ਮੁੰਬਈ (ਬਿਊਰੋ)— ਵਿਪੁਲ ਅਮ੍ਰਤਲਾਲ ਸ਼ਾਹ ਦੀ 'ਨਮਸਤੇ ਇੰਗਲੈਂਡ' ਤੋਂ ਹੁਣ ਤੱਕ ਰਿਲੀਜ਼ ਹੋਏ ਗੀਤਾਂ ਅਤੇ ਟਰੇਲਰ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹੁਣ ਫਿਲਮ ਦਾ ਤੀਜਾ ਗੀਤ 'ਧੂਮ ਧੜਾਕਾ' ਕੱਲ੍ਹ ਰਿਲੀਜ਼ ਹੋਣ ਜਾ ਰਿਹਾ ਹੈ। ਪੰਜਾਬੀ ਵਿਆਹ 'ਤੇ ਅਧਾਰਤ 'ਧੂਮ ਧੜਾਕਾ' 'ਚ ਪੰਜਾਬੀ ਰੰਗ ਦੀ ਭਰਮਾਰ ਹੋਵੇਗੀ ਜਿਸ 'ਚ ਪਰਿਣੀਤੀ ਚੋਪੜਾ ਅਤੇ ਅਰਜੁਨ ਕਪੂਰ ਸਮੇਤ ਸਭ ਮਹਿਮਾਨ ਪੰਜਾਬੀ ਡਾਂਸ ਨਾਲ ਝੂਮਦੇ ਨਜ਼ਰ ਆਉਣਗੇ। ਗਣੇਸ਼ ਅਚਾਰਿਆ ਵਲੋਂ ਕੋਰਿਓਗ੍ਰਾਫ ਕੀਤੇ ਇਸ ਗੀਤ ਨੂੰ ਵੱਡੇ ਪੇਮਾਨੇ 'ਤੇ ਫਿਲਮਾਇਆ ਗਿਆ ਹੈ ਜਿਸ 'ਚ 200 ਡਾਂਸਰ ਧੂਮ ਧੜਾਕਾ ਮਚਾਉਂਦੇ ਨਜ਼ਰ ਆਉਣਗੇ।
ਵਿਪੁਲ ਅਮ੍ਰਤਸ਼ਾਹ ਆਪਣੀਆਂ ਪਿਛਲੀਆਂ ਫਿਲਮਾਂ 'ਚ ਪੰਜਾਬੀ ਰੰਗ ਬਿਖੇਰ ਚੁੱਕੇ ਹਨ ਅਤੇ ਹੁਣ ਉਨ੍ਹਾਂ ਇਕ ਵਾਰ ਫਿਰ ਰੀਤ 'ਨਮਸਤੇ ਇੰਗਲੈਂਡ' 'ਚ ਜਾਰੀ ਰੱਖੀ ਹੈ, ਜਿਸ ਦਾ ਇਕ ਨਮੂਨਾ ਸਾਨੂੰ ਫਿਲਮ ਦੇ ਨਵੇਂ ਗੀਤ 'ਚ ਦੇਖਣ ਨੂੰ ਮਿਲੇਗਾ। ਵਿਪੁਲ ਸ਼ਾਹ ਨਿਰਦੇਸ਼ਿਤ 'ਨਮਸਤੇ ਲੰਡਨ' ਨੂੰ ਨਾ ਸਿਰਫ ਪ੍ਰਸ਼ੰਸਕਾਂ ਵਲੋਂ ਸਰਾਹਿਆ ਗਿਆ, ਬਲਕਿ ਬਾਕਸ ਆਫਿਸ 'ਤੇ ਇਹ ਹਿੱਟ ਸਾਬਤ ਹੋਈ ਸੀ। ਅਕਸ਼ੈ-ਕੈਟਰੀਨਾ ਅਭਿਨੈ ਸੁਪਰਹਿੱਟ ਫਿਲਮ ਦੀ ਸਫਲਤਾ ਤੋਂ ਬਾਅਦ ਵਿਪੁਲ ਹੁਣ ਅਰਜੁਨ ਤੇ ਪਰਿਣੀਤੀ ਨਾਲ ਫਿਲਮ ਦੀ ਅਗਲੀ ਸੀਰੀਜ਼ 'ਨਮਸਤੇ ਇੰਗਲੈਂਡ' ਨੂੰ ਪੇਸ਼ ਕਰਨ ਲਈ ਤਿਆਰ ਹਨ।
ਦੱਸਣਯੋਗ ਹੈ ਕਿ ਫਿਲਮ 'ਨਮਸਤੇ ਇੰਗਲੈਂਡ' 'ਚ ਜਸਮੀਤ ਅਤੇ ਪਰਮ ਨਾਂ ਦੇ ਕਿਰਦਾਰਾਂ ਦੀ ਜੀਵਨ ਯਾਤਰਾ ਨੂੰ ਦਿਖਾਇਆ ਗਿਆ ਹੈ। ਫਿਲਮ 'ਚ ਭਾਰਤ ਅਤੇ ਯੂਰਪ ਦੇ ਖੂਬਸੂਰਤ ਲੈਂਡਸਕੇਪ 'ਚ ਇਨ੍ਹਾਂ ਦੀ ਪ੍ਰੇਮ ਕਹਾਣੀ ਨੂੰ ਟ੍ਰੈਕ ਕੀਤਾ ਜਾਵੇਗਾ ਜਿਸ ਦੀ ਸ਼ੁਰੂਆਤ ਪੰਜਾਬ ਦੇ ਲੁਧਿਆਣਾ ਤੋਂ ਹੁੰਦੀ ਹੈ ਜਿਸ ਤੋਂ ਬਾਅਦ ਅਮ੍ਰਿਤਸਰ, ਪੈਰਿਸ ਤੋਂ ਲੈ ਕੇ ਅੰਤ 'ਚ ਲੰਡਨ ਦਾ ਦੀਦਾਰ ਕਰਵਾਇਆ ਜਾਵੇਗਾ। ਪੇਨ ਫਿਲਮਸ ਅਤੇ ਰਿਲਾਇੰਸ ਐਂਟਰਟੇਨਮੈਂਟ ਵਲੋਂ ਪ੍ਰੋਡਿਊਸ ਕੀਤੀ ਇਹ ਫਿਲਮ 19 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।