ਜਲੰਧਰ (ਬਿਊਰੋ) — ਪੰਜਾਬੀ ਅਦਾਕਾਰਾ ਨੀਰੂ ਬਾਜਵਾ ਕਿਊਟ ਬੇਟੀ ਤੋਂ ਬਾਅਦ ਹੁਣ ਜਲਦ ਹੀ ਜੁੜਵਾ ਬੱਚਿਆਂ ਨੂੰ ਜਨਮ ਦੇਣ ਵਾਲੀ ਹੈ। ਨੀਰੂ ਬਾਜਵਾ ਨੇ ਖੁਦ ਸੋਸ਼ਲ ਮੀਡੀਆ ਦੇ ਜਰੀਏ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਇੰਸਟਾਗ੍ਰਾਮ 'ਤੇ ਉਨ੍ਹਾਂ ਨੇ ਪਤੀ ਹੈਰੀ ਜਵੰਦਾ ਨਾਲ ਇਕ ਰੋਮਾਂਟਿਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਦੀ ਕੈਪਸ਼ਨ 'ਚ ਨੀਰੂ ਬਾਜਵਾ ਨੇ ਲਿਖਿਆ, ''ਤੁਹਾਡੇ ਸਾਰਿਆਂ ਨਾਲ ਮੈਂ ਗੁੱਡ ਨਿਊਜ਼ ਸ਼ੇਅਰ ਕਰਨਾ ਚਾਹੁੰਦੀ ਹਾਂ। ਮੈਂ ਜਲਦ ਹੀ ਦੋ ਬੱਚਿਆਂ ਨੂੰ ਜਨਮ ਦੇਣ ਵਾਲੀ ਹਾਂ...ਧੰਨਵਾਦ।'' ਨੀਰੂ ਬਾਜਵਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਮੂਲ ਰੂਪ ਤੋਂ ਕੈਨੇਡਾ ਦੀ ਹੈ। ਉਨ੍ਹਾਂ ਨੂੰ ਬਚਪਨ ਤੋਂ ਹੀ ਐਕਟਿੰਗ ਦਾ ਸ਼ੌਕ ਸੀ, ਇਸ ਲਈ ਉਨ੍ਹਾਂ ਨੇ ਪੜ੍ਹਾਈ ਅੱਧ 'ਚ ਹੀ ਛੱਡ ਦਿੱਤੀ ਸੀ। ਨੀਰੂ ਬਾਜਵਾ ਮਿਸ ਕੈਨੇਡਾ ਵੀ ਰਹਿ ਚੁੱਕੀ ਹੈ। ਉਨ੍ਹਾਂ ਨੂੰ ਸਾਲ 2002 'ਚ 'ਕੈਂਠੇ ਵਾਲਾ' ਗੀਤ 'ਚ ਦੇਖਿਆ ਗਿਆ ਸੀ।

ਦੱਸ ਦਈਏ ਕਿ ਨੀਰੂ ਬਾਜਵਾ ਨੇ ਸਾਲ 1998 'ਚ ਦੇਵ ਆਨੰਦ ਦੀ ਫਿਲਮ 'ਸੋਲ੍ਹਾਂ ਬਰਸ ਕੀ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਹੀ ਉਨ੍ਹਾਂ ਨੇ ਭਾਰਤੀ ਟੀ. ਵੀ. ਸੀਰੀਅਲ ਤੇ ਪੰਜਾਬੀ ਫਿਲਮਾਂ 'ਚ ਕੰਮ ਕਰਨਾ ਸ਼ੁਰੂ ਕੀਤਾ। ਉਹ ਪੰਜਾਬੀ ਦੇ ਨਾਲ-ਨਾਲ ਕਈ ਹਿੰਦੀ ਫਿਲਮਾਂ ਤੇ ਸੀਰੀਅਲ 'ਚ ਵੀ ਕੰਮ ਕਰ ਚੁੱਕੇ ਹਨ।
ਦੱਸਣਯੋਗ ਹੈ ਕਿ 26 ਅਗਸਤ, 1980 ਨੂੰ ਕੈਨੇਡਾ ਦੇ ਵੈਨਕੂਵਰ 'ਚ ਜਨਮੀ ਨੀਰੂ ਬਾਜਵਾ ਪੰਜਾਬੀ ਸਿਨੇਮਾ ਦੇ ਪ੍ਰਸਿੱਧ ਸਿਤਾਰਿਆਂ ਨਾਲ ਕੰਮ ਕਰ ਚੁੱਕੀ ਹੈ, ਜਿਨ੍ਹਾਂ 'ਚ ਜਿੰਮੀ ਸ਼ੇਰਗਿੱਲ, ਅਮਰਿੰਦਰ ਗਿੱਲ, ਗਿੱਪੀ ਗਰੇਵਾਲ, ਦਿਲਜੀਤ ਦੋਸਾਂਝ, ਤਰਸੇਮ ਜੱਸੜ ਵਰਗੇ ਸੁਪਰਹਿੱਟ ਸਿਤਾਰਿਆਂ ਦੇ ਨਾਂ ਸ਼ਾਮਲ ਹਨ। ਨੀਰੂ ਬਾਜਵਾ ਦੀ ਫਿਲਮ 'ਜੱਟ ਐਂਡ ਜੂਲੀਅਟ' ਪੰਜਾਬੀ ਸਿਨੇਮਾ ਦੀ ਸਭ ਤੋਂ ਸਫਲ ਫਿਲਮ ਮੰਨੀ ਜਾਂਦੀ ਹੈ। ਇਸ ਤੋਂ ਇਲਾਵਾ ਉਹ 'ਛੜਾ', 'ਊੜਾ ਆੜਾ', 'ਸਰਦਾਰ ਜੀ', 'ਆਟੇ ਦੀ ਚਿੜੀ', 'ਜਿੰਦੂਆ', 'ਪਿੰਕੀ ਮੋਗੇ ਵਾਲੀ', 'ਹੀਰ ਰਾਂਝਾ', 'ਮੇਲ ਕਰਾਦੇ ਰੱਬਾ', 'ਦਿਲ ਆਪਣਾ ਪੰਜਾਬੀ' ਵਰਗੀਆਂ ਕਈ ਹੋਰ ਸੁਪਰ ਹਿੱਟ ਫਿਲਮਾਂ 'ਚ ਨਜ਼ਰ ਆ ਚੁੱਕੇ ਹਨ।