FacebookTwitterg+Mail

ਕਿਸੇ ਨੂੰ ਵੀ ਮੇਰੇ ਪਹਿਰਾਵੇ 'ਤੇ ਟਿੱਪਣੀ ਨਹੀਂ ਕਰਨੀ ਚਾਹੀਦੀ, ਧਰਮ ਕੱਪੜਿਆਂ ਤੋਂ ਪਰ੍ਹੇ ਹੈ : ਨੁਸਰਤ ਜਹਾਂ

nusrat hits back at cleric  says she s a citizen of secular india
01 July, 2019 09:01:47 AM

ਸਹਾਰਨਪੁਰ/ਕੋਲਕਾਤਾ (ਬਿਊਰੋ) — ਨਵੀਂ ਚੁਣੀ ਸੰਸਦ ਮੈਂਬਰ ਤੇ ਮਸ਼ਹੂਰ ਅਭਿਨੇਤਰੀ ਨੁਸਰਤ ਜਹਾਂ ਨੇ ਕਿਹਾ ਹੈ ਕਿ 'ਕਿਸੇ ਨੂੰ ਇਸ 'ਤੇ ਟਿੱਪਣੀ ਨਹੀਂ ਕਰਨੀ ਚਾਹੀਦੀ ਕਿ ਉਹ ਕੀ ਪਹਿਨਦੀ ਹੈ ਕਿਉਂਕਿ 'ਧਰਮ ਕੱਪੜਿਆਂ ਤੋਂ ਪਰ੍ਹੇ ਹੁੰਦਾ ਹੈ।' ਅਭਿਨੇਤਰੀ ਨੇ ਕੱਟੜਪੰਥੀ ਮੌਲਵੀਆਂ ਦੀ ਵੀ ਵਿਰੋਧਤਾ ਕੀਤੀ, ਜਿਨ੍ਹਾਂ ਨੇ ਉਸ ਦੇ ਸਿੰਧੂਰ ਲਾਉਣ ਅਤੇ ਮੰਗਲ ਸੂਤਰ ਪਹਿਨਣ ਦੀ ਆਲੋਚਨਾ ਕੀਤੀ ਹੈ। ਦੇਵਬੰਦ ਦੇ ਮੌਲਵੀਆਂ ਦੇ ਇਕ ਧੜੇ ਨੇ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਵਿਰੁੱਧ ਕਥਿਤ ਤੌਰ 'ਤੇ 'ਫਤਵਾ' ਵੀ ਜਾਰੀ ਕੀਤਾ।

ਪੱਛਮੀ ਬੰਗਾਲ ਦੀ ਬਸੀਰਹਾਟ ਦੀ ਸੰਸਦ ਮੈਂਬਰ 25 ਜੂਨ ਨੂੰ ਪਹਿਲੀ ਵਾਰ ਸੰਸਦ ਵਿਚ ਸਿੰਧੂਰ ਲਾ ਕੇ ਪਹੁੰਚੀ ਤੇ ਸਹੁੰ ਚੁੱਕਣ ਮਗਰੋਂ ਉਸ ਨੇ 'ਵੰਦੇ ਮਾਤਰਮ' ਕਿਹਾ। ਨੁਸਰਤ ਜਹਾਂ (29) ਨੇ ਕਾਰੋਬਾਰੀ ਨਿਖਿਲ ਜੈਨ ਨਾਲ ਜੂਨ ਵਿਚ ਤੁਰਕੀ ਵਿਚ ਵਿਆਹ ਕਰਵਾਇਆ ਅਤੇ ਇਸ ਦੇ ਕੁਝ ਦਿਨਾਂ ਬਾਅਦ ਉਸ ਨੇ ਸੰਸਦ ਵਿਚ ਸਹੁੰ ਚੁੱਕੀ। ਮੌਲਵੀਆਂ ਨੇ ਦਾਅਵਾ ਕੀਤਾ ਕਿ ਜਹਾਂ ਨੇ ਜੈਨ ਧਰਮ ਵਿਚ ਵਿਆਹ ਕਰਵਾ ਕੇ ਇਸਲਾਮ ਦਾ ਨਿਰਾਦਰ ਕੀਤਾ ਤੇ ਉਸ ਦੇ ਪਹਿਰਾਵੇ ਨੂੰ 'ਗੈਰ ਇਸਲਾਮਿਕ' ਦੱਸਿਆ।

ਜਾਮੀਆ ਸ਼ੇਖ-ਉਲ-ਹਿੰਦ ਦੇ ਮੁਫਤੀ ਅਸਦ ਕਾਸਮੀ ਨੇ ਦਾਅਵਾ ਕੀਤਾ, ''ਮੁਸਲਮਾਨਾਂ ਦੇ ਵਿਆਹ ਮੁਸਲਮਾਨਾਂ ਵਿਚ ਹੀ ਹੋ ਸਕਦੇ ਹਨ ਅਤੇ ਉਹ ਸਿਰਫ ਅੱਲ੍ਹਾ ਦੇ ਸਾਹਮਣੇ ਝੁਕ ਸਕਦੇ ਹਨ। ਇਸਲਾਮ ਵਿਚ ਵੰਦੇ ਮਾਤਰਮ, ਮੰਗਲ ਸੂਤਰ ਅਤੇ ਸਿੰਧੂਰ ਲਈ ਕੋਈ ਥਾਂ ਨਹੀਂ ਅਤੇ ਇਹ ਚੀਜ਼ਾਂ ਧਰਮ ਦੇ ਵਿਰੁੱਧ ਹਨ।'' ਨੁਸਰਤ ਜਹਾਂ ਨੇ ਸ਼ਨੀਵਾਰ ਰਾਤ ਇਕ ਟਵੀਟ ਵਿਚ ਕਿਹਾ, ''ਕਿਸੇ ਵੀ ਧਰਮ ਦੇ ਕੱਟੜਪੰਥੀਆਂ ਦੇ ਬਿਆਨਾਂ 'ਤੇ ਧਿਆਨ ਦੇਣਾ ਜਾਂ ਪ੍ਰਤੀਕਿਰਿਆ ਦੇਣੀ ਕੇਵਲ ਨਫਰਤ ਤੇ ਹਿੰਸਾ ਨੂੰ ਸ਼ਹਿ ਦੇਣੀ ਹੈ ਤੇ ਇਤਿਹਾਸ ਇਸ ਦਾ ਗਵਾਹ ਹੈ।'' ਉਨ੍ਹਾਂ ਕਿਹਾ ਕਿ ਉਹ ਸਮੁੱਚੇ ਭਾਰਤ ਦੀ ਪ੍ਰਤੀਨਿਧਤਾ ਕਰਦੀ ਹੈ, ਜੋ ਜਾਤ, ਮਜ੍ਹਬ ਦੇ ਘੇਰੇ ਤੋਂ ਪਰ੍ਹੇ ਹੈ। ਉਸ ਨੇ ਕਿਹਾ ਕਿ ਮੈਂ ਅਜੇ ਵੀ ਮੁਸਲਮਾਨ ਹਾਂ ਅਤੇ ਕਿਸੇ ਨੂੰ ਇਹ ਨਹੀਂ ਦੱਸਣਾ ਚਾਹੀਦਾ ਕਿ ਮੈਂ ਕੀ ਪਹਿਨਾਂ ਕਿਉਂਕਿ ਮਜ੍ਹਬ ਕੱਪੜਿਆਂ ਤੋਂ ਪਰ੍ਹੇ ਹੁੰਦਾ ਹੈ।


Tags: Nusrat JahanCitizen of secular IndiaTrinamool Congress MPBasirhatMangalsurtaIslamicMufti Asad QazmiUttar Pradesh

Edited By

Sunita

Sunita is News Editor at Jagbani.