FacebookTwitterg+Mail

ਰਿਸ਼ੀ ਕਪੂਰ ਤੇ ਇਰਫਾਨ ਖਾਨ ਦੇ ਦਿਹਾਂਤ ਤੋਂ ਬਾਅਦ ਉੱਡੀ ਨਸੀਰੂਦੀਨ ਸ਼ਾਹ ਦੀ ਮੌਤ ਦੀ ਖਬਰ

naseeruddin shah on hospitalization rumors
01 May, 2020 08:43:36 AM

ਜਲੰਧਰ (ਵੈੱਬ ਡੈਸਕ) - ਹਿੰਦੀ ਸਿਨੇਮਾ ਦੇ ਦੋ ਦਿੱਗਜ ਬਾਲੀਵੁੱਡ ਕਲਾਕਾਰ ਰਿਸ਼ੀ ਕਪੂਰ ਅਤੇ ਇਰਫਾਨ ਖਾਨ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ ਹਨ। ਬੀਤੇ ਦਿਨੀਂ ਜਦੋਂ ਰਿਸ਼ੀ ਕਪੂਰ ਦੇ ਦਿਹਾਂਤ ਦੀ ਖਬਰ ਆਈ ਤਾਂ ਇਸੇ ਦੌਰਾਨ ਅਦਾਕਾਰ ਨਸੀਰੂਦੀਨ ਸ਼ਾਹ ਨੂੰ ਲੈ ਕੇ ਵੀ ਅਜਿਹੀ ਖ਼ਬਰ ਵਾਇਰਲ ਹੋਣ ਲੱਗੀ, ਜਿਸ ਲੋਕਾਂ ਵਿਚ ਖਲਬਲੀ ਮਚਾ ਦਿੱਤੀ। ਦਰਅਸਲ ਖਬਰ ਆਈ ਸੀ ਕਿ ਨਸੀਰੂਦੀਨ ਸ਼ਾਹ  ਦੀ ਸਿਹਤ ਬਹੁਤ ਜ਼ਿਆਦਾ ਖਰਾਬ ਹੈ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਹਾਲਾਂਕਿ ਕੁਝ  ਥਾਵਾਂ 'ਤੇ ਇਹ ਵੀ ਖਬਰ ਆਈ ਸੀਕਿ ਨਸੀਰੂਦੀਨ ਸ਼ਾਹ ਦਾ ਵੀ ਦਿਹਾਂਤ ਹੋ ਗਿਆ ਹੈ। ਹੁਣ ਅਭਿਨੇਤਾ ਨੇ ਖੁਦ ਸਾਹਮਣੇ ਆ ਕੇ ਇਸਦੀ ਸੱਚਾਈ ਦੱਸੀ ਹੈ।

ਪੀ.ਟੀ.ਆਈ. ਮੁਤਾਬਿਕ, ਨਸੀਰੂਦੀਨ ਸ਼ਾਹ ਨੇ ਵੀਰਵਾਰ ਨੂੰ ਕਿਹਾ ਕਿ ਮੈਂ ਠੀਕ ਹਾਂ ਅਤੇ ਆਪਣੇ ਘਰ ਵਿਚ ਹਾਂ। ਇਕ ਫੇਸਬੁੱਕ ਪੋਸਟ ਵਿਚ ਸ਼ਾਹ ਨੇ ਲੋਕਾਂ ਨੂੰ ਚਿੰਤਾ ਕਰਨ ਲਈ ਧੰਨਵਾਦ ਕੀਤਾ ਅਤੇ ਆਪਣੀ ਸਿਹਤ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ, ''ਮੈਂ ਮੇਰੀ ਸਿਹਤ ਨੂੰ ਲੈ ਕੇ ਚਿੰਤਾ ਕਰਨ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਹਾਂ ਅਤੇ ਮੈਂ ਉਨ੍ਹਾਂ ਨੂੰ ਦੱਸ ਰਿਹਾ ਹਾਂ ਕਿ ਮੈਂ ਪੂਰੀ ਤਰ੍ਹਾਂ ਠੀਕ ਹਾਂ। ਮੈਂ ਘਰ ਵਿਚ ਹਾਂ ਅਤੇ ਲੌਕ ਡਾਊਨ ਦਾ ਪਾਲਣ ਕਰ ਰਿਹਾ ਹਾਂ। ਕਿਰਪਾ ਕਰਕੇ ਕਿਸੇ ਵੀ ਅਫਵਾਹ 'ਤੇ ਵਿਸ਼ਵਾਸ ਨਾ ਕਰੋ।'' ਇਸ ਤੋਂ ਇਲਾਵਾ ਨਸੀਰੂਦੀਨ ਸ਼ਾਹ ਦੇ ਪੁੱਤਰ ਵਿਵਾਨ ਸ਼ਾਹ ਨੇ ਲਿਖਿਆ, ''ਸਭ ਠੀਕ ਹੈ। ਬਾਬਾ ਇਕਦਮ ਠੀਕ ਹੈ। ਉਨ੍ਹਾਂ ਦੀ ਸਿਹਤ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਗੱਲਾਂ ਗਲਤ ਹਨ, ਅਫਵਾਹਾਂ ਹੀ ਹਨ। ਉਨ੍ਹਾਂ ਨੇ ਇਰਫਾਨ ਖਾਨ ਅਤੇ ਚਿੰਟੂ ਜੀ ਲਈ ਪ੍ਰਾਥਨਾ ਕੀਤੀ ਹੈ। ਉਹ ਦੋਨਾਂ ਨੂੰ ਬਹੁਤ ਯਾਦ ਕਰ ਰਹੇ ਹਨ। ਉਨ੍ਹਾਂ ਨੇ ਦੋਨਾਂ ਪਰਿਵਾਰਾਂ ਲਈ ਆਪਣੇ ਸੰਵੇਦਨਾਵਾਂ ਵਿਅਕਤ ਕੀਤੀਆਂ ਹਨ। ਅਸੀਂ ਸਾਰੇ ਦਿਲੋਂ ਦੁੱਖੀ ਹਾਂ।''

ਦੱਸਣਯੋਗ ਹੈ ਕਿ ਰਿਸ਼ੀ ਕਪੂਰ ਦੇ ਦਿਹਾਂਤ ਦੀ ਖ਼ਬਰ ਨਾਲ ਹੀ ਸੋਸ਼ਲ ਮੀਡੀਆ 'ਤੇ ਕੁਝ ਅਜਿਹੇ ਪੋਸਟ ਵੀ ਦਿਸਣ ਲੱਗੇ ਸਨ, ਜਿਨ੍ਹਾਂ ਵਿਚ ਨਸੀਰੂਦੀਨ ਸ਼ਾਹ ਦੀ ਸਿਹਤ ਖ਼ਰਾਬ ਹੋਣ ਦੀ ਗੱਲ ਆਖੀ ਜਾ ਰਹੀ ਸੀ। ਉੱਥੇ ਹੀ ਕੁਝ ਪੋਸਟਾਂ ਵਿਚ ਨਸੀਰੂਦੀਨ ਸ਼ਾਹ ਨੂੰ ਆਈ. ਸੀ. ਯੂ. ਵਿਚ ਦਾਖਲ ਦੱਸਿਆ ਜਾ ਰਿਹਾ ਸੀ ਅਤੇ ਕੁਝ ਪੋਸਟਾਂ ਵਿਚ ਉਨ੍ਹਾਂ ਦੇ ਦਿਹਾਂਤ ਦਾ ਜ਼ਿਕਰ ਕੀਤਾ ਗਿਆ ਸੀ। ਹਾਲਾਂਕਿ ਇਹ ਸਾਰੀਆਂ ਖ਼ਬਰਾਂ ਸਿਰਫ ਅਫਵਾਹਾਂ ਹੀ ਸਨ।


Tags: Naseerudin ShahHospitalICULockdownVivaan ShahTweetBollywood Celebrity

About The Author

sunita

sunita is content editor at Punjab Kesari