ਜਲੰਧਰ(ਬਿਊਰੋ)- ਪੰਜਾਬੀ ਅਦਾਕਾਰ ਨਰਿੰਦਰ ਜੱਟੂ ਬੀਤੀ ਰਾਤ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦੀ ਮੌਤ ਦੀ ਖਬਰ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਤੇ ਫਿਲਮ ਜਗਤ ਵਿਚ ਸੋਗ ਦੀ ਲਹਿਰ ਦੌੜ ਗਈ ਹੈ । ਦੱਸ ਦੇਈਏ ਕਿ ਉਹ ਪਿਛਲੇ ਕਈ ਸਾਲਾਂ ਤੋਂ ਕੋਮਾ ‘ਚ ਸਨ । ਇਸ ਸਭ ਦੇ ਚਲਦੇ ਵੀਰਵਾਰ ਰਾਤ 12 ਵਜੇ ਦੇ ਕਰੀਬ ਉਹ ਇਸ ਸੰਸਾਰ ਨੂੰ ਅਲਵਿਦਾ ਆਖ ਗਏ। ਉਨ੍ਹਾਂ ਦਾ ਸਸਕਾਰ ਸ਼ੁੱਕਰਵਾਰ ਦੁਪਹਿਰ ਇਕ ਵਜੇ ਕਰ ਦਿੱਤਾ ਗਿਆ। ਰੰਗਮੰਚ ਤੇ ਫਿਲਮ ਜਗਤ ਦੀਆਂ ਕਈ ਹਸਤੀਆਂ ਨੇ ਅਦਾਕਾਰ ਨਰਿੰਦਰ ਜੱਟੂ ਨੂੰ ਅੰਤਿਮ ਵਿਦਾਈ ਦਿੱਤੀ।
ਨਰਿੰਦਰ ਜੱਟੂ ਨੇ ਟੀ.ਵੀ. ਤੇ ਰੰਗਮੰਚ ਦੇ ਕਈ ਨਾਟਕਾਂ ਵਿਚ ਕੰਮ ਕੀਤਾ ਸੀ । ਨਰਿੰਦਰ ਜੱਟੂ ਵੱਲੋਂ ਨਿਭਾਇਆ ਗਿਆ ਹਰ ਕਿਰਦਾਰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ। ਦੇਸ਼-ਵਿਦੇਸ਼ ਦੀਆਂ ਅਨੇਕਾਂ ਸਟੇਜਾਂ ‘ਤੇ ਉਨ੍ਹਾਂ ਨੇ ਦਮਦਾਰ ਪੇਸ਼ਕਾਰੀਆਂ ਕਰਕੇ ਆਪਣੀ ਕਲਾ ਦਾ ਲੋਹਾ ਮਨਵਾਇਆ। ਉਹ ਆਪਣੇ ਪਿੱਛੇ ਪਤਨੀ ਜੋਤੀ ਜੱਟੂ ਤੇ ਧੀ ਗਜ਼ਲ ਜੱਟੂ ਛੱਡ ਗਏ ਹਨ ।