ਮੁੰਬਈ (ਬਿਊਰੋ)— ਟਾਈਟਲ ਟਰੈਕ ਤੋਂ ਬਾਅਦ ਜੇ. ਪੀ. ਦੱਤਾ ਦੀ ਫਿਲਮ 'ਪਲਟਨ' ਦਾ ਦੂਜਾ ਗੀਤ ਰਿਲੀਜ਼ ਲਈ ਤਿਆਰ ਹੈ। ਜਾਵੇਦ ਅਖਤਰ, ਅਨੁ ਮਲਿਕ ਅਤੇ ਸੋਨੂੰ ਨਿਗਮ 'ਬਾਰਡਰ' ਤੋਂ ਬਾਅਦ ਇਕ ਵਾਰ ਫਿਰ ਜੇ. ਪੀ. ਦੱਤਾ ਨਾਲ ਕੰਮ ਕਰ ਰਹੇ ਹਨ। ਫਿਲਮ 'ਬਾਰਡਰ' ਦੇ ਮਸ਼ਹੂਰ ਗੀਤ 'ਸੰਦੇਸ਼ੇ ਆਤੇ ਹੈ' ਤੋਂ ਬਾਅਦ 'ਰਾਤ ਕਿਤਨੀ' ਦੂਜਾ ਗੀਤ ਹੈ, ਜਿਸ 'ਚ ਇਹ ਤਿਕੜੀ ਇਕ ਵਾਰ ਫਿਰ ਮਿਲ ਕੇ ਕੰਮ ਕਰ ਰਹੀ ਹੈ। ਟੀਮ ਨੇ ਇਸ ਤੋਂ ਬਾਅਦ 'ਐੱਲ. ਓ. ਸੀ. ਕਾਰਗਿਲ' ਨਾਲ ਇਕ ਸਹਿਯੋਗ ਕੀਤਾ ਸੀ ਅਤੇ ਹੁਣ 'ਪਲਟਨ' ਨਾਲ ਹੈਂਟ੍ਰਿਕ ਪੂਰੀ ਕਰਨ ਲਈ ਤਿਆਰ ਹਨ। ਫਿਲਮ ਦੀ ਕਾਸਟ ਨਾਲ 'ਰਾਤ ਕਿਤਨੀ' 'ਚ ਭਾਰਤੀ ਸੈਨਾ ਦੇ ਅਸਲ ਜੀਵਨ ਦੇ ਸੈਨਿਕ ਵੀ ਨਜ਼ਰ ਆਉਣਗੇ। ਇਤਿਹਾਸ ਨੂੰ ਮੁੜ ਦੁਹਰਾਉਂਦੇ ਹੋਏ ਫਿਲਮ 'ਪਲਟਨ' ਦਾ ਇਹ ਨਵਾਂ ਗੀਤ ਨਿਸ਼ਚਿਤ ਰੂਪ ਨਾਲ ਲੋਕਾਂ ਦੇ ਦਿਲਾਂ 'ਚ 'ਸੰਦੇਸ਼ੇ ਆਤੇ ਹੈ' ਦੀਆਂ ਯਾਦਾਂ ਨੂੰ ਮੁੜ ਤਾਜ਼ਾ ਕਰੇਗਾ।
ਨਿਰਮਾਤਾ ਨਿਧੀ ਦੱਤਾ ਨੇ ਟਵਿਟਰ 'ਤੇ ਇਸ ਗੀਤ ਪ੍ਰਤੀ ਆਪਣੀ ਉਤਸੁਕਤਾ ਜ਼ਾਹਿਰ ਕਰਦੇ ਹੋਏ ਲਿਖਿਆ, ''Getting geared up to make you guys hear Song 2 tomorrow!!!! Paltan''। ਰਾਸ਼ਟਰੀ ਪੁਰਸਕਾਰ ਜੇਤੂ ਨਿਰਦੇਸ਼ਕ ਜੇ. ਪੀ. ਦੱਤਾ ਇਸ ਤੋਂ ਪਹਿਲਾਂ 'ਬਾਰਡਰ', 'ਐੱਲ. ਓ. ਸੀ. ਕਾਰਗਿਲ' ਅਤੇ 'ਰਿਫਊਜ਼ੀ' ਵਰਗੀਆਂ ਯੁੱਧ 'ਤੇ ਆਧਾਰਿਤ ਫਿਲਮਾਂ ਰਾਹੀਂ ਪ੍ਰਸ਼ੰਸਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਯੁੱਧ 'ਤੇ ਆਧਾਰਿਤ ਇਸ ਫਿਲਮ 'ਚ ਅਰਜੁਨ ਰਾਮਪਾਲ, ਸੋਨੂੰ ਸੁਦ, ਗੁਰਮੀਤ ਚੌਧਰੀ, ਹਰਸ਼ਵਰਧਨ ਰਾਣੇ, ਸਿਧਾਂਤ ਕਪੂਰ ਵਰਗੇ ਕਲਾਕਾਰ ਜ਼ਬਰਦਸਤ ਅਭਿਨੈ ਕਰਦੇ ਨਜ਼ਰ ਆਉਣਗੇ। ਜ਼ੀ ਸਟੂਡੀਓ ਬੈਨਰ ਹੇਠ ਬਣੀ ਇਹ ਫਿਲਮ 7 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।