ਮੁੰਬਈ (ਬਿਊਰੋ)— ਸੰਜੇ ਲੀਲਾ ਭੰਸਾਲੀ ਦੀ ਫਿਲਮ 'ਪਦਮਾਵਤ' ਦੀ ਰਿਲੀਜ਼ 'ਚ ਚਾਰ ਦਿਨ ਹੀ ਬਚੇ ਹਨ। ਇਸ ਦੇ ਨਾਲ ਫਿਲਮ ਖਿਲਾਫ ਵਿਰੋਧ ਪ੍ਰਦਰਸ਼ਨ ਵੀ ਤਿੱਖਾ ਹੋ ਗਿਆ ਹੈ। ਗੁਰੂਗ੍ਰਾਮ 'ਚ ਹੰਗਾਮਾ ਮਚਾਉਣ ਤੋਂ ਬਾਅਦ ਕਰਣੀ ਸੇਨਾ ਨੋਇਡਾ ਪਹੁੰਚੀ, ਜਿਥੇ ਉਸ ਨੇ ਲੋਕਾਂ ਨਾਲ ਕੁੱਟਮਾਰ ਤੇ ਪੁਲਸ ਦੀ ਮੌਜੂਦਗੀ 'ਚ ਵਿਰੋਧ ਪ੍ਰਦਰਸ਼ਨ ਕੀਤਾ। ਇਸ ਮਾਮਲੇ 'ਚ ਪੁਲਸ ਨੇ 16 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਨਾਲ ਹੀ 200 ਲੋਕਾਂ ਖਿਲਾਫ ਕੇਸ ਦਰਜ ਕੀਤੇ ਹਨ। ਇਨ੍ਹਾਂ 'ਚੋਂ 7 ਨਾਮਜ਼ਦ ਹਨ, ਜਦਕਿ ਬਾਕੀ ਅਣਪਛਾਤੇ ਹਨ। 5 ਨਾਮਜ਼ਦਾਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ, ਜਦਕਿ 5 ਦੀ ਪੁਲਸ ਭਾਲ ਕਰ ਰਹੀ ਹੈ।
ਡੀ. ਐੱਨ. ਡੀ. 'ਤੇ ਪੁਲਸ ਦੀ ਮੌਜੂਦਗੀ 'ਚ ਕਰਣੀ ਸੇਨਾ ਦੇ ਲੋਕਾਂ ਵਲੋਂ ਪ੍ਰਦਰਸ਼ਨ ਕੀਤਾ ਗਿਆ ਤੇ ਆਉਣ-ਜਾਣ ਵਾਲੇ ਲੋਕਾਂ ਨਾਲ ਕੁੱਟਮਾਰ ਵੀ ਕੀਤੀ ਗਈ। ਇਸ ਸਭ ਵਿਚਾਲੇ ਪੁਲਸ ਮੂਕ ਦਰਸ਼ਕ ਬਣੀ ਤਮਾਸ਼ਾ ਦੇਖਦੀ ਰਹੀ। ਨੋਇਡਾ ਤੋਂ ਪਹਿਲਾਂ ਗੁਰੂਗ੍ਰਾਮ 'ਚ ਵੀ ਕਰਣੀ ਸੇਨਾ ਦੇ ਲੋਕਾਂ ਵਲੋਂ ਭੰਨ-ਤੋੜ ਦੀ ਘਟਨਾ ਸਾਹਮਣੇ ਆਈ ਹੈ। ਗੁਰੂਗ੍ਰਾਮ, ਨੋਇਡਾ ਤੋਂ ਪਹਿਲਾਂ ਕਰਣੀ ਸੇਨਾ ਨੇ ਗੁਜਰਾਤ ਦੇ ਇਕ ਮਲਟੀਪਲੈਕਸ 'ਚ ਭੰਨ-ਤੋੜ ਕੀਤੀ ਤੇ ਫਰੀਦਾਬਾਦ ਦੇ ਇਕ ਮਾਲ 'ਚ ਅੱਗ ਲਗਾ ਦਿੱਤੀ ਹੈ।
ਇਸ ਤੋਂ ਬਾਅਦ ਗੁਜਰਾਤ ਦੇ ਮੇਹਸਾਣ 'ਚ ਕਰਣੀ ਸੇਨਾ ਦੇ ਮੈਂਬਰਾਂ ਵਲੋਂ ਬੱਸ ਨੂੰ ਸਾੜਨ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਹਾਲਾਂਕਿ ਗੁਜਰਾਤ ਦੀ ਥਿਏਟਰ ਐਸੋਸੀਏਸ਼ਨ ਵਲੋਂ ਸੂਬੇ 'ਚ ਫਿਲਮ ਦੀ ਸਕ੍ਰੀਨਿੰਗ 'ਤੇ ਬੈਨ ਲਗਾਉਣ ਦਾ ਫੈਸਲਾ ਲਿਆ ਗਿਆ ਹੈ, ਬਾਵਜੂਦ ਇਸ ਦੇ ਇਸ ਸੂਬੇ 'ਚ ਵਿਰੋਧ ਪ੍ਰਦਰਸ਼ਨ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।