ਜਲੰਧਰ (ਬਿਊਰੋ) — ਪੰਜਾਬੀ ਗਾਇਕ ਪੰਮੀ ਬਾਈ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜੋ ਕਿ ਉਨ੍ਹਾਂ ਦੇ ਪਿੰਡ ਦੀ ਹੈ। ਇਸ ਵੀਡੀਓ 'ਚ ਉਹ ਇਕ ਬਜ਼ੁਰਗ ਦਾ ਵੀਡੀਓ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ ਅਤੇ ਉਸ ਬਜ਼ੁਰਗ ਵੱਲੋਂ ਪਾਏ ਗਏ ਪਹਿਰਾਵੇ ਬਾਰੇ ਦੱਸ ਰਹੇ ਹਨ ਕਿ ਕਦੇ ਇਹ ਪਹਿਰਾਵਾ ਪੰਜਾਬ ਦਾ ਮੁੱਖ ਪਹਿਰਾਵਾ ਹੁੰਦਾ ਸੀ ਪਰ ਅੱਜ ਇਸ ਪਹਿਰਾਵੇ ਨੂੰ ਲੋਕ ਭੁੱਲਦੇ ਜਾ ਰਹੇ ਹਨ। ਕੋਈ ਟਾਵਾਂ-ਟਾਵਾਂ ਵਿਅਕਤੀ ਹੀ ਇਸ ਪਹਿਰਾਵੇ ਨੂੰ ਜਿਊਂਦਾ ਰੱਖੇ ਹੋਏ ਹੈ।
ਦਰਅਸਲ ਇਸ ਬਜ਼ੁਰਗ ਨੇ ਪੈਰਾਂ 'ਚ ਪੰਜਾਬੀ ਜੁੱਤੀ ਅਤੇ ਚਾਦਰਾ ਪਾਇਆ ਹੋਇਆ ਹੈ ਅਤੇ ਸਿਰ ਤੇ ਸਮਲੇ ਵਾਲੀ ਪੱਗ ਬੰਨ੍ਹੀ ਹੋਈ ਹੈ। ਪੰਮੀ ਬਾਈ ਆਪਣੇ ਪਿੰਡ ਦੇ ਇਸ ਬਜ਼ੁਰਗ ਨਾਲ ਗੱਲਬਾਤ ਕਰ ਰਹੇ ਹਨ। ਉਹ ਇਸ ਵੀਡੀਓ 'ਚ ਕਹਿੰਦੇ ਹੋਏ ਸੁਣਾਈ ਦੇ ਰਹੇ ਹਨ ਕਿ ਇਨ੍ਹਾਂ ਬਜ਼ੁਰਗਾਂ ਦੇ ਇਸ ਪਹਿਰਾਵੇ ਨੂੰ ਦੇਖ ਕੇ ਉਨ੍ਹਾਂ ਨੂੰ ਬਹੁਤ ਹੀ ਖੁਸ਼ੀ ਹੋਈ ਹੈ। ਪੰਮੀ ਬਾਈ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ। ਉਨ੍ਹਾਂ ਦੇ ਹਰ ਗੀਤ 'ਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਹੁੰਦੀ ਹੈ।