ਮੁੰਬਈ (ਬਿਊਰੋ)— ਅਦਾਕਾਰਾ ਡਾਇਰੈਕਟਰ ਅਤੇ ਪ੍ਰੋਡਿਊਸਰ ਨੀਨਾ ਗੁਪਤਾ ਆਪਣੀ ਐਕਟਿੰਗ ਨਾਲ ਅਫੇਅਰਸ ਅਤੇ ਮਾਡਰਨ ਸੋਚ ਨੂੰ ਲੈ ਕੇ ਕਾਫ਼ੀ ਮਸ਼ਹੂਰ ਰਹੀ ਹੈ। ਨੀਨਾ ਗੁਪਤਾ ਦਾ ਜਨਮ ਦਿੱਲੀ ਵਿਚ 4 ਜੁਲਾਈ 1959 ਨੂੰ ਹੋਇਆ ਸੀ। ਉਨ੍ਹਾਂ ਨੇ ਸਨਾਵਰ ਲਾਰੇਂਸ ਸਕੂਲ ਤੋਂ ਪੜ੍ਹਾਈ ਕੀਤੀ। ਉਸ ਤੋਂ ਬਾਅਦ ਉਨ੍ਹਾਂ ਨੇ ਮਾਸਟਰ ਡਿਗਰੀ ਸੰਸਕ੍ਰਿਤ 'ਚ ਹਾਸਿਲ ਕੀਤੀ।
ਨੀਨਾ ਗੁਪਤਾ ਅੱਸੀ ਦੇ ਦਹਾਕੇ ਵਿਚ ਮਸ਼ਹੂਰ ਕ੍ਰਿਕੇਟਰ ਵਿਵਿਅਨ ਰਿਚਰਡਸ ਨਾਲ ਆਪਣੇ ਅਫੇਅਰਸ ਨੂੰ ਲੈ ਕੇ ਕਾਫ਼ੀ ਚਰਚਾ 'ਚ ਰਹੀ। ਉਨ੍ਹਾਂ ਨੇ 1989 ਵਿਚ ਵਿਵਿਅਨ ਰਿਚਰਡਸ ਨਾਲ ਵਿਆਹ ਕੀਤੇ ਬਿਨ੍ਹਾਂ ਹੀ ਧੀ ਮਸਾਬਾ ਨੂੰ ਜਨਮ ਦਿੱਤਾ ਸੀ। ਬਿਨ ਬਿਆਹੀ ਮਾਂ ਬਣ ਕੇ ਉਨ੍ਹਾਂ ਨੇ ਸਮਾਜ ਨੂੰ ਚਰਚਾ ਦਾ ਇਕ ਹੋਰ ਵਿਸ਼ਾ ਦੇ ਦਿੱਤਾ।
ਉਸ ਵੇਲੇ ਨੀਨਾ ਗੁਪਤਾ ਦੀ ਕਾਫ਼ੀ ਆਲੋਚਨਾ ਵੀ ਹੋਈ ਸੀ ਪਰ ਉਨ੍ਹਾਂ ਨੇ ਸਮਾਜ ਦੀ ਕੋਈ ਫਿਕਰ ਨਾ ਕੀਤੀ। ਦੱਸ ਦੇਈਏ ਕਿ ਵਿਵਿਅਨ ਰਿਚਰਡਸ ਕ੍ਰਿਕੇਟ ਦੀ ਦੁਨੀਆ ਦੇ ਮਸ਼ਹੂਰ ਨਾਮਾਂ 'ਚ ਸ਼ੂਮਾਰ ਹਨ। ਜਦੋਂ ਵਿਵਿਅਨ ਨੇ ਨੀਨਾ ਗੁਪਤਾ ਨਾਲ ਮੁਲਾਕਾਤ ਕੀਤੀ ਤਾਂ ਉਹ ਪਹਿਲਾਂ ਤੋਂ ਹੀ ਵਿਆਹੇ ਹੋਏ ਸਨ। ਇਹ ਗੱਲ ਜਾਣ ਦੇ ਹੋਏ ਵੀ ਨੀਨਾ ਅਤੇ ਵਿਵਿਅਨ ਦਾ ਅਫੇਅਰ ਚੱਲਿਆ। ਵਿਵਿਅਨ ਰਿਚਰਡਸ ਨਾਲ ਦਿਲ ਟੁੱਟਣ ਤੋਂ ਬਾਅਦ ਨੀਨਾ ਗੁਪਤਾ ਨੇ ਸਾਲ 2008 ਵਿਚ ਦਿੱਲੀ ਵਿਚ ਰਹਿਣ ਵਾਲੇ ਵਿਵੇਕ ਮਹਿਰਾ ਨਾਲ ਵਿਆਹ ਕਰ ਲਿਆ। ਵਿਵੇਕ ਪੇਸ਼ੇ ਤੋਂ ਚਾਰਟਰਡ ਅਕਾਊਂਟੈਂਟ ਹਨ। ਦੋਵਾਂ ਨੇ ਗੁਪਤ ਤਰੀਕੇ ਨਾਲ ਅਮਰੀਕਾ 'ਚ ਵਿਆਹ ਕੀਤਾ ਸੀ। ਨੀਨਾ ਦਾ ਕਹਿਣਾ ਹੈ ਕਿ ਚਾਹੇ ਹੀ ਵਿਵਿਅਨ ਨਾਲ ਉਨ੍ਹਾਂ ਨੇ ਵਿਆਹ ਨਾ ਕੀਤਾ ਪਰ ਉਨ੍ਹਾਂ ਦੀ ਧੀ ਮਸਾਬਾ ਲਗਾਤਾਰ ਵਿਵਿਅਨ ਨਾਲ ਸੰਪਰਕ 'ਚ ਰਹਿੰਦੀ ਹੈ। ਮਸਾਬਾ ਆਪਣੀ ਮਾਂ ਨੀਨਾ ਗੁਪਤਾ ਨੂੰ ਆਪਣਾ ਰੋਲ ਮਾਡਲ ਮੰਨਦੀ ਹੈ। ਮਸਾਬਾ ਹੁਣ ਇਕ ਸਫਲ ਫ਼ੈਸ਼ਨ ਡਿਜ਼ਾਈਨਰ ਹੈ। ਫਿਲਮਾਂ ਦੀ ਗੱਲ ਕਰੀਏ ਤਾਂ ਨੀਨਾ ਗੁਪਤਾ ਨੂੰ 1994 'ਚ ਫਿਲਮ 'ਵੋ ਛੋਕਰੀ' ਲਈ 'ਬੈਸਟ ਸਪੋਰਟਿੰਗ ਅਦਾਕਾਰਾ' ਦਾ ਨੈਸ਼ਨਲ ਐਵਾਰਡ ਮਿਲਿਆ ਸੀ। ਨੀਨਾ ਨੇ ਕਈ ਅੰਤਰਰਾਸ਼ਟਰੀ ਫਿਲਮਾਂ 'ਚ ਵੀ ਆਪਣੀ ਪਛਾਣ ਬਣਾਈ। ਇਨ੍ਹਾਂ 'ਚ 'ਗਾਂਧੀ', 'ਇਨ ਕਸਟਡੀ', 'ਕਾਟਨ ਮੇਰੀ' ਵਰਗੀਆਂ ਫਿਲਮਾਂ ਸ਼ਾਮਿਲ ਰਹੀਆਂ ਹਨ। ਹਿੰਦੀ ਫਿਲਮਾਂ 'ਚ ਨੀਨਾ ਗੁਪਤਾ ਨੇ 'ਖਲਨਾਇਕ', 'ਬਾਜ਼ਾਰ ਸੀਤਾਰਾਮ', 'ਵੋ ਛੋਕਰੀ' ਵਰਗੀਆਂ ਵਧੀਆ ਹਿੰਦੀ ਫਿਲਮਾਂ ਵਿਚ ਕੰਮ ਕੀਤਾ ਹੈ।