ਜਲੰਧਰ(ਬਿਊਰੋ)— ਪੰਜਾਬੀ ਇੰਡਸਟਰੀ 'ਚ ਬੱਲੇ-ਬੱਲੇ ਕਰਵਾ ਚੁੱਕੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਦਾ ਅੱਜ ਆਪਣਾ 38ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਨੀਰੂ ਬਾਜਵਾ ਦਾ ਜਨਮ 26 ਅਗਸਤ, 1980 ਨੂੰ ਕੈਨੇਡਾ ਦੇ ਵੈਨਕੂਵਰ 'ਚ ਹੋਇਆ। ਨੀਰੂ ਬਾਜਵਾ ਅੱਜ 38 ਸਾਲਾਂ ਦੀ ਹੋ ਗਈ ਹੈ।
ਨੀਰੂ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਦੇਵ ਆਨੰਦ ਦੀ ਫਿਲਮ 'ਮੈਂ ਸੋਲਹਾ ਬਰਸ ਕੀ' ਨਾਲ ਕੀਤੀ ਸੀ। ਸਾਲ 1998 'ਚ ਦੇਵ ਆਨੰਦ ਦੀ ਫਿਲਮ ਕਰਨ ਤੋਂ 12 ਸਾਲ ਬਾਅਦ 2010 'ਚ ਨੀਰੂ ਨੇ ਬਾਲੀਵੁੱਡ 'ਚ 'ਪ੍ਰਿੰਸ' ਨਾਲ ਵਾਪਸੀ ਕੀਤੀ। ਇਸ ਫਿਲਮ ਉਸ ਦੇ ਹੀਰੋ ਵਿਵੇਕ ਓਬਰਾਏ ਸਨ।
ਇਸ ਤੋਂ ਇਲਾਵਾ ਨੀਰੂ ਬਾਜਵਾ ਨੇ ਕੁਝ ਹੋਰ ਬਾਲੀਵੁੱਡ ਫਿਲਮਾਂ 'ਚ ਕੰਮ ਕੀਤਾ। ਉਸ ਦੀ ਪੜ੍ਹਾਈ 'ਚ ਜ਼ਿਆਦਾ ਦਿਲਚਸਪੀ ਨਹੀਂ ਸੀ। ਹਾਈ ਸਕੂਲ ਦੌਰਾਨ ਹੀ ਉਸ ਨੇ ਸਕੂਲ ਜਾਣਾ ਛੱਡ ਦਿੱਤਾ। ਅਦਾਕਾਰੀ 'ਚ ਆਪਣੇ ਕਰੀਅਰ ਨੂੰ ਬਣਾਉਣ ਲਈ ਛੇਤੀ ਹੀ ਉਹ ਮੁੰਬਈ ਸ਼ਿਫਟ ਹੋ ਗਈ। ਨੀਰੂ ਦੀ ਮਾਡਲ ਤੇ ਅਭਿਨੇਤਾ ਅਮਿਤ ਸਾਧ ਨਾਲ ਇਥੇ ਹੀ ਮੁਲਾਕਾਤ ਹੋਈ। ਦੋਵਾਂ ਦੀ ਮੰਗਣੀ ਵੀ ਹੋਈ ਪਰ ਫਿਰ ਰਿਸ਼ਤਾ ਸਿਰੇ ਨਾ ਚੜ੍ਹ ਸਕਿਆ।
ਨੀਰੂ ਬਾਜਵਾ ਤੇ ਅਮਿਤ ਸਾਧ ਦਾ ਰਿਸ਼ਤਾ 8 ਸਾਲ ਤੱਕ ਚੱਲਿਆ। ਅਮਿਤ ਸਾਧ ਫਿਲਮ 'ਕਾਏ ਪੋ ਚੇ' 'ਚ ਨਜ਼ਰ ਆ ਚੁੱਕੇ ਹਨ। ਸਾਲ 2003 'ਚ ਉਸ ਨੇ ਦੂਰਦਰਸ਼ਨ ਲਈ ਇਕ ਸੀਰੀਅਲ ਕੀਤਾ, ਜਿਸ ਦਾ ਨਾਂ ਸੀ 'ਹਰੀ ਮਿਰਚੀ ਲਾਲ ਮਿਰਚੀ'।
ਨੀਰੂ ਪੰਜਾਬੀ ਸਿਨੇਮਾ ਦੇ ਪ੍ਰਸਿੱਧ ਸਿਤਾਰਿਆਂ ਨਾਲ ਕੰਮ ਕਰ ਚੁੱਕੀ ਹੈ। ਉਸ ਦੀ ਜੋੜੀ ਜਿੰਮੀ ਸ਼ੇਰਗਿੱਲ, ਅਮਰਿੰਦਰ ਗਿੱਲ, ਗਿੱਪੀ ਗਰੇਵਾਲ, ਦਿਲਜੀਤ ਦੁਸਾਂਝ ਆਦਿ ਵਰਗੇ ਸੁਪਰਹਿੱਟ ਸਿਤਾਰਿਆਂ ਨਾਲ ਬਣ ਚੁੱਕੀ ਹੈ।
ਉਸ ਦੀ ਫਿਲਮ 'ਜੱਟ ਐਂਡ ਜੂਲੀਅਟ' ਪੰਜਾਬੀ ਸਿਨੇਮਾ ਦੀ ਹੁਣ ਤਕ ਦੀ ਸਭ ਤੋਂ ਸਫਲ ਫਿਲਮ ਮੰਨੀ ਜਾਂਦੀ ਹੈ। ਪੰਜਾਬੀ ਸਿਨੇਮਾ 'ਚ ਨੀਰੂ ਦਾ ਸਿਤਾਰਾ ਰੱਜ ਕੇ ਚਮਕਿਆ। ਇਥੇ ਉਸ ਨੇ ਪਹਿਲੀ ਫਿਲਮ ਹਰਭਜਨ ਮਾਨ ਦੇ ਓਪੋਜ਼ਿਟ ਸਾਲ 2004 'ਚ ਕੀਤੀ, ਜਿਸ ਦਾ ਨਾਂ 'ਅਸਾਂ ਨੂੰ ਮਾਣ ਵਤਨਾ ਦਾ' ਸੀ।