ਜਲੰਧਰ— ਪੰਜਾਬੀ ਇੰਡਸਟਰੀ ਦੀ ਖੂਬਸੂਰਤ ਅਤੇ ਸੁਰੀਲੀ ਆਵਾਜ਼ ਦੀ ਮਲਿੱਕਾ ਨਿਮਰਤ ਖਹਿਰਾ ਅੱਜ 25 ਸਾਲ ਦੀ ਹੋ ਗਈ ਹੈ। ਉਨ੍ਹਾਂ ਦਾ ਜਨਮ 8 ਅਗਸਤ 1992 'ਚ ਜ਼ਿਲ੍ਹਾ ਗੁਰਦਾਸਪੁਰ 'ਚ ਹੋਇਆ। ਉਨ੍ਹਾਂ ਦਾ ਪੂਰਾ ਨਾਂ ਨਿਮਰਤ ਕੌਰ ਖਹਿਰਾ ਹੈ। ਉਨ੍ਹਾਂ ਨੇ ਆਪਣੀ ਸਕੂਲੀ ਸਿੱਖਿਆ ਡੀ. ਏ. ਵੀ. ਕਾਲਜ ਬਟਾਲਾ ਅਤੇ ਬੀ. ਏ. ਦੀ ਡਿਗਰੀ ਐੱਚ. ਐੱਮ. ਵੀ ਕਾਲਜ ਜਲੰਧਰ ਤੋਂ ਕੀਤੀ ਹੈ। ਇਸ ਤੋਂ ਇਲਾਵਾ ਉਹ 'ਵੋਇਸ ਆਫ ਪੰਜਾਬ ਸੀਜ਼ਨ 3' ਦੀ ਵਿਜੇਤਾ ਵੀ ਰਹਿ ਚੁੱਕੀ ਹੈ।
ਨਿਮਰਤ ਖਹਿਰਾ ਨੂੰ 'ਇਸ਼ਕ ਕਚਹਿਰੀ' ਗੀਤ ਰਾਹੀਂ ਮਿਲੀ ਪਛਾਣ
ਉਨ੍ਹਾਂ ਨੂੰ ਆਪਣੀ ਜ਼ਿੰਦਗੀ 'ਚ ਅਸਲੀ ਪਛਾਣ ਗੀਤ 'ਇਸ਼ਕ ਕਚਹਿਰੀ' ਰਾਹੀਂ ਮਿਲੀ ਸੀ। ਇਸ ਗੀਤ ਤੋਂ ਇਲਾਵਾ ਉਹ 'ਸੈਲਿਊਟ ਵੱਜਦੇ', 'ਰੌਹਬ ਰੱਖਦੀ', 'ਤਾਂ ਵੀ ਚੰਗਾ ਲੱਗਦਾ', 'ਅੱਖਰ', 'ਡੇ.ਜੇ ਵਾਲਿਆ', 'ਲਕੀਰਾਂ', 'ਗਾਨੀ', 'ਵੇਖ ਨੱਚਦੀ', 'ਦੀਦਾਰ', 'ਰੂਲ ਬ੍ਰੇਕਰ' ਵਰਗੇ ਗੀਤਾਂ ਨਾਲ ਲੋਕਾਂ ਦੀਆਂ ਧੜਕਣਾਂ ਨੂੰ ਛੁਹਿਆ ਹੈ ਅਤੇ ਇਕ ਮੁਕਾਮ ਹਾਸਲ ਕੀਤਾ ਹੈ।
ਜ਼ਿਕਰਯੋਗ ਹੈ ਕਿ ਨਿਮਰਤ ਨੇ ਆਪਣੇ ਜਨਮਦਿਨ ਦੀ ਖਬਰ ਖੁਦ ਆਪਣੇ ਪ੍ਰਸ਼ੰਸਕਾਂ ਨੂੰ ਸ਼ੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਉਨ੍ਹਾਂ ਇੰਸਟਾਗਰਾਮ 'ਚ ਇਕ ਤਸਵੀਰ ਵੀ ਸਾਂਝੀ ਕੀਤੀ, ਜਿਸ 'ਚ ਉਹ ਖੁਦ ਨੂੰ ਜਨਮਦਿਨ ਦੀਆਂ ਮੁਬਾਰਕਾਂ ਦੇ ਰਹੀ ਹੈ।