FacebookTwitterg+Mail

ਬਾਲੀਵੁੱਡ ਸਿਤਾਰਿਆਂ ਦੀ ਦੂਜੀ ਪੀੜ੍ਹੀ ਸਿਆਸਤ 'ਚ ਖੇਡੇਗੀ ਨਵੀਂ ਪਾਰੀ

new generation of bollywood stars to play in politics
23 April, 2019 04:39:43 PM

ਜਲੰਧਰ (ਬਿਊਰੋ) — ਬਾਲੀਵੁੱਡ 'ਚ ਕਈ ਅਜਿਹੇ ਫਿਲਮੀ ਸਿਤਾਰੇ ਹਨ, ਜਿਨ੍ਹਾਂ ਨੇ ਸਿਆਸਤ 'ਚ ਨਵੀਂ ਪਾਰੀ ਖੇਡੀ ਅਤੇ ਹੁਣ ਉਨ੍ਹਾਂ ਦੀ ਦੂਜੀ ਪੀੜ੍ਹੀ ਸਿਆਸਤ 'ਚ ਆਪਣਾ ਕਰੀਅਰ ਅਜਮਾ ਰਹੀ ਹੈ। ਬਾਲੀਵੁੱਡ ਦੇ ਹੀਮੈਨ ਅਤੇ ਡਰੀਮ ਗਰਲ ਦੇ ਨਾਂ ਨਾਲ ਜਾਣੇ ਜਾਂਦੇ ਧਰਮਿੰਦਰ ਤੇ ਹੇਮਾ ਮਾਲਿਨੀ ਨੇ ਸਿਆਸੀ ਕਰੀਅਰ 'ਚ ਖੂਬ ਨਾਮਣਾ ਖੱਟਿਆ। ਧਰਮਿੰਦਰ ਭਾਰਤ ਦੇ 14ਵੇਂ ਲੋਕ ਸਭਾ ਦੇ ਮੈਂਬਰ ਰਹੇ ਹਨ ਅਤੇ ਭਾਰਤੀ ਜਨਤਾ ਪਾਰਟੀ (ਬੀਜੇਪੀ) ਤੋਂ ਰਾਜਸਥਾਨ ਦੇ ਬੀਕਾਨੇਰ ਹਲਕੇ ਦੀ ਪ੍ਰਤੀਨਿਧਤਾ ਕਰਦੇ ਹਨ। ਸਾਲ 2012 'ਚ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਭਾਰਤ ਦੇ ਤੀਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਸੀ। 2004 ਦੀਆਂ ਆਮ ਚੋਣਾਂ 'ਚ ਧਰਮਿੰਦਰ ਰਾਜਸਥਾਨ ਦੇ ਬੀਕਾਨੇਰ ਤੋਂ ਭਾਰਤੀ ਜਨਤਾ ਪਾਰਟੀ ਦੇ ਟਿਕਟ 'ਤੇ ਸੰਸਦ ਦੇ ਮੈਂਬਰ ਚੁਣੇ ਗਏ ਸਨ। ਉਥੇ ਹੀ ਹੇਮਾ ਮਾਲਿਨੀ ਨੂੰ ਸਾਲ 2000 'ਚ ਉਨ੍ਹਾਂ ਦੇ ਕਲਾ ਦੇ ਖੇਤਰ 'ਚ ਯੋਗਦਾਨ ਲਈ ਭਾਰਤ ਸਰਕਾਰ ਵਲੋਂ ਪਦਮ ਸ਼੍ਰੀ ਸਨਮਾਨ ਨਾਲ ਨਵਾਜਿਆ ਜਾ ਚੁੱਕਾ ਹੈ। ਸਾਲ 2014 'ਚ ਮਥੁਰਾ ਲੋਕ ਸਭਾ ਲਈ ਚੁਣੇ ਜਾਣ ਤੋਂ ਪਹਿਲਾਂ ਵੀ ਉਹ 2003 ਤੋਂ 2009 ਤੱਕ ਅਤੇ 2011-12 'ਚ ਰਾਜ ਸਭਾ ਮੈਂਬਰ ਰਹਿ ਚੁੱਕੀ ਹੈ। ਇਸ ਤੋਂ ਇਲਾਵਾ ਉਹ ਸਾਲ 2002-2003 'ਚ ਰਾਸ਼ਟਰੀ ਫਿਲਮ ਵਿਕਾਸ ਨਿਗਮ ਦੀ ਪ੍ਰਧਾਨ ਵੀ ਰਹੀ।

Punjabi Bollywood Tadka

ਧਰਮਿੰਦਰ ਦਾ ਬੇਟਾ ਸੰਨੀ ਦਿਓਲ

ਧਰਮਿੰਦਰ ਤੇ ਹੇਮਾ ਮਾਲਿਨੀ ਤੋਂ ਬਾਅਦ ਹੁਣ ਬਾਲੀਵੁੱਡ ਐਕਟਰ ਸੰਨੀ ਦਿਓਲ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਹੱਥ ਫੜ੍ਹਿਆ ਹੈ। ਬਾਲੀਵੁੱਡ ਦੀ ਦੂਜੀ ਪੀੜ੍ਹੀ ਵੀ ਸਿਆਸੀ ਪਾਰੀ ਖੇਡਣ ਲਈ ਤਿਆਰ ਹੈ। ਹਾਲ ਹੀ 'ਚ ਸੰਨੀ ਦਿਓਲ ਨੇ ਦਿੱਲੀ ਸਥਿਤ ਹੈੱਡ ਕੁਆਰਟਰ 'ਚ ਕੇਂਦਰੀ ਮੰਤਰੀ ਪੀਊਸ਼ ਗੋਇਲ ਅਤੇ ਨਿਰਮਲਾ ਸੀਤਾਰਮਨ ਦੀ ਮੌਜੂਦਗੀ 'ਚ ਪਾਰਟੀ 'ਚ ਸ਼ਾਮਲ ਹੋਏ। ਉਨ੍ਹਾਂ ਨੂੰ ਪੰਜਾਬ ਦੇ ਗੁਰਦਾਸਪੁਰ ਸੀਟ ਤੋਂ ਟਿਕਟ ਦਿੱਤੀ ਜਾ ਸਕਦੀ ਹੈ। ਸੰਨੀ ਦਿਓਲ ਨੇ ਤਿੰਨ ਦਿਨ ਪਹਿਲਾਂ ਭਾਜਪਾ ਦੇ ਸੀਨੀਅਰ ਨੇਤਾ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਉਸ ਸਮੇਂ ਤੋਂ ਇਹ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਸੰਨੀ ਦਿਓਲ ਜਲਦ ਹੀ ਭਾਜਪਾ 'ਚ ਸ਼ਾਮਲ ਹੋ ਸਕਦੇ ਹਨ।

Punjabi Bollywood Tadka
ਧਰਮਿੰਦਰ ਤੇ ਹੇਮਾ ਮਾਲਿਨੀ ਵਾਂਗ ਸੰਨੀ ਦਿਓਲ ਵੀ ਜਨਤਾ ਦਰਮਿਆਨ ਰਹਿ ਕੇ ਆਪਣੀ ਸਿਆਸੀ ਛਾਪ ਲੋਕਾਂ ਦਰਮਿਆਨ ਛੱਡਣਗੇ। ਸੰਨੀ ਦਿਓਲ ਨੇ ਜਿਸ ਤਰ੍ਹਾਂ ਫਿਲਮਾਂ ਰਾਹੀਂ ਸੁਰੱਖਿਆ ਫੋਰਸਾਂ ਦਾ ਉਤਸ਼ਾਹ ਵਧਾਇਆ ਹੈ, ਉਸੇ ਤਰ੍ਹਾਂ ਨਾਲ ਉਹ ਸਿਆਸੀ ਜੀਵਨ 'ਚ ਵੀ ਆਪਣੀ ਪਾਰੀ ਅੱਗੇ ਵਧਾਉਣਗੇ। ਸੰਨੀ ਦਿਓਲ ਭਾਰਤੀ ਸਿਨੇਮਾ 'ਚ ਕਾਫੀ ਬਹਿਤਰੀਨ ਐਕਟਰ ਵਜੋਂ ਵੀ ਜਾਣੇ ਜਾਂਦੇ ਹਨ। ਦਿਓਲ ਪਰਿਵਾਰ ਤੋਂ ਹੇਮਾ ਮਾਲਿਨੀ ਪਹਿਲਾਂ ਹੀ ਮਥੁਰਾ ਤੋਂ ਭਾਜਪਾ ਦੀ ਟਿਕਟ 'ਤੇ ਚੋਣ ਮੈਦਾਨ 'ਚ ਨਿੱਤਰ ਚੁੱਕੀ ਹੈ। ਸਾਲ 2014 'ਚ ਵੀ ਹੇਮਾ ਮਾਲਿਨੀ ਨੇ ਮਥੁਰਾ ਤੋਂ ਜਿੱਤ ਦਰਜ ਕੀਤੀ ਸੀ।

ਸੁਨੀਲ ਦੱਤ ਦੀ ਧੀ ਪ੍ਰਿਆ ਦੱਤ

ਬਾਲੀਵੁੱਡ ਦੇ ਮਸ਼ਹੂਰ ਐਕਟਰ ਸੁਨੀਲ ਦੱਤ ਦੀ ਦੂਜੀ ਪੀੜ੍ਹੀ ਨੇ ਵੀ ਸਿਆਸਤ 'ਚ ਐਂਟਰੀ ਕਰ ਲਈ ਹੈ। ਦੱਸ ਦਈਏ ਕਿ ਸੁਨੀਲ ਦੱਤ ਦੀ ਧੀ ਤੇ ਬਾਲੀਵੁੱਡ ਐਕਟਰ ਸੰਜੇ ਦੱਤ ਦੀ ਭੈਣ ਪ੍ਰਿਆ ਦੱਤ ਕਾਂਗਰਸ ਦੀ ਟਿਕਟ 'ਤੇ ਮੁੰਬਈ ਨਾਰਥ ਸੈਂਟਰਲ ਤੋਂ ਲੋਕ ਸਭਾ ਚੋਣਾਂ ਲੜ ਰਹੀ ਹੈ। ਪ੍ਰਿਆ ਦੱਤ ਦਾ ਮੁਕਾਬਲਾ ਮੌਜੂਦਾ ਸੰਸਦ ਪੂਨਮ ਮਹਾਜਨ ਨਾਲ ਹੈ। ਉਥੇ ਹੀ ਬਸਪਾ ਨੇ ਵੀ ਇਸ ਸੀਟ 'ਤੇ ਇਮਰਾਨ ਮੁਸਤਫਾ ਖਾਨ ਨੂੰ ਮੈਦਾਨ 'ਚ ਉਤਾਰਿਆ ਹੈ।

Punjabi Bollywood Tadka
ਦੱਸਣਯੋਗ ਹੈ ਕਿ ਸੁਨੀਲ ਦੱਤ ਨੇ ਸਾਲ 1984 'ਚ ਸਿਆਸਤ 'ਚ ਪੈਰ ਧਰਦਿਆ ਮੁੰਬਈ ਨਾਰਥ ਵੈਸਟ ਤੋਂ ਨਾਮਜ਼ਦਗੀ ਪੱਤਰ ਭਰਿਆ ਸੀ। ਇਹ ਦਿਨ ਉਨ੍ਹਾਂ ਲਈ ਬਹੁਤ ਵੱਡਾ ਸੀ ਕਿਉਂਕਿ ਉਹ ਪਹਿਲਾਂ ਕਦੇ ਵੀ ਰਾਜਨੀਤੀ ਨਾਲ ਨਹੀਂ ਜੁੜੇ ਸਨ। ਫਿਲਮੀ ਕਰੀਅਰ 'ਚ ਇਕ ਮੁਕਾਮ ਹਾਸਲ ਕਰਨ ਤੋਂ ਬਾਅਦ ਸੁਨੀਲ ਦੱਤ ਨੇ ਸਿਆਸੀ ਜ਼ਿੰਦਗੀ 'ਚ ਵੀ ਕਈ ਵਾਰ ਸਫਲਤਾ ਹਾਸਲ ਕੀਤੀ, ਜਿਸ ਕਾਰਨ ਉਹ 5 ਵਾਰ ਕਾਂਗਰਸ ਦੇ ਮੁੰਬਈ ਨਾਰਥ ਵੈਸਟ ਤੋਂ ਐਮ. ਪੀ ਰਹੇ ਸਨ। ਸੁਨੀਲ ਦੱਤ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਰਾਜਨੀਤਿਕ ਵਿਰਾਸਤ ਨੂੰ ਬੇਟੀ ਪ੍ਰਿਆ ਦੱਤ ਅੱਗੇ ਵਧਾ ਰਹੀ ਹੈ। ਸਾਲ 2014 ਦੀਆਂ ਚੋਣਾਂ 'ਚ ਪ੍ਰਿਆ ਦੱਤ ਚੋਣਾਂ ਹਾਰ ਗਈ ਸੀ।

Punjabi Bollywood Tadka


Tags: Lok Sabha ElectionsSunny DeolBJPDharmendraLok Sabha 2019Hema MaliniGurdaspurSunil DuttSanjay DuttPriya DuttMumbai North CentralBollywood Celebrity

Edited By

Sunita

Sunita is News Editor at Jagbani.