ਅੰਮ੍ਰਿਤਸਰ (ਨੀਰਜ)— ਮਸ਼ਹੂਰ ਭਜਨ ਗਾਇਕ ਅੰਮ੍ਰਿਤਸਰ ਦੇ ਸ਼ਕਤੀ ਨਗਰ ਨਿਵਾਸੀ ਨਰਿੰਦਰ ਚੰਚਲ ਦੇ ਘਰ ਅੱਜ ਇਨਕਮ ਟੈਕਸ ਵਿਭਾਗ ਦੇ ਇਨਵੈਸਟੀਗੇਸ਼ਨ ਵਿੰਗ ਵੱਲੋਂ ਛਾਪਾ ਮਾਰਿਆ ਗਿਆ। ਇਹ ਛਾਪਾ ਤਾਂ ਨਰਿੰਦਰ ਚੰਚਲ ਦੇ ਪੁਸ਼ਤੈਨੀ ਘਰ ਵਿਚ ਮਾਰਿਆ ਪਰ ਇਸ ਦੀ ਧਮਕ ਪੂਰੇ ਅੰਮ੍ਰਿਤਸਰ ਵਿਚ ਦੇਖਣ ਨੂੰ ਮਿਲੀ। ਛਾਪੇ ਦੀ ਖਬਰ ਸੁਣਦੇ ਹੀ ਆਲੇ ਦੁਆਲੇ ਦੇ ਵਪਾਰਕ ਅਦਾਰੇ ਵੀ ਚੌਕੰਨਾ ਹੋ ਗਏ ਅਤੇ ਕਈਆਂ ਨੇ ਤਾਂ ਆਪਣੀਆਂ ਦੁਕਾਨਾਂ ਹੀ ਬੰਦ ਕਰ ਦਿੱਤੀਆਂ।
ਜਾਣਕਾਰੀ ਅਨੁਸਾਰ ਸਵੇਰੇ ਸੱਤ ਵਜੇ ਮਾਰੇ ਛਾਪੇ 'ਚ ਦਿੱਲੀ, ਲੁਧਿਆਣਾ ਅਤੇ ਅੰਮ੍ਰਿਤਸਰ ਇਨਕਮ ਟੈਕਸ ਕਮਿਸ਼ਨਰੇਟ ਦੇ ਤਿੰਨ ਦਰਜਨ ਤੋਂ ਜ਼ਿਆਦਾ ਅਧਿਕਾਰੀ ਸ਼ਾਮਲ ਹੋਏ ਅਤੇ ਪਤਾ ਲੱਗਾ ਹੈ ਕਿ ਇਸ ਰੇਡ ਦਾ ਬੇਸ ਦਿੱਲੀ ਵਿਚ ਬਣਾਇਆ ਗਿਆ ਹੈ ਅਤੇ ਨਰਿੰਦਰ ਚੰਚਲ ਦੇ ਅੰਮ੍ਰਿਤਸਰ ਵਾਲੇ ਪੁਸ਼ਤੈਨੀ ਘਰ ਨੂੰ ਇਸ ਵਿਚ ਕਵਰ ਕੀਤਾ ਗਿਆ ਹੈ। ਇਨਕਮ ਟੈਕਸ ਦੀ ਰੇਡ ਦੌਰਾਨ ਇਹ ਅਫਵਾਹਾਂ ਵੀ ਚੱਲਦੀਆਂ ਰਹੀਆਂ ਕਿ ਈ. ਡੀ. ਨੇ ਨਰਿੰਦਰ ਚੰਚਲ ਦੇ ਘਰ ਵਿਚ ਰੇਡ ਕੀਤੀ ਹੈ ਪਰ ਈ. ਡੀ ਨੇ ਇਨ੍ਹਾਂ ਅਫਵਾਹਾਂ ਨੂੰ ਸਿਰੇ ਤੋਂ ਨਾਕਾਰ ਦਿੱਤਾ।
![Punjabi Bollywood Tadka](http://static.jagbani.com/multimedia/14_55_136880000q2-ll.jpg)
ਵਿਭਾਗੀ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇਨਕਮ ਟੈਕਸ ਵਿਭਾਗ ਨੂੰ ਇਸ ਕਾਰਵਾਈ ਵਿਚ ਕੁੱਝ ਅਜਿਹੇ ਦਸਤਾਵੇਜ਼ ਮਿਲ ਚੁੱਕੇ ਹਨ ਜਿਸ ਦੇ ਨਾਲ ਭਾਰੀ ਅਣ-ਐਲਾਨੀ ਆਮਦਨ ਸਿਰੰਡਰ ਹੋਣ ਦੀ ਸੰਭਾਵਨਾ ਹੈ।