ਮੁੰਬਈ— ਪ੍ਰਸਿੱਧ ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਨੂੰ ਲੈ ਕੇ ਚੰਗੀ ਖਬਰ ਆਈ ਹੈ। ਕ੍ਰਿਕਟਰ ਤੋਂ ਰਾਜਨੇਤਾ ਬਣੇ ਨਵਜੋਤ ਸਿੰਘ ਸਿੱਧੂ ਇਸ ਸ਼ੋਅ ਨੂੰ ਨਹੀਂ ਛੱਡਣਗੇ। ਇਸ ਤੋਂ ਪਹਿਲਾਂ ਖਬਰਾਂ ਸਨ ਕਿ ਸਿੱਧੂ ਪੰਜਾਬ 'ਚ ਚੋਣਾਂ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਸਿੱਧੂ ਸ਼ੋਅ ਛੱਡ ਰਹੇ ਹਨ। ਕਪਿਲ ਦੇ ਸ਼ੋਅ ਦੀ ਕ੍ਰਿਏਟਿਵ ਹੈੱਡ ਪ੍ਰੀਤੀ ਸਿਮੋਸ ਨੇ ਟਵਿਟਰ 'ਤੇ ਇਸ ਨੂੰ ਅਫਵਾਹ ਦੱਸਦਿਆਂ ਲਿਖਿਆ, 'ਸਿੱਧੂ ਨੇ ਸੋਨੀ ਟੀ. ਵੀ. ਨੂੰ ਸ਼ੋਅ ਛੱਡਣ ਦਾ ਕੋਈ ਨੋਟਿਸ ਨਹੀਂ ਦਿੱਤਾ ਹੈ। ਇਸ ਲਈ ਸਿੱਧੂ ਦੇ ਸ਼ੋਅ ਛੱਡਣ ਨੂੰ ਲੈ ਕੇ ਚੱਲ ਰਹੀਆਂ ਸਾਰੀਆਂ ਖਬਰਾਂ ਗਲਤ ਹਨ।'
ਅਸਲ 'ਚ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਦਾ ਕਹਿਣਾ ਸੀ ਕਿ ਸਿੱਧੂ ਹੁਣ ਆਪਣਾ ਪੂਰਾ ਧਿਆਨ ਪੰਜਾਬ ਦੀ ਰਾਜਨੀਤੀ 'ਚ ਲਗਾਉਣਗੇ। ਇਸ ਲਈ 30 ਸਤੰਬਰ ਤਕ ਦੇ ਕਪਿਲ ਸ਼ਰਮਾ ਦੇ ਸਾਰੇ ਸ਼ੋਅ ਰਿਕਾਰਡ ਕਰਵਾ ਕੇ ਸਿੱਧੂ ਨੇ ਉਨ੍ਹਾਂ ਨੂੰ ਅਲਵਿਦਾ ਆਖ ਦਿੱਤੀ ਹੈ। ਖਬਰਾਂ ਹਨ ਕਿ ਕਪਿਲ ਦੇ ਸ਼ੋਅ ਤੋਂ ਸਿੱਧੂ ਨੂੰ ਸਾਲਾਨਾ 25 ਕਰੋੜ ਰੁਪਏ ਦੀ ਆਮਦਨੀ ਹੁੰਦੀ ਹੈ। ਦੱਸਣਯੋਗ ਹੈ ਕਿ ਬੀ. ਜੇ. ਪੀ. ਛੱਡਣ ਤੇ ਆਮ ਆਦਮੀ ਪਾਰਟੀ ਨਾਲ ਗੱਲ ਨਾ ਬਣਨ ਤੋਂ ਬਾਅਦ ਕ੍ਰਿਕਟਰ ਤੋਂ ਰਾਜਨੇਤਾ ਬਣੇ ਨਵਜੋਤ ਸਿੰਘ ਸਿੱਧੂ ਨੇ ਆਵਾਜ਼-ਏ-ਪੰਜਾਬ ਮੋਰਚੇ ਦਾ ਐਲਾਨ ਕੀਤਾ ਹੈ।