲਮ ਪਾਜ਼ੇਟੀਵਿਟੀ ਦੀ ਗੱਲ ਕਰਦੀ ਹੈ, ਖੇਡਾਂ ਦੀ ਗੱਲ ਕਰਦੀ ਹੈ। ਉਨ੍ਹਾਂ ਰਿਸ਼ਤਿਆਂ ਦੀ ਗੱਲ ਕਰ ਰਹੀ ਹੈ, ਜੋ ਉਸ ਵੇਲੇ ਹੁੰਦੇ ਸਨ ਤੇ ਉਸ ਮਾਹੌਲ ਦੀ ਗੱਲ ਕਰਦੀ ਹੈ।

ਸਵਾਲ : ਫਿਲਮ ਲਈ ਕਿਸ ਚੀਜ਼ ਨੇ ਜ਼ਿਆਦਾ ਆਕਰਸ਼ਿਤ ਕੀਤਾ?
ਜਵਾਬ :
ਮੈਨੂੰ ਜਦੋਂ ਸੁਖਜਿੰਦਰ ਸਿੰਘ ਬੱਬਲ ਤੇ ਇਮਰਾਨ ਸ਼ੇਖ ਨੇ ਫਿਲਮ ਦੀ ਸਕ੍ਰਿਪਟ ਸੁਣਾਈ ਤਾਂ ਇਕ ਚੀਜ਼ ਨੇ ਮੇਰਾ ਧਿਆਨ ਖਿੱਚਿਆ ਤੇ ਉਹ ਚੀਜ਼ ਸੀ ਫਿਲਮ ਦਾ ਕੰਸੈਪਟ ਤੇ ਸਟੋਰੀ ਲਾਈਨ। ਫਿਲਮ ਸ਼ੁਰੂ ਤੋਂ ਲੈ ਕੇ ਅਖੀਰ ਤਕ ਬਹੁਤ ਖੂਬਸੂਰਤੀ ਨਾਲ ਬੁਣੀ ਹੋਈ ਹੈ। ਜਦੋਂ ਸੁਖਜਿੰਦਰ ਤੇ ਇਮਰਾਨ ਨੇ ਮੈਨੂੰ ਸਕ੍ਰਿਪਟ ਸੁਣਾਈ ਤਾਂ ਪੂਰੀ ਫਿਲਮ ਮੇਰੇ ਦਿਮਾਗ ਦੇ ਅੰਦਰ ਚੱਲ ਰਹੀ ਸੀ। ਇਹ ਮੇਰੀ ਪਹਿਲੀ ਪੀਰੀਅਡ ਫਿਲਮ ਹੈ ਤੇ ਇਸ ਨੂੰ ਕਰਕੇ ਮੈਂ ਬੇਹੱਦ ਉਤਸ਼ਾਹਿਤ ਹਾਂ।

ਸਵਾਲ : ਬਾਕੀ ਪੀਰੀਅਡ ਫਿਲਮਾਂ ਤੋਂ 'ਨਾਢੂ ਖਾਂ' ਕਿਵੇਂ ਅਲੱਗ ਹੈ?
ਜਵਾਬ :
ਤੁਸੀਂ ਫਿਲਮ ਦੇ ਟ੍ਰੇਲਰ ਤੇ ਗੀਤਾਂ 'ਚ ਇਕ ਚੀਜ਼ ਜ਼ਰੂਰ ਨੋਟਿਸ ਕੀਤੀ ਹੋਣੀ ਹੈ ਕਿ ਇਹ ਫਿਲਮ ਕਾਫੀ ਕਲਰਫੁਲ ਹੈ। ਫਿਲਮ 'ਚ ਕੁਝ ਵੀ ਡੱਲ ਮੂਮੈਂਟ ਨਜ਼ਰ ਨਹੀਂ ਆ ਰਿਹਾ। ਕਲਰਫੁਲ ਹੋਣ ਦੇ ਨਾਲ ਕਿਰਦਾਰਾਂ, ਪਹਿਰਾਵਿਆਂ ਤੇ ਉਸ ਮਾਹੌਲ 'ਚ ਇਕ ਜ਼ਿੰਦਾਦਿਲੀ ਨਜ਼ਰ ਆ ਰਹੀ ਹੈ।

ਸਵਾਲ : ਵਾਮਿਕਾ ਨਾਲ ਕੰਮ ਕਰਨ ਦਾ ਤਜਰਬਾ ਕਿਸ ਤਰ੍ਹਾਂ ਦਾ ਰਿਹਾ?
ਜਵਾਬ :
ਵਾਮਿਕਾ ਬਹੁਤ ਐਨਰਜੈਟਿਕ ਕੁੜੀ ਹੈ। ਜਿੰਨੀ ਉਹ ਦਿਖਣ 'ਚ ਖੂਬਸੂਰਤ ਹੈ, ਉਨੀ ਖੂਬਸੂਰਤ ਉਹ ਇਨਸਾਨ ਵੀ ਹੈ ਤੇ ਕਲਾਕਾਰ ਵੀ ਉਨੀ ਕਮਾਲ ਦੀ ਹੈ। ਉਸ ਨਾਲ ਕੰਮ ਕਰਕੇ ਮੈਂ ਵੀ ਆਪਣਾ ਕਿਰਦਾਰ ਬਾਖੂਬੀ ਨਿਭਾਅ ਪਾਇਆ ਹਾਂ।

ਬਨਿੰਦਰ ਬੰਨੀ
ਸਵਾਲ : 'ਨਾਢੂ ਖਾਂ' ਲਈ ਤੁਹਾਨੂੰ ਕਿਸ ਚੀਜ਼ ਨੇ ਪ੍ਰੇਰਿਤ ਕੀਤਾ?
ਜਵਾਬ :
ਮੈਨੂੰ ਸਭ ਤੋਂ ਵੱਧ ਸਕ੍ਰਿਪਟ ਨੇ ਹੀ ਪ੍ਰੇਰਿਤ ਕੀਤਾ ਕਿਉਂਕਿ ਫਿਲਮ ਦੀ ਸਕ੍ਰਿਪਟ ਬੇਹੱਦ ਮਜ਼ਬੂਤ ਹੈ। ਫਿਲਮ ਦੇ ਜਿੰਨੇ ਵੀ ਕਿਰਦਾਰ ਬੁਣੇ ਗਏ ਹਨ, ਉਹ ਸਾਰੇ ਪਰਦੇ 'ਤੇ ਬੇਹੱਦ ਮਜ਼ਬੂਤ ਨਜ਼ਰ ਆਉਣਗੇ। ਹਰੇਕ ਕਿਰਦਾਰ ਦੀ ਆਪਣੀ ਵੱਖਰੀ ਪਛਾਣ ਹੈ ਤੇ ਆਪਣਾ ਵੱਖਰਾ ਵਜੂਦ ਹੈ।

ਸਵਾਲ : ਸ਼ੂਟਿੰਗ ਦੌਰਾਨ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਸੀ?
ਜਵਾਬ :
ਜਿਸ ਜਗ੍ਹਾ 'ਤੇ ਅਸੀਂ ਸ਼ੂਟਿੰਗ ਕੀਤੀ, ਉਥੇ ਫੋਨ ਨਹੀਂ ਚੱਲਦੇ ਸਨ। ਇਹੀ ਕਾਰਨ ਸੀ ਕਿ 40 ਦਿਨਾਂ ਦੀ ਸ਼ੂਟਿੰਗ ਅਸੀਂ ਸਿਰਫ 26 ਦਿਨਾਂ ਅੰਦਰ ਪੂਰੀ ਕਰ ਦਿੱਤੀ। ਜਦੋਂ ਅਸੀਂ ਸ਼ੂਟਿੰਗ ਕਰ ਰਹੇ ਸੀ ਤਾਂ ਇੰਝ ਲੱਗਦਾ ਸੀ ਕਿ ਅਸਲ 'ਚ ਇੰਝ ਹੀ ਪੁਰਾਣੇ ਸਮੇਂ 'ਚ ਲੋਕ ਰਹਿੰਦੇ ਹੋਣਗੇ।

ਸਵਾਲ : ਫਿਲਮ 'ਚ ਤੁਸੀਂ ਕਿਹੜਾ ਕਿਰਦਾਰ ਨਿਭਾਇਆ ਹੈ?
ਜਵਾਬ :
ਮੈਂ ਹੀਰੋ ਯਾਨੀ ਕਿ ਹਰੀਸ਼ ਵਰਮਾ ਦੇ ਦੋਸਤ ਦਾ ਕਿਰਦਾਰ ਨਿਭਾਇਆ ਹੈ। ਉਹ ਦੋਸਤ ਜੋ ਹੀਰੋ ਦੇ ਨਾਲ ਸ਼ੁਰੂ ਤੋਂ ਲੈ ਕੇ ਅਖੀਰ ਤਕ ਨਾਲ ਖੜ੍ਹਾ ਹੈ। ਇਕ ਚੁਲਬੁਲਾ ਜਿਹਾ ਕਿਰਦਾਰ ਹੈ, ਜਿਸ ਦੇ ਬੋਲਣ ਦਾ ਅੰਦਾਜ਼ ਦਰਸ਼ਕਾਂ ਦੇ ਚਿਹਰੇ 'ਤੇ ਮੁਸਕਾਨ ਲਿਆ ਦੇਵੇਗਾ। ਨਾਲ ਹੀ ਮੇਰੀ ਇਕ ਪ੍ਰੇਮ ਕਹਾਣੀ ਵੀ ਫਿਲਮ 'ਚ ਦੇਖਣ ਨੂੰ ਮਿਲੇਗੀ।

ਸੁਖਜਿੰਦਰ ਸਿੰਘ ਬੱਬਲ
ਸਵਾਲ : ਪੀਰੀਅਡ ਫਿਲਮ ਬਣਾਉਣ ਦਾ ਆਇਡੀਆ ਕਿਵੇਂ ਆਇਆ?
ਜਵਾਬ :
ਪੀਰੀਅਡ ਫਿਲਮਾਂ ਪਹਿਲਾਂ ਵੀ ਬਣੀਆਂ ਹਨ ਤੇ ਅੱਗੇ ਵੀ ਬਣਨਗੀਆਂ ਪਰ ਅਸੀਂ 'ਨਾਢੂ ਖਾਂ' 'ਚ ਉਹ ਚੀਜ਼ਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਜੋ ਪਹਿਲੀਆਂ ਪੀਰੀਅਡ ਫਿਲਮਾਂ 'ਚ ਦੇਖਣ ਨੂੰ ਨਹੀਂ ਮਿਲੀਆਂ। ਕਹਾਣੀਆਂ ਤਾਂ ਇਕੋ-ਜਿਹੀਆਂ ਹੁੰਦੀਆਂ ਹਨ, ਸਿਰਫ ਉਨ੍ਹਾਂ ਨੂੰ ਪਰਦੇ 'ਤੇ ਦਿਖਾਉਣ ਦਾ ਨਜ਼ਰੀਆ ਬਦਲਿਆ ਜਾਂਦਾ ਹੈ। ਫਿਲਮ ਨੂੰ ਲਿਖਣ ਲਈ ਕਾਫੀ ਰਿਸਰਚ ਵੀ ਕੀਤੀ। ਬਜ਼ੁਰਗਾਂ ਕੋਲ ਜਾ ਕੇ ਬੈਠੇ, ਉਨ੍ਹਾਂ ਦੀਆਂ ਗੱਲਾਂ ਤੋਂ ਇਹ ਜਾਣਿਆ ਕਿ ਪੁਰਾਣਾ ਮਾਹੌਲ ਕਿਵੇਂ ਦਾ ਹੁੰਦਾ ਸੀ।

ਸਵਾਲ : ਜਦੋਂ ਫਿਲਮ ਦੀ ਕਹਾਣੀ ਲਿਖੀ ਤਾਂ ਕਿਸੇ ਖਾਸ ਐਕਟਰ ਨੂੰ ਵੀ ਧਿਆਨ 'ਚ ਰੱਖਿਆ ਗਿਆ?
ਜਵਾਬ :
ਕੁਝ ਕਿਰਦਾਰ ਜਦੋਂ ਮੈਂ ਕਹਾਣੀ ਲਿਖ ਰਿਹਾ ਸੀ ਤਾਂ ਉਦੋਂ ਦਿਮਾਗ 'ਚ ਰੱਖੇ ਸਨ, ਜਿਵੇਂ ਹਰੀਸ਼ ਵਰਮਾ ਤੇ ਬੀ. ਐੱਨ. ਸ਼ਰਮਾ ਦਾ ਕਿਰਦਾਰ। ਮੈਂ ਇਹੀ ਸੋਚਿਆ ਸੀ ਕਿ ਇਨ੍ਹਾਂ ਕਿਰਦਾਰਾਂ ਨੂੰ ਇਹੀ ਕਲਾਕਾਰ ਨਿਭਾਉਣ। ਖੁਸ਼ਕਿਸਮਤੀ ਰਹੀ ਕਿ ਉਸ ਤਰ੍ਹਾਂ ਦੇ ਕਲਾਕਾਰ ਸਾਨੂੰ ਮਿਲੇ, ਜਿਨ੍ਹਾਂ 'ਤੇ ਲਿਖੇ ਰੋਲ ਜਚੇ ਵੀ ਹਨ ਤੇ ਉਨ੍ਹਾਂ ਨੂੰ ਨਿਭਾਇਆ ਵੀ ਖੂਬਸੂਰਤੀ ਨਾਲ ਗਿਆ ਹੈ।

ਇਮਰਾਨ ਸ਼ੇਖ
ਸਵਾਲ : ਕੀ ਇਹ ਗੱਲ ਸੱਚ ਹੈ ਕਿ ਫਿਲਮ ਦੀ ਸਕ੍ਰਿਪਟ ਤੁਹਾਨੂੰ ਜ਼ੁਬਾਨੀ ਯਾਦ ਸੀ?
ਜਵਾਬ :
ਜੀ ਹਾਂ ਕਿਉਂਕਿ ਫਿਲਮ ਪਿੱਛੇ 2 ਸਾਲ ਦੀ ਮਿਹਨਤ ਲੱਗੀ ਹੈ। 2 ਸਾਲ ਪ੍ਰੋਡਿਊਸਰਾਂ ਨੂੰ ਕਹਾਣੀ ਸੁਣਾਉਂਦੇ-ਸੁਣਾਉਂਦੇ ਸਾਨੂੰ ਖੁਦ ਨੂੰ ਫਿਲਮ ਦੀ ਸਕ੍ਰਿਪਟ ਯਾਦ ਹੋ ਗਈ ਸੀ। ਸਕ੍ਰਿਪਟ ਉਨ੍ਹਾਂ ਨੂੰ ਪਸੰਦ ਵੀ ਆਉਂਦੀ ਸੀ ਤੇ ਕਹਾਣੀ ਸੁਣ ਕੇ ਪ੍ਰਭਾਵਿਤ ਵੀ ਹੁੰਦੇ ਸਨ ਪਰ ਨਵੇਂ ਹੋਣ ਕਰਕੇ ਪੈਸੇ ਲਾਉਣ ਤੋਂ ਡਰਦੇ ਸਨ। ਫਿਰ ਅਖੀਰ ਹਰਪ੍ਰੀਤ ਸਿੰਘ ਦੇਵਗਨ, ਅਚਿੰਤ ਗੋਇਲ ਤੇ ਰਾਕੇਸ਼ ਦਹੀਆ ਕੋਲ ਗਏ, ਜਿਨ੍ਹਾਂ ਸਾਡੇ 'ਤੇ ਯਕੀਨ ਕੀਤਾ ਤੇ ਇੰਨੀ ਖੂਬਸੂਰਤ ਫਿਲਮ ਤਿਆਰ ਹੋਈ ਹੈ।

ਸਵਾਲ : ਕੀ ਫਿਲਮ ਨੂੰ ਸ਼ੂਟ ਕਰਦੇ ਸਮੇਂ ਮੁਸ਼ਕਲਾਂ ਵੀ ਆਈਆਂ?
ਜਵਾਬ :
ਮੁਸ਼ਕਲ ਤਾਂ ਕੋਈ ਨਹੀਂ ਆਈ ਪਰ ਮਜ਼ਾ ਬਹੁਤ ਆਇਆ। ਇਕ ਬੋਝ ਜ਼ਰੂਰ ਲੱਗਦਾ ਸੀ ਕਿਉਂਕਿ ਸਟਾਰ ਕਾਸਟ ਇੰਨੀ ਵੱਡੀ ਸੀ, ਜਿਸ ਨਾਲ ਜ਼ਿੰਮੇਵਾਰੀ ਵੀ ਵੱਡੀ ਹੋ ਗਈ ਸੀ। ਸਾਨੂੰ ਫਿਲਮ ਯਾਦ ਸੀ। ਡਿਜ਼ਾਈਨ ਹੁੰਦਾ ਸੀ ਤੇ ਆਰਟਿਸਟ ਆ ਕੇ ਸੀਨ ਦਿੰਦਾ ਸੀ, ਜੋ ਸਾਡੇ ਲਈ ਇਕ ਪਲੱਸ ਪੁਆਇੰਟ ਸੀ।


Tags: Nadhoo KhanWamiqa Gabbi Imran SheikhPunjabi Star Interviewਸਟਾਰ ਇੰਟਰਵਿਊ

Edited By

Manju

Manju is News Editor at Jagbani.