ਮੁੰਬਈ— ਬਾਲੀਵੁੱਡ ਅਭਿਨੇਤਾ ਨਵਾਜ਼ੂਦੀਨ ਸਿੱਦਿਕੀ ਨੇ ਬਾਲੀਵੁੱਡ ਦੀ ਪ੍ਰਸਿੱਧ ਮੈਗਜ਼ੀਨ ਫਿਲਮਫੇਅਰ ਖਿਲਾਫ ਅਦਾਲਤ 'ਚ ਮਾਨਹਾਣੀ ਦਾ ਕੇਸ ਦਰਜ ਕਰਵਾਇਆ ਹੈ। ਦੱਸਣਯੋਗ ਹੈ ਕਿ ਨਵਾਜ਼ੂਦੀਨ ਨੇ ਇਹ ਨੋਟਿਸ ਮੈਗਜ਼ੀਨ 'ਚ ਉਸ ਦੇ ਖਿਲਾਫ ਛਪੇ ਇਕ ਲੇਖ ਨੂੰ ਲੈ ਕੇ ਕੀਤਾ ਹੈ। ਲੇਖ 'ਚ ਨਵਾਜ਼ੂਦੀਨ ਨੂੰ ਇਕ ਅਣਪਛਾਤੀ ਲੜਕੀ ਨਾਲ ਦਿਖਾਇਆ ਗਿਆ ਹੈ ਤੇ ਦੱਸਿਆ ਗਿਆ ਹੈ ਕਿ ਨਵਾਜ਼ੂਦੀਨ ਉਕਤ ਲੜਕੀ ਨੂੰ ਡੇਟ ਕਰ ਰਹੇ ਹਨ।
ਲੇਖ 'ਚ ਇਸ ਅਣਪਛਾਤੀ ਲੜਕੀ ਨੂੰ ਨਵਾਜ਼ੂਦੀਨ ਦੀ ਪਤਨੀ ਦੱਸਿਆ ਗਿਆ ਸੀ। 8 ਮਾਰਚ 2017 ਨੂੰ ਇਹ ਲੇਖ ਫਿਲਮਫੇਅਰ ਮੈਗਜ਼ੀਨ 'ਚ ਛਪਿਆ ਸੀ, ਜਿਸ ਤੋਂ ਬਾਅਦ ਅਜਿਹੀ ਕਿਆਸ ਲਗਾਈ ਜਾ ਰਹੀ ਸੀ ਕਿ ਨਵਾਜ਼ੂਦੀਨ ਤੇ ਉਸ ਦੀ ਪਤਨੀ ਅੰਜਲੀ ਵਿਚਾਲੇ ਕੁਝ ਠੀਕ ਨਹੀਂ ਚੱਲ ਰਿਹਾ ਹੈ ਤੇ ਦੋਵੇਂ ਅਲੱਗ ਹੋ ਚੁੱਕੇ ਹਨ।
ਇਸ ਲੇਖ 'ਚ ਛਪੀਆਂ ਸਾਰੀਆਂ ਗੱਲਾਂ ਕਾਰਨ ਨਵਾਜ਼ੂਦੀਨ ਨੇ ਨੋਟਿਸ 'ਚ ਲਿਖਿਆ ਹੈ ਕਿ ਇਸ ਲੇਖ ਕਾਰਨ ਉਨ੍ਹਾਂ ਨੂੰ ਦਿਮਾਗੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਇਸ ਦੀ ਵਜ੍ਹਾ ਕਾਰਨ ਉਨ੍ਹਾਂ ਕੋਲੋਂ ਇਕ ਇੰਟਰਵਿਊ 'ਚ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਸਵਾਲ ਵੀ ਕੀਤੇ ਗਏ। ਨਵਾਜ਼ੂਦੀਨ ਚਾਹੁੰਦੇ ਹਨ ਕਿ ਫਿਲਮਫੇਅਰ ਮੈਗਜ਼ੀਨ ਇਸ ਮਾਮਲੇ 'ਚ ਉਨ੍ਹਾਂ ਕੋਲੋਂ ਮੁਆਫੀ ਮੰਗੇ ਤੇ ਸੱਤ ਦਿਨਾਂ ਦੇ ਅੰਦਰ ਮਾਮਲੇ ਨੂੰ ਖਤਮ ਕਰੇ।
ਹਾਲ ਹੀ 'ਚ ਨਵਾਜ਼ੂਦੀਨ ਦੇ ਭਰਾ ਤੇ ਉਨ੍ਹਾਂ ਦੇ ਬਿਜ਼ਨੈੱਸ ਮੈਨੇਜਰ ਸ਼ਮਾਸ ਐੱਸ. ਸਿੱਦਿਕੀ ਨੇ 17 ਮਾਰਚ ਨੂੰ ਉਨ੍ਹਾਂ ਨੂੰ ਵਿਆਹ ਦੀ ਸੱਤਵੀਂ ਵਰ੍ਹੇਗੰਢ ਦੀ ਵਧਾਈ ਦਿੰਦਿਆਂ ਟਵੀਟ ਕੀਤਾ ਸੀ, ਜਿਸ 'ਤੇ ਨਵਾਜ਼ੂਦੀਨ ਨੇ ਵੀ ਟਵੀਟ ਕਰਦਿਆਂ ਉਨ੍ਹਾਂ ਦਾ ਧੰਨਵਾਦ ਪ੍ਰਗਟਾਇਆ ਸੀ।