ਮੁੰਬਈ (ਬਿਊਰੋ)— ਪਾਕਿਸਤਾਨ ਦੇ ਸੂਫੀ ਅਤੇ ਕੱਵਾਲੀ ਗਾਇਕ ਉਸਤਾਦ ਨੁਸਰਤ ਫਤਿਹ ਅਲੀ ਖਾਨ ਦਾ ਅੱਜ ਜਨਮਦਿਨ ਹੈ। ਪਾਕਿਸਤਾਨ ਬਣਨ ਦੇ ਲਗਭਗ ਸਾਲ ਭਰ ਬਾਅਦ ਨੁਸਰਤ ਦਾ ਜਨਮ 13 ਅਕਤੂਬਰ 1948 ਨੂੰ ਪੰਜਾਬ ਦੇ ਲਾਇਲਪੁਰ (ਮੌਜੂਦਾ ਫੈਸਲਾਬਾਦ) 'ਚ ਹੋਇਆ। ਨੁਸਰਤ ਨੇ ਅਜਿਹੇ ਗੀਤ, ਗਜ਼ਲਾਂ ਅਤੇ ਕੱਵਾਲੀਆਂ ਦਿੱਤੀਆਂ ਹਨ, ਜਿਨ੍ਹਾਂ ਨੂੰ ਅੱਜ ਵੀ ਲੋਕ ਸੁਣਦੇ ਨਹੀਂ ਥੱਕਦੇ। ਅੱਜ ਵੀ ਨੁਸਰਤ ਅਲੀ ਖਾਨ ਦੀ ਆਵਾਜ਼ ਕੰਨਾਂ 'ਚ ਪੈਂਦੀ ਹੈ ਤਾਂ ਬਹੁਤ ਜਿਹੇ ਲੋਕ ਮੰਤਰਮੁਗਧ ਹੋ ਕੇ ਉਨ੍ਹਾਂ ਦੀ ਗਾਇਕੀ 'ਚ ਖੋ ਜਾਂਦੇ ਹਨ।

ਉਸ ਆਵਾਜ਼ ਦੀ ਰੂਹਾਨੀਅਤ ਨੂੰ ਚਾਹ ਕੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਦੀ ਆਵਾਜ਼, ਉਨ੍ਹਾਂ ਦਾ ਅੰਦਾਜ਼, ਹੱਥਾਂ ਨੂੰ ਹਿਲਾਉਣਾ, ਚਿਹਰੇ 'ਤੇ ਸੰਜੀਦਗੀ ਦਾ ਭਾਵ, ਸੰਗੀਤ ਦਾ ਉਮਦਾ ਪ੍ਰਯੋਗ, ਸ਼ਬਦਾਂ ਦੀ ਸ਼ਾਨਦਾਰ ਰਵਾਨਗੀ, ਉਨ੍ਹਾਂ ਦੀ ਖਨਕ, ਸਭ ਕੁਝ ਸਾਨੂੰ ਕਿਸੇ ਦੂਜੀ ਦੁਨੀਆ 'ਚ ਲੈ ਜਾਣ ਲਈ ਮਜ਼ਬੂਰ ਕਰਦੇ ਹਨ, ਜਿਸ ਨੁਸਰਤ ਫਤਿਹ ਅਲੀ ਖਾਨ ਨੂੰ ਅਸੀਂ ਜਾਣਦੇ ਹਾਂ, ਉਹ ਆਵਾਜ਼ ਦੇ ਜਾਦੂਗਰ ਹੈ ਪਰ ਬਚਪਨ 'ਚ ਉਹ ਗਾਇਕੀ ਨਹੀਂ ਸਗੋਂ ਤਬਲੇ ਦਾ ਅਭਿਆਸ ਕਰਦੇ ਸਨ।

ਨੁਸਰਤ ਦੇ ਜਾਦੂ ਨੇ ਸਰਹੱਦਾਂ ਪਾਰ ਕੀਤੀਆਂ। ਇਸ ਪਾਰ ਭਾਰਤ 'ਚ ਵੀ ਉਨ੍ਹਾਂ ਦੇ ਗੀਤ ਅਤੇ ਕੱਵਾਲੀਆਂ ਸਿਰ ਚੜ੍ਹ ਕੇ ਬੋਲਣ ਲੱਗੀਆਂ। 'ਮੇਰਾ ਪੀਆ ਘਰ ਆਇਆ', 'ਪੀਆ ਰੇ ਪੀਆ ਰੇ', 'ਸਾਨੂੰ ਇਕ ਪਲ ਚੈਨ ਨਾ ਆਵੇ', 'ਤੇਰੇ ਬਿਨ', 'ਪਿਆਰ ਨਹੀਂ ਕਰਨਾ', 'ਸਾਇਆ ਵੀ ਜਬ ਸਾਥ ਛੱਡ ਜਾਵੇ', 'ਸਾਂਸੋ ਦੀ ਮਾਲਾ ਪੇ' ਅਤੇ ਅਜਿਹੇ ਕਿੰਨੇ ਹੀ ਗੀਤ ਅਤੇ ਕੱਵਾਲੀਆਂ ਹਨ, ਜੋ ਦੁਨੀਆ ਭਰ ਦਾ ਸੰਗੀਤ ਖੁਦ 'ਚ ਸਮੇਟੇ ਹੋਏ ਹਨ।

ਆਪਣੇ ਪਾਕਿਸਤਾਨੀ ਐਲਬਮਜ਼ ਨਾਲ ਭਾਰਤ 'ਚ ਧੂੰਮ ਮਚਾਉਣ ਤੋਂ ਬਾਅਦ ਨੁਸਰਤ ਫਤਿਹ ਅਲੀ ਖਾਨ ਨੂੰ ਜਦੋਂ ਬਾਲੀਵੁੱਡ 'ਚ ਫਿਲਮ ਦਾ ਨਿਓਤਾ ਮਿਲਿਆ ਤਾਂ ਉਨ੍ਹਾਂ ਨੇ ਸ਼ਾਇਰ ਦੇ ਮਾਮਲਿਆਂ 'ਚ ਆਪਣੀ ਪਸੰਦ ਸਾਫ ਕਰ ਦਿੱਤੀ ਕਿ ਉਹ ਕੰਮ ਕਰਨਗੇ ਤਾਂ ਸਿਰਫ ਜਾਵੇਦ ਅਖਤਰ ਸਾਹਿਬ ਨਾਲ। ਇਸ ਤਰ੍ਹਾਂ ਦੋ ਮੁਲਕਾਂ ਦੇ ਦੋ ਵੱਡੇ ਫਨਕਾਰਾਂ ਦਾ ਸੰਗਮ ਹੋਇਆ ਅਤੇ ਐਲਬਮ ਨਿਕਲਿਆ 'ਸੰਗਮ'।

'ਸੰਗਮ' ਦਾ ਹਿੱਟ ਗੀਤ ਸੀ 'ਆਫਰੀਨ ਆਫਰੀਨ'। ਜਾਵੇਦ ਅਖਤਰ ਦੇ ਬੋਲਾਂ ਨੂੰ ਨੁਸਰਤ ਫਤਿਹ ਅਲੀ ਖਾਨ ਨੇ ਇਸ ਗੀਤ ਨੂੰ ਅਜਿਹੀ ਰਵਾਨਗੀ ਦਿੱਤੀ ਹੈ ਕਿ ਗੀਤ ਖਤਮ ਹੋਣ ਦਾ ਬਾਅਦ ਵੀ ਇਸ ਦਾ ਨਸ਼ਾ ਨਹੀਂ ਟੁੱਟਦਾ, ਜਿਸ ਸਮੇਂ ਨੁਸਰਤ ਫਤਿਹ ਅਲੀ ਖਾਨ ਦਾ ਨਾਂ ਦੁਨੀਆ 'ਚ ਸਿਰ ਚੜ੍ਹ ਕੇ ਬੋਲ ਰਿਹਾ ਸੀ। ਉਸ ਸਮੇਂ ਉਨ੍ਹਾਂ ਦੇ ਭਤੀਜੇ ਰਾਹਤ ਫਤਿਹ ਅਲੀ ਖਾਨ ਉਨ੍ਹਾਂ ਤੋਂ ਗਾਇਕ ਦੀਆਂ ਬਾਰੀਕੀਆਂ ਸਿੱਖ ਰਹੇ ਸਨ। ਜਦੋਂ ਵੀ ਨੁਸਰਤ ਕਿਤੇ ਵੀ ਪ੍ਰੋਗਰਾਮ ਪੇਸ਼ ਕਰਦੇ ਤਾਂ ਰਾਹਤ ਦਾ ਕੰਮ ਸਿਰਫ ਅਲਾਪ ਦੇਣਾ ਹੁੰਦਾ ਸੀ।
