FacebookTwitterg+Mail

ਨੂਰਾਂ ਸਿਸਟਰਜ਼ ਦੇ ਭਰਾ 'ਤੇ ਸਹੁਰਿਆਂ ਦਾ ਹਮਲਾ, ਪਿਤਾ ਗੁਲਸ਼ਨ ਨੇ ਕੁੜਮਣੀ 'ਤੇ ਲਾਏ ਦੋਸ਼

nooran sisters
22 March, 2018 12:42:45 PM

ਜਲੰਧਰ(ਕਮਲੇਸ਼)— ਸੂਫੀ ਗਾਇਕਾ ਨੂਰਾਂ ਸਿਸਟਰਜ਼ ਦੇ ਭਰਾ ਸਾਹਿਲ ਮੀਰ ਵਾਸੀ ਬਸਤੀ ਦਾਨਿਸ਼ਮੰਦਾਂ ਨੇ ਪ੍ਰੈੱਸ ਕਾਨਫਰੰਸ ਕਰ ਕੇ ਆਪਣੇ ਸਹੁਰਿਆਂ 'ਤੇ ਕੁੱਟ-ਮਾਰ ਦਾ ਦੋਸ਼ ਲਾਇਆ ਹੈ। ਸਾਹਿਲ ਨੇ ਦੱਸਿਆ ਕਿ ਅੱਜ ਜਦੋਂ ਉਨ੍ਹਾਂ ਦੇ ਸਹੁਰਾ ਪਰਿਵਾਰ ਦੇ ਮੈਂਬਰਾਂ ਨੂੰ ਸਮਝੌਤਾ ਲਈ ਥਾਣੇ ਬੁਲਾਇਆ ਗਿਆ ਸੀ, ਇਸ ਤੋਂ ਪਹਿਲਾਂ ਮਹਿਲਾ ਥਾਣੇ ਅੰਦਰ ਜਾਂਦੇ ਉਨ੍ਹਾਂ ਦੀ ਪਤਨੀ ਤੇ ਸਹੁਰਾ ਪਰਿਵਾਰ ਦੇ ਮੈਂਬਰਾਂ ਨੇ ਉਨ੍ਹਾਂ ਨਾਲ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਨ੍ਹਾਂ ਦੇ ਕੱਪੜੇ ਫਟ ਗਏ। 
ਸਾਹਿਲ ਨੇ ਦੱਸਿਆ ਕਿ ਉਸਦਾ ਵਿਆਹ 3 ਸਾਲ ਪਹਿਲਾਂ ਹੋਇਆ ਸੀ ਪਰ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਸਹੁਰਾ ਪਰਿਵਾਰ ਦੇ ਲੋਕਾਂ ਨੇ ਉਨ੍ਹਾਂ 'ਤੇ ਦਾਜ ਮੰਗਣ ਦੇ ਝੂਠੇ ਇਲਜ਼ਾਮ ਲਾ  ਉਨ੍ਹਾਂ ਖਿਲਾਫ ਥਾਣੇ ਵਿਚ ਸ਼ਿਕਾਇਤ ਦੇ ਦਿੱਤੀ। ਸਾਹਿਲ ਨੇ ਕਿਹਾ ਕਿ ਇਹ ਮਾਮਲਾ ਥਾਣੇ ਵਿਚ ਵਿਚਾਰ ਅਧੀਨ ਹੈ ਤੇ ਅੱਜ ਉਹ ਇਸ ਸਬੰਧ ਵਿਚ ਥਾਣੇ ਆਏ ਸਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਸ਼ਿਕਾਇਤ ਉਨ੍ਹਾਂ ਡੀ. ਸੀ. ਪੀ. ਕ੍ਰਾਈਮ ਨੂੰ ਦੇ ਦਿੱਤੀ ਹੈ। ਓਧਰ ਜਦੋਂ ਇਸ ਬਾਰੇ ਮਹਿਲਾ ਥਾਣੇ ਦੇ ਇੰਸ. ਕੁਲਵੰਤ ਸਿੰਘ ਤੇ ਅਵਤਾਰ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਦੀ ਕੋਈ ਜਾਣਕਾਰੀ ਨਹੀਂ ਹੈ।

ਸਾਹਿਲ ਵਲੋਂ ਲਾਏ ਜਾ ਰਹੇ ਦੋਸ਼ ਝੂਠੇ : ਨੂਰ
ਇਸ ਮਾਮਲੇ ਵਿਚ ਜਦੋਂ ਸਾਹਿਲ ਦੇ ਸਹੁਰਾ ਪਰਿਵਾਰ ਦੇ ਮੈਂਬਰਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਹਿਲ ਵਲੋਂ ਲਾਏ ਗਏ ਸਾਰੇ ਦੋਸ਼ ਝੂਠੇ ਹਨ ਤੇ ਅੱਜ ਉਹ ਮਹਿਲਾ ਥਾਣੇ ਵਿਚ ਸਮਝੌਤਾ ਕਰਨ ਦੇ ਇਰਾਦੇ ਨਾਲ ਗਏ ਸਨ। ਉਨ੍ਹਾਂ ਕਿਹਾ ਕਿ ਵਿਆਹ ਤੋਂ ਕੁਝ ਸਮਾਂ ਬਾਅਦ ਹੀ ਉਨ੍ਹਾਂ ਦੀ ਭੈਣ ਵੀਰ ਨਾਲ ਸਾਹਿਲ ਤੇ ਉਸਦੇ ਪਰਿਵਾਰ ਨੇ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ ਸੀ, ਜਿਸ ਕਾਰਨ ਉਹ ਵੀਰ ਨੂੰ ਆਪਣੇ ਨਾਲ ਲੈ ਆਏ ਸਨ ਤੇ ਇਸ ਮਾਮਲੇ ਵਿਚ ਮਹਿਲਾ ਥਾਣੇ ਵਿਚ ਦਰਖਾਸਤ ਵੀ ਦਿੱਤੀ ਸੀ। 
ਉਨ੍ਹਾਂ ਕਿਹਾ ਕਿ ਅਸਲ ਵਿਚ ਜ਼ੁਲਮ ਤਾਂ ਉਨ੍ਹਾਂ ਦੀ ਭੈਣ 'ਤੇ ਹੋਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੁਲਸ ਦੀ ਕਾਰਵਾਈ 'ਤੇ ਪੂਰਾ ਭਰੋਸਾ ਹੈ।


Tags: Nooran SistersCourt PoliceBulleh ShahPunjabi Singers

Edited By

Sunita

Sunita is News Editor at Jagbani.