ਜਲੰਧਰ(ਬਿਊਰੋ)— ਪੰਜਾਬੀ ਫਿਲਮਾਂ ਦੀ ਸ਼ਾਨ ਤੇ ਅਦਾਕਾਰਾ ਨਿਸ਼ਾ ਬਾਨੋ ਨੇ ਬੀਤੀ ਦਿਨੀਂ ਆਪਣਾ ਜਨਮਦਿਨ 'ਮੰਜੇ ਬਿਸਤਰੇ 2' ਦੇ ਸੈੱਟ 'ਤੇ ਸੈਲੀਬ੍ਰੇਟ ਕੀਤਾ, ਜਿਸ ਦੀ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀ ਹੈ। ਦੱਸ ਦੇਈਏ ਕਿ ਨਿਸ਼ਾ ਬਾਨੋ ਦਾ ਜਨਮ 26 ਜੂਨ ਨੂੰ ਹੋਇਆ ਸੀ। ਦੱਸ ਦੇਈਏ ਕਿ ਨਿਸ਼ਾ ਬਾਨੋ ਨੂੰ ਬਚਪਨ ਤੋਂ ਹੀ ਕਲਾ ਦੇ ਖੇਤਰ 'ਚ ਰੁਚੀ ਸੀ। ਉਨ੍ਹਾਂ ਨੇ ਸਕੂਲ, ਕਾਲਜ ਤੇ ਯੂਨੀਵਰਸਿਟੀ ਪੱਧਰ 'ਤੇ ਆਪਣੇ ਹੁਨਰ ਨੂੰ ਪੇਸ਼ ਕੀਤਾ। ਕਲਾ ਦੇ ਖੇਤਰ 'ਚ ਅਸਲੀ ਪਛਾਣ ਨਿਸ਼ਾ ਬਾਨੋ ਨੂੰ ਭਗਵੰਤ ਮਾਨ ਦੇ ਟੀ. ਵੀ. ਨਾਟਕਾਂ ਤੋਂ ਮਿਲੀ ਸੀ।
ਇਸ ਦੌਰਾਨ ਉਨ੍ਹਾਂ ਨੇ ਬੀਨੂੰ ਢਿੱਲੋਂ ਤੇ ਕਰਮਜੀਤ ਅਨਮੋਲ ਨਾਲ ਵੀ ਕੰਮ ਕੀਤਾ। ਉਨ੍ਹਾਂ ਨੇ 'ਜੱਟ ਐਂਡ ਜੂਲੀਅਟ' ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਇਲਾਵਾ ਨਿਸ਼ਾ ਬਾਨੋ ਹਾਲ ਹੀ 'ਚ ਰੌਸ਼ਨ ਪ੍ਰਿੰਸ ਦੀ ਫਿਲਮ 'ਲਾਵਾਂ ਫੇਰੇ' 'ਚਨਜ਼ਰ ਆਈ ਸੀ। ਇਸ ਦੌਰਾਨ ਉਨ੍ਹਾਂ ਨੇ ਆਪਣੀ ਕਮਾਲ ਦੀ ਅਦਾਕਾਰੀ ਨਾਲ ਫੈਨਜ਼ ਦਾ ਦਿਲ ਲੁੱਟਿਆ।
ਇਸ ਤੋਂ ਇਲਾਵਾ ਉਨ੍ਹਾਂ ਨੇ 'ਜੱਟ ਏਅਰਵੇਜ਼', 'ਭਾਅ ਜੀ ਇਨ ਟਰਬਲ', 'ਪੁੱਤ ਜੱਟਾਂ ਦੇ- ਦ ਜੱਟ ਬੁਆਏਜ਼', 'ਅੰਗਰੇਜ਼', 'ਫੇਰ ਮਾਮਲਾ ਗੜਬੜ ਗੜਬੜ', 'ਬਾਜ', 'ਫਤਹਿ', 'ਮੈਂ ਤੇਰਾ ਤੂੰ ਮੇਰੀ', 'ਟੇਸ਼ਣ' ਅਤੇ 'ਨਿੱਕਾ ਜ਼ੈਲਦਾਰ' ਵਰਗੀਆਂ ਚਰਚਿਤ ਫਿਲਮਾਂ 'ਚ ਅਹਿਮ ਕਿਰਦਾਰ ਨਿਭਾਅ ਕੇ ਆਪਣੀ ਪਹਿਚਾਣ ਗੂੜ੍ਹੀ ਕੀਤੀ। ਉਪਰੋਕਤ ਫ਼ਿਲਮਾਂ 'ਚੋਂ ਨਿਸ਼ਾ ਬਾਨੋ ਨੂੰ ਨਿੱਕਾ ਜ਼ੈਲਦਾਰ (ਸ਼ਾਂਤੀ) ਅਤੇ ਅੰਗਰੇਜ਼ (ਗੇਲੋ) ਵਿਚਲੇ ਕਿਰਦਾਰਾਂ ਨੇ ਬਹੁਚਰਚਿਤ ਅਦਾਕਾਰਾ ਬਣਾ ਦਿੱਤਾ। ਜਿੱਥੇ ਨਿਸ਼ਾ ਬਾਨੋ ਆਪਣੀ ਸਹਿਜਮਈ ਅਦਾਕਾਰੀ ਅਤੇ ਸੋਹਣੀ ਦਿੱਖ ਨਾਲ ਪੰਜਾਬੀ ਸਿਨੇਮੇ 'ਚ ਨਿਵੇਕਲੀ ਪਛਾਣ ਬਣਾ ਰਹੀ ਹੈ, ਉੱਥੇ ਆਪਣੀ ਸੁਰੀਲੀ ਅਤੇ ਬੁਲੰਦ ਆਵਾਜ਼ ਨਾਲ ਗਾਇਕੀ ਦੇ ਖੇਤਰ 'ਚ ਵੀ ਸਮਾਂਤਰ ਅੱਗੇ ਵਧ ਰਹੀ ਹੈ।
ਦੱਸਣਯੋਗ ਹੈ ਕਿ ਨਿਸ਼ਾ ਬਾਨੋ ਗਿੱਪੀ ਗਰੇਵਾਲ ਦੀ ਆਉਣ ਵਾਲੀ ਫਿਲਮ 'ਮੰਜੇ ਬਿਸਤਰੇ 2' 'ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਸਿਮੀ ਚਾਹਲ, ਸਰਦਾਰ ਸੋਹੀ, ਰਾਣਾ ਰਣਬੀਰ ਵਰਗੇ ਕਲਾਕਾਰ ਮੁੱਖ ਭੂਮਿਕਾ 'ਚ ਹਨ।