ਮੁੰਬਈ (ਬਿਊਰੋ)— ਬੀਤੇ ਜ਼ਮਾਨੇ ਦੀ ਅਭਿਨੇਤਰੀ ਨਿੰਮੀ 85 ਸਾਲਾਂ ਦੀ ਹੋ ਗਈ ਹੈ। ਉਨ੍ਹਾਂ ਦਾ ਜਨਮ 18 ਫਰਵਰੀ, 1933 ਨੂੰ ਆਗਰਾ 'ਚ ਹੋਇਆ। ਨਿੰਮੀ ਇਕ ਮੁਸਲਿਮ ਪਰਿਵਾਰ ਨਾਲ ਸਬੰਧ ਰੱਖਦੀ ਹੈ ਪਰ ਫਿਲਮਾਂ ਲਈ ਉਸ ਨੇ ਆਪਣਾ ਨਾਮ ਬਾਨੂ ਤੋਂ ਨਿੰਮੀ ਰੱਖਿਆ। ਅੱਜ ਗੁੰਮਨਾਮੀ ਦੀ ਜ਼ਿੰਦਗੀ ਜੀਅ ਰਹੀ ਨਿੰਮੀ ਨੇ ਉਂਝ ਤਾਂ ਕਈ ਹਿੱਟ ਫਿਲਮਾਂ 'ਚ ਕੰਮ ਕੀਤਾ ਪਰ ਉਸ ਦੀ ਇਕ ਗਲਤੀ ਨੇ ਉਸ ਦਾ ਪੂਰਾ ਕਰੀਅਰ ਬਰਬਾਦ ਕਰਕੇ ਰੱਖ ਦਿੱਤਾ ਸੀ। 11 ਸਾਲ ਦੀ ਉਮਰ 'ਚ ਹੀ ਮਾਂ ਨੂੰ ਗੁਆ ਚੁੱਕੀ ਨਿੰਮੀ ਨੂੰ ਉਸ ਦੀ ਦਾਦੀ ਨੇ ਪਾਲਿਆ। 1963 'ਚ ਆਈ ਫਿਲਮ 'ਮੇਰੇ ਮਹਿਬੂਬ' ਦੇ ਡਾਇਰੈਕਟਰ ਹਰਮਨ ਸਿੰਘ ਰਵੈਲ ਨੇ ਨਿੰਮੀ ਨੂੰ ਫਿਲਮ 'ਚ ਲੀਡ ਅਭਿਨੇਤਰੀ ਦਾ ਰੋਲ ਦਿੱਤਾ ਪਰ ਨਿੰਮੀ ਲੀਡ ਰੋਲ ਦੀ ਜਗ੍ਹਾ ਸੈਕਿੰਡ ਲੀਡ ਰੋਲ, ਜੋ ਕਿ ਐਕਟਰ ਰਜਿੰਦਰ ਕੁਮਾਰ ਦੀ ਭੈਣ ਦਾ ਸੀ, ਕਰਨਾ ਚਾਹੁੰਦੀ ਸੀ। ਡਾਇਰੈਕਟਰ ਦੇ ਕਈ ਵਾਰ ਮਨਾਉਣ ਤੋਂ ਬਾਅਦ ਵੀ ਉਹ ਨਹੀਂ ਮੰਨੀ ਤੇ ਫਿਲਮ 'ਚ ਉਸ ਦੀ ਜਗ੍ਹਾ ਸਾਧਨਾ ਨੂੰ ਲੀਡ ਰੋਲ ਵਜੋਂ ਲਿਆ ਗਿਆ ਤੇ ਉਸ ਨੂੰ ਸੈਕਿੰਡ ਲੀਡ 'ਚ। ਫਿਲਮ ਸੁਪਰਹਿੱਟ ਰਹੀ ਤੇ ਸਾਧਨਾ ਦਾ ਕਰੀਅਰ ਚੱਲ ਪਿਆ, ਉਥੇ ਇਸ ਫਿਲਮ ਤੋਂ ਬਾਅਦ ਨਿੰਮੀ ਨੂੰ ਲੀਡ ਰੋਲ ਮਿਲਣੇ ਘੱਟ ਹੋ ਗਏ ਤੇ ਹੌਲੀ-ਹੌਲੀ ਉਸ ਦਾ ਕਰੀਅਰ ਖਤਮ ਹੋ ਗਿਆ।