ਜਲੰਧਰ (ਬਿਊਰੋ)— ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਗੁਰਦਾਸ ਮਾਨ ਦੀ ਫਿਲਮ 'ਨਨਕਾਣਾ' ਦਾ ਟਰੇਲਰ ਆਖਿਰਕਾਰ 14 ਜੂਨ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਫਿਲਮ ਦਾ ਜਦੋਂ ਅਧਿਕਾਰਕ ਪੋਸਟਰ ਰਿਲੀਜ਼ ਹੋਇਆ ਸੀ ਤਾਂ ਆਉਂਦਿਆਂ ਹੀ ਇਹ ਵਾਇਰਲ ਹੋ ਗਿਆ ਸੀ। ਸਭ ਨੇ ਗੁਰਦਾਸ ਮਾਨ ਦੀ ਪੋਸਟਰ 'ਚ ਦਿਖੀ ਲੁੱਕ ਦੀ ਕਾਫੀ ਤਾਰੀਫ ਕੀਤੀ ਸੀ। ਪੋਸਟਰ 'ਚ ਗੁਰਦਾਸ ਮਾਨ ਇਕ ਬੱਚੇ ਨਾਲ ਚੱਲਦੇ ਨਜ਼ਰ ਆ ਰਹੇ ਹਨ ਤੇ ਪੁਰਾਣੇ ਪੰਜਾਬ ਦੇ ਸਮੇਂ ਦੇ ਮਿੱਟੀ ਨਾਲ ਬਣੇ ਘਰ ਵੀ ਸਾਫ ਦੇਖੇ ਜਾ ਰਹੇ ਹਨ।
ਦੱਸਣਯੋਗ ਹੈ ਕਿ 'ਨਨਕਾਣਾ' ਫਿਲਮ 6 ਜੁਲਾਈ 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਗੁਰਦਾਸ ਮਾਨ ਤੋਂ ਇਲਾਵਾ ਕਵਿਤਾ ਕੌਸ਼ਿਕ ਤੇ ਅਨਸ ਰਾਸ਼ਿਦ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਮਨਜੀਤ ਮਾਨ ਨੇ ਡਾਇਰੈਕਟ ਕੀਤੀ ਹੈ, ਜਿਹੜੀ ਸ਼ਾਹ ਐਨ ਸ਼ਾਹ ਪਿਕਚਰਜ਼ ਤੇ ਸੈਵਨ ਕਲਰਸ ਮੋਸ਼ਨ ਪਿਕਚਰਜ਼ ਵਲੋਂ ਬਣਾਈ ਗਈ ਹੈ। ਜਤਿੰਦਰ ਸ਼ਾਹ ਤੇ ਪੂਜਾ ਗੁਜਰਾਲ ਫਿਲਮ ਦੇ ਪ੍ਰੋਡਿਊਸਰ ਹਨ, ਜਦਕਿ ਇਸ ਦੇ ਕੋ-ਪ੍ਰੋਡਿਊਸਰ ਸੁਮੀਤ ਸਿੰਘ ਹਨ।