ਜਲੰਧਰ (ਬਿਊਰੋ)— 12 ਅਪ੍ਰੈਲ ਨੂੰ ਵੱਡੇ ਪੱਧਰ 'ਤੇ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ 'ਮੰਜੇ ਬਿਸਤਰੇ 2' ਦਾ ਅਗਲਾ ਗੀਤ 'ਨੈਣਾ' 8 ਅਪ੍ਰੈਲ ਨੂੰ ਰਿਲੀਜ਼ ਹੋਵੇਗਾ। ਇਹ ਗੀਤ ਗੀਤਕਾਰ ਜੀਤ ਸੰਧੂ ਦਾ ਲਿਖਿਆ ਹੈ ਤੇ ਇਸ ਨੂੰ ਸੁਰੀਲੀ ਆਵਾਜ਼ ਅਦਾਕਾਰ ਤੇ ਗਾਇਕ ਕਰਮਜੀਤ ਅਨਮੋਲ ਨੇ ਦਿੱਤੀ ਹੈ। ਇਸ ਗੀਤ ਨੂੰ ਸੰਗੀਤ ਨਾਲ ਸ਼ਿੰਗਾਰਿਆ ਹੈ ਸੋਲ ਰੋਕਰਸ ਨੇ। ਪੋਸਟਰ ਨੂੰ ਦੇਖ ਕੇ 'ਨੈਣਾ' ਇਕ ਰੋਮਾਂਟਿਕ ਗੀਤ ਲੱਗ ਰਿਹਾ ਹੈ।
ਇਹ ਗੀਤ ਗਿੱਪੀ ਗਰੇਵਾਲ ਤੇ ਸਿੰਮੀ ਚਾਹਲ 'ਤੇ ਫਿਲਮਾਇਆ ਗਿਆ ਹੈ। ਦੱਸਣਯੋਗ ਹੈ ਕਿ ਫ਼ਿਲਮ ਦੇ ਟਰੇਲਰ ਤੋਂ ਲੈ ਕੇ ਹੁਣ ਤਕ ਰਿਲੀਜ਼ ਹੋਏ ਸਾਰੇ ਗਾਣਿਆਂ ਨੂੰ ਦਰਸ਼ਕਾਂ ਵਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ ਤੇ ਹੁਣ ਦਰਸ਼ਕ ਇਸ ਗੀਤ ਦੀ ਵੀ ਉਡੀਕ ਬੇਸਬਰੀ ਨਾਲ ਕਰ ਰਹੇ ਹਨ। ਸਾਗਾ ਮਿਊਜ਼ਿਕ ਦੇ ਯੂਟਿਊਬ ਚੈਨਲ 'ਤੇ ਇਹ ਗੀਤ ਰਿਲੀਜ਼ ਹੋਵੇਗਾ।
ਦੱਸਣਯੋਗ ਹੈ ਕਿ 'ਮੰਜੇ ਬਿਸਤਰੇ 2' ਫ਼ਿਲਮ ਦੇ ਨਿਰਦੇਸ਼ਕ ਬਲਜੀਤ ਸਿੰਘ ਦਿਓ ਹਨ। ਫਿਲਮ ਦੀ ਕਹਾਣੀ ਤੇ ਸਕ੍ਰੀਨਪਲੇਅ ਗਿੱਪੀ ਗਰੇਵਾਲ ਨੇ ਲਿਖਿਆ ਹੈ, ਜਦਕਿ ਡਾਇਲਾਗਸ ਨਰੇਸ਼ ਕਥੂਰੀਆ ਦੇ ਹਨ। ਗਿੱਪੀ ਗਰੇਵਾਲ ਦੀ ਹੋਮ ਪ੍ਰੋਡਕਸ਼ਨ ਹੰਬਲ ਮੋਸ਼ਨ ਪਿਕਚਰਜ਼ ਦੀ ਇਸ ਫ਼ਿਲਮ 'ਚ ਗਿੱਪੀ ਗਰੇਵਾਲ, ਸਿੰਮੀ ਚਾਹਲ, ਬੀ. ਐੱਨ. ਸ਼ਰਮਾ, ਗੁਰਪ੍ਰੀਤ ਘੁੱਗੀ, ਸਰਦਾਰ ਸੋਹੀ, ਹੋਬੀ ਧਾਲੀਵਾਲ, ਕਰਮਜੀਤ ਅਨਮੋਲ ਸਮੇਤ ਕਈ ਮਸ਼ਹੂਰ ਕਲਾਕਾਰ ਫ਼ਿਲਮ 'ਚ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।