ਜਲੰਧਰ (ਬਿਊਰੋ) — ਵੱਖ-ਵੱਖ ਗੀਤਾਂ ਤੇ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ 'ਚ ਖਾਸ ਪਛਾਣ ਬਣਾਉਣ ਵਾਲੇ ਪੰਜਾਬੀ ਗਾਇਕ ਨਿੰਜਾ ਬਹੁਤ ਜਲਦ ਫਿਲਮ 'ਦੂਰਬੀਨ' ਤੇ 'ਜ਼ਿੰਦਗੀ ਜ਼ਿੰਦਾਬਾਦ' ਨਾਲ ਵੱਡੇ ਪਰਦੇ 'ਤੇ ਨਜ਼ਰ ਆਉਣ ਵਾਲੇ ਹਨ। ਦੱਸ ਦਈਏ ਕਿ ਨਿੰਜਾ ਇਕ ਬਿਹਤਰੀਨ ਗਾਇਕ ਹਨ ਪਰ ਇਸ ਤੋਂ ਇਲਾਵਾ ਉਹ ਪੰਜਾਬੀ ਲੋਕ ਸਾਜ਼ਾਂ ਨੂੰ ਵਜਾਉਣ 'ਚ ਵੀ ਮਾਹਿਰ ਹਨ। ਹਾਲ ਹੀ 'ਚ ਉਨ੍ਹਾਂ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।
ਦੱਸ ਦਈਏ ਕਿ ਵਾਇਰਲ ਵੀਡੀਓ 'ਚ ਨਿੰਜਾ ਪੰਜਾਬੀ ਲੋਕ ਸਾਜ਼ ਅਲਗੋਜ਼ੇ ਵਜਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਉਨ੍ਹਾਂ ਦੇ ਨਾਲ ਕੁਝ ਢੋਲੀ ਵੀ ਨਜ਼ਰ ਆ ਰਹੇ ਹਨ। ਢੋਲੀ ਵਾਲੇ ਤੇ ਨਿੰਜਾ ਦੀ ਜੁਗਲਬੰਦੀ ਨੇ ਸਮਾਂ ਬੰਨ ਕੇ ਰੱਖ ਦਿੱਤਾ। ਨਿੰਜਾ ਆਪਣੇ ਪ੍ਰੋਜੈਕਟ ਦੇ ਚੱਲਦੇ ਬਰਮਿੰਘਮ ਪਹੁੰਚੇ ਹੋਏ ਹਨ।
ਦੱਸਣਯੋਗ ਹੈ ਕਿ ਪੰਜਾਬੀ ਫਿਲਮ 'ਦੂਰਬੀਨ' ਦੇ ਨਿਰਮਾਤਾ ਜੁਗਰਾਜ ਬੱਲ, ਯਾਦਵਿੰਦਰ ਵਿਰਕ ਅਤੇ ਸੁੱਖਰਾਜ ਰੰਧਾਵਾ ਨੇ ਫਿਲਮ 'ਦੂਰਬੀਨ' ਦੀ ਕਮਾਈ ਦਾ 20 ਫੀਸਦੀ ਹਿੱਸਾ ਹੜ੍ਹ ਪੀੜਤਾਂ ਦੀ ਮਦਦ ਲਈ ਦੇਣ ਦਾ ਐਲਾਨ ਕੀਤਾ। ਫਿਲਮ 'ਦੂਰਬੀਨ' 'ਚ ਰੁਪਿੰਦਰ ਰੂਪੀ, ਹੌਬੀ ਧਾਲੀਵਾਲ, ਯੋਗਰਾਜ ਸਿੰਘ, ਕਰਮਜੀਤ ਅਨਮੋਲ, ਗੁਰਪ੍ਰੀਤ ਭੰਗੂ, ਗੁਰਮੀਤ ਸਾਜਨ, ਹਾਰਬੀ ਸੰਘਾ ਅਤੇ ਜੈਸਮੀਨ ਬਾਜਵਾ ਵਰਗੇ ਕਈ ਕਲਾਕਾਰ ਅਹਿਮ ਭੂਮਿਕਾ ਨਿਭਾ ਰਹੇ ਹਨ।