ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰ ਅਤੇ ਨਿਰਮਾਤਾ ਇੰਦਰ ਕੁਮਾਰ ਦਾ 28 ਜੁਲਾਈ 2017 ਨੂੰ ਹਾਰਟ ਅਟੈਕ ਕਾਰਨ ਦਿਹਾਂਤ ਹੋ ਗਿਆ ਸੀ। ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਇੰਦਰ ਕੁਮਾਰ ਦੀ ਇਕ ਵੀਡੀਓ ਵਾਇਰਲ ਹੋ ਰਹੀ ਸੀ, ਜਿਸ 'ਚ ਉਹ ਸੁਸਾਇਡ ਕਰਨ ਦੀ ਗੱਲ ਕਬੂਲ ਕਰਦੇ ਹੋਏ ਦਿਖ ਰਹੇ ਸਨ। ਹੁਣ ਇੰਦਰ ਕੁਮਾਰ ਦੀ ਪਤਨੀ ਪੱਲਵੀ ਨੇ ਇਕ ਪ੍ਰੈੱਸ ਕਾਰਫਰੰਸ ਕਰ ਕੇ ਵੀਡੀਓ ਦੀ ਸੱਚਾਈ ਸਾਹਮਣੇ ਲਿਆਂਦੀ ਹੈ। ਇੰਦਰ ਕੁਮਾਰ ਦੀ ਪਤਨੀ ਨੇ ਸੁਸਾਇਡ ਦੀ ਗੱਲ ਨੂੰ ਨਕਾਰ ਦਿੱਤਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੀ ਇਕ ਆਉਣ ਵਾਲੀ ਫਿਲਮ ਦਾ ਸੀਨ ਹੈ, ਜਿਸ 'ਚ ਉਨ੍ਹਾਂ ਨੇ ਦਿਹਾਂਤ ਤੋਂ ਕੁਝ ਸਮੇਂ ਪਹਿਲਾਂ ਹੀ ਸ਼ੂਟ ਕੀਤਾ ਸੀ। ਇੰਦਰ ਦੀ ਪਤਨੀ ਤੋਂ ਜਦੋਂ ਸਵਾਲ ਕੀਤਾ ਜਾਂਦਾ ਹੈ ਕਿ ਕੀ ਉਨ੍ਹਾਂ ਨੂੰ ਸ਼ਰਾਬ ਜਾਂ ਫਿਰ ਸਮੋਕਿੰਗ ਦੀ ਆਦਤ ਸੀ? ਇਸ ਦੇ ਜਵਾਬ 'ਚ ਪੱਲਵੀ ਕਹਿੰਦੀ ਹੈ, ''ਸਾਡੀ ਬੇਟੀ ਇੰਦਰ ਤੋਂ ਇਸ ਗੱਲ ਦੀ ਹਮੇਸ਼ਾ ਸ਼ਿਕਾਇਤ ਕਰਦੀ ਸੀ, ਜਿਸ ਕਾਰਨ ਉਨ੍ਹਾਂ ਨੇ ਸਮੋਕਿੰਗ ਅਤੇ ਸ਼ਰਾਬ ਕਾਫੀ ਸਮੇਂ ਲਈ ਛੱਡ ਵੀ ਦਿੱਤੀ ਸੀ।''

ਇੰਦਰ ਦੇ ਖੁਦਕੁਸ਼ੀ ਕਰਨ ਦੇ ਸਵਾਲ 'ਤੇ ਪੱਲਵੀ ਨੇ ਦੱਸਿਆ ਕਿ, '' 'ਮਸੀਹਾ' ਫਿਲਮ, ਜਿਸ 'ਚ ਸੁਨੀਲ ਸ਼ੈਟੀ ਜੀ ਵੀ ਸਨ, ਉਸ ਫਿਲਮ ਦੀ ਸ਼ੂਟਿੰਗ ਦੌਰਾਨ ਉਹ ਕਾਫੀ ਉਚਾਈਂ ਤੋਂ ਡਿੱਗ ਗਏ ਸਨ, ਜਿਸ ਕਾਰਨ ਉਨ੍ਹਾਂ 2 ਸਾਲ ਤੱਕ ਬੈੱਡ ਰੈਸਟ ਕਰਨਾ ਪਿਆ ਸੀ। ਹਾਲਾਂਕਿ ਉਨ੍ਹਾਂ ਨੇ ਹਾਰ ਨਹੀਂ ਮੰਨੀ, ਜੇਕਰ ਸੁਸਾਇਡ ਕਰਨਾ ਹੁੰਦਾ ਤਾਂ ਉਸੇ ਸਮੇਂ ਹੀ ਕਰ ਲੈਂਦੇ। ਉਸ ਸਮੇਂ ਉਨ੍ਹਾਂ ਸਾਈਨਿੰਗ ਅਮਾਊਂਟ ਵੀ ਵਾਪਸ ਕਰਨੀ ਪਈ ਸੀ।''
ਪੱਲਵੀ ਨੇ ਕਿਹਾ, ''ਮੈਂ ਸਲਮਾਨ ਖਾਨ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ, ਜਿਨ੍ਹਾਂ ਨੇ ਉਨ੍ਹਾਂ ਨੂੰ ਕਿਹਾ ਕਿ ਤੂੰ ਬਾਡੀ ਬਣਾ ਅਤੇ ਕਮਬੈਕ ਕਰ। ਇਸ ਲਈ ਇੰਦਰ ਨੇ ਵਰਕਆਊਟ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਉਹ ਨਾਰਮਲ ਲਾਈਫ ਜੀ ਰਹੇ ਸਨ। ਉਨ੍ਹਾਂ ਦੀ ਮਾਂ ਦਾ ਦਿਹਾਂਤ ਵੀ ਹਾਰਟ ਅਟੈਕ ਕਾਰਨ ਹੋਇਆ ਸੀ। ਇੰਦਰ ਵੀ ਸੌਣ ਗਏ ਅਤੇ ਮੁੜ ਉੱਠੇ ਨਹੀਂ। ਖੁਦਕੁਸ਼ੀ ਵਰਗੀ ਕੋਈ ਗੱਲ ਨਹੀਂ ਹੈ। ਉਹ ਖੁਦ ਗੁੱਸੇ 'ਚ ਕਿਸੇ ਨੂੰ ਮਾਰ ਦੇਣ ਪਰ ਆਪਣੀ ਜਾਨ ਨਹੀਂ ਦੇ ਸਕਦੇ ਸੀ, ਕਿਉਂਕਿ ਉਹ ਬੇਹੱਦ ਪਾਜ਼ੀਟਿਵ ਵਿਅਕਤੀ ਸਨ।''