ਮੁੰਬਈ (ਬਿਊਰੋ) — ਬਾਲੀਵੁੱਡ ਦੇ ਦਿੱਗਜ ਅਦਾਕਾਰ ਰਿਸ਼ੀ ਕਪੂਰ ਦਾ ਦਿਹਾਂਤ ਹੋਏ 1 ਮਹੀਨਾ ਹੋ ਗਿਆ ਹੈ। ਹਾਲੇ ਵੀ ਲੋਕਾਂ ਲਈ ਇਹ ਖਬਰ ਬੁਰੇ ਸੁਫਨੇ ਵਾਂਗ ਹੈ। ਰਿਸ਼ੀ ਕਪੂਰ ਕੈਂਸਰ ਦੀ ਜੰਗ ਲੜਦੇ ਹੋਏ 30 ਅਪ੍ਰੈਲ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਉਨ੍ਹਾਂ ਦਾ ਪਰਿਵਾਰ ਹੁਣ ਤੱਕ ਸਦਮੇ 'ਚ ਹੈ। ਰਿਸ਼ੀ ਕਪੂਰ ਦਾ ਪਰਿਵਾਰ ਅਕਸਰ ਹੀ ਰਿਸ਼ੀ ਕਪੂਰ ਨੂੰ ਯਾਦ ਕਰਦਿਆਂ ਪੁਰਾਣੀਆਂ ਤਸਵੀਰਾਂ ਸਾਂਝੀਆਂ ਕਰਦਾ ਰਹਿੰਦਾ ਹੈ।
ਹਾਲ ਹੀ ਵਿਚ ਰਿਸ਼ੀ ਕਪੂਰ ਦੀ ਪਤਨੀ ਨੀਤੂ ਕਪੂਰ ਨੇ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਇਕ ਤਸਵੀਰ ਸਾਂਝੀ ਕੀਤੀ ਹੈ ਅਤੇ ਨਾਲ ਹੀ ਇਕ ਭਾਵੁਕ ਪੋਸਟ ਲਿਖਿਆ ਹੈ। ਤਸਵੀਰ ਵਿਚ ਰਿਸ਼ੀ ਕਪੂਰ ਤੇ ਨੀਤੂ ਕਪੂਰ ਦੀ ਬਾਂਡਿੰਗ ਕਾਫੀ ਵਧੀਆ ਦੇਖੀ ਜਾ ਸਕਦੀ ਹੈ। ਤਸਵੀਰ ਨਾਲ ਨੀਤੂ ਨੇ ਇਕ ਕਵਿਤਾ ਲਿਖੀ ਹੈ। ਨੀਤੂ ਕਪੂਰ ਨੇ ਲਿਖਿਆ,‘‘ਮੈਨੂੰ ਗੁਡਬਾਏ ਬੋਲਣ ਦੇ ਨਾਲ ਹੀ ਗੁਡਲੱਕ ਵੀ ਵਿਸ਼ ਕਰੋ। ਮੈਨੂੰ ਵਿਸ਼ ਕਰੋ ਕਿ ਮੈਂ ਆਪਣੇ ਅੱਗੇ ਦੀ ਜ਼ਿੰਦਗੀ ਖੁਸ਼ੀ-ਖੁਸ਼ੀ ਬਿਤਾ ਸਕਾਂ ਨਾ ਕਿ ਅੱਥਰੂਆਂ ਨਾਲ। ਮੈਨੂੰ ਇਕ ਮੁਸਕਾਨ ਦਿਓ, ਜਿਸ ਨੂੰ ਮੈਂ ਆਪਣੇ ਦਿਲ ਵਿਚ ਹਮੇਸ਼ਾ ਲਈ ਸੰਭਾਲ ਕੇ ਰੱਖ ਸਕਾਂ। ਉਦੋ ਤੱਕ ਜਦੋਂ ਤੱਕ ਕਿ ਮੈਂ ਜ਼ਿੰਦਾ ਹਾਂ।’’ ਨੀਤੂ ਕਪੂਰ ਦੇ ਇਸ ਪੋਸਟ ’ਤੇ ਮਨੀਸ਼ ਮੱਲਹੋਤਰਾ, ਸੋਨੀ ਰਾਜਦਾਨ, ਸੂਜੈਨ ਖਾਨ ਸਮੇਤ ਕਈ ਸਿਤਾਰਿਆਂ ਨੇ ਕੁਮੈਂਟ ਕਰਦੇ ਹੋਏ ਇਮੋਜ਼ੀ ਪੋਸਟ ਕੀਤੇ ਹਨ।

ਦੱਸ ਦੇਈਏ ਕਿ ਰਿਸ਼ੀ ਕਪੂਰ ਡੇਢ ਸਾਲ ਤੋਂ ਲਿਊਕੇਮੀਆ ਨਾਲ ਲੜ ਰਹੇ ਸਨ। ਉਨ੍ਹਾਂ ਨੇ ਲੰਬੇ ਸਮੇਂ ਤੱਕ ਨਿਊਯਾਰਕ ਵਿਚ ਵੀ ਇਲਾਜ ਕਰਾਇਆ ਸੀ। 29 ਅਪ੍ਰੈਲ ਨੂੰ ਰਿਸ਼ੀ ਕਪੂਰ ਦੀ ਤਬੀਅਤ ਖਰਾਬ ਹੋਣ ਤੋਂ ਬਾਅਦ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ, ਜਿੱਥੇ 30 ਅਪ੍ਰੈਲ ਨੂੰ ਉਨ੍ਹਾਂ ਨੇ ਅੰਤਿਮ ਸਾਹ ਲਿਆ।