FacebookTwitterg+Mail

ਦੁਨੀਆ ਭਰ 'ਚ ਅੱਜ ਰਿਲੀਜ਼ ਹੋਈ ਕੁਲਵਿੰਦਰ ਬਿੱਲਾ ਦੀ 'ਪ੍ਰਾਹੁਣਾ'

parahuna
28 September, 2018 09:19:20 AM

ਜਲੰਧਰ (ਬਿਊਰੋ)— 28 ਸਤੰਬਰ ਯਾਨੀ ਅੱਜ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ ਕੁਲਵਿੰਦਰ ਬਿੱਲਾ ਤੇ ਵਾਮਿਕਾ ਗਾਬੀ ਦੀ ਪੰਜਾਬੀ ਫਿਲਮ 'ਪ੍ਰਾਹੁਣਾ', ਜੋ ਪੰਜਾਬੀ ਵਿਆਹ 'ਤੇ ਅਧਾਰਿਤ ਹੈ, ਜਿਥੇ ਨਾ ਸਿਰਫ ਤਿੰਨ ਪ੍ਰਾਹੁਣਿਆਂ ਦੀ ਸ਼ੁਗਲਬੰਦੀ ਦੇਖਣ ਨੂੰ ਮਿਲੇਗੀ ਸਗੋਂ ਇਸ ਵਿਆਹ 'ਚ ਕਿਸੇ ਨੂੰ ਉਸਦਾ ਪਿਆਰ ਵੀ ਨਸੀਬ ਹੋਵੇਗਾ। ਪੰਜਾਬੀ ਵਿਆਹ ਇਨ੍ਹੀਂ ਦਿਨੀਂ ਪੰਜਾਬੀ ਫਿਲਮਾਂ ਲਈ ਪਸੰਦੀਦਾ ਵਿਸ਼ਾ ਬਣਿਆ ਹੋਇਆ ਹੈ। ਪੰਜਾਬੀ ਵਿਆਹ 'ਚ ਜਵਾਈ ਦੀ ਸੋਹਰੇ ਘਰ 'ਚ ਬੇਹੱਦ ਖਾਸ ਤੇ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਜੇਕਰ ਵਿਆਹ 'ਚ ਪ੍ਰਹੁਣੇ ਹੀ ਨਾ ਰੁੱਸਣ ਤਾਂ ਉਹ ਵਿਆਹ ਹੀ ਕਾਹਦਾ।
ਦੱਸ ਦੇਈਏ ਕਿ 'ਪ੍ਰਾਹੁਣੇ' ਫਿਲਮ ਇਕ ਅਜਿਹੇ ਨੌਜਵਾਨ ਦੀ ਕਹਾਣੀ ਹੈ, ਜੋ ਫਿਲਮ ਅਦਾਕਾਰਾ ਪ੍ਰੀਤੀ ਸਪਰੂ ਦਾ ਬਹੁਤ ਵੱਡਾ ਫੈਨ ਹੈ। ਉਸ ਦੇ ਇਕ ਦੋਸਤ ਤੋਂ ਉਸ ਨੂੰ ਪ੍ਰੀਤੀ ਸਪਰੂ ਵਰਗੀ ਕੁੜੀ ਦਾ ਪਤਾ ਲੱਗਦਾ ਹੈ ਅਤੇ ਫਿਰ ਇਸ ਕੁੜੀ ਨੂੰ ਮਿਲਣ ਲਈ ਉਹ ਇਕ ਵਿਆਹ ਸਮਾਗਮ 'ਚ ਜਾਂਦਾ ਹੈ। ਇਸ ਵਿਆਹ ਤੋਂ ਹੀ ਫਿਲਮ ਦੀ ਅਸਲ ਕਹਾਣੀ ਸ਼ੁਰੂ ਹੁੰਦੀ ਹੈ ਅਤੇ ਪੁਰਾਣੇ ਸੱਭਿਆਚਾਰ ਤੇ ਵਿਆਹਾਂ ਦੀਆਂ ਪੁਰਾਣੀਆਂ ਰਸਮਾਂ ਰਿਵਾਜਾਂ ਆਲੇ-ਦੁਆਲੇ ਘੁੰਮਦੀ ਹੈ। ਦਰਅਸਲ ਫਿਲਮ ਚ ਪੁਰਾਣਾ ਸੱਭਿਆਚਾਰ ਅਤੇ ਪੁਰਾਣੀਆਂ ਵਿਆਹਾਂ ਦੀਆਂ ਰਸਮਾਂ ਦੇ ਨਾਲ-ਨਾਲ ਜਵਾਈਆਂ ਦੇ ਕਿੱਸਿਆਂ ਨੂੰ ਵੀ ਦਰਸਾਇਆ ਗਿਆ ਹੈ। ਇੰਨਾਂ ਹੀ ਫਿਲਮ 'ਚ ਪੁਰਾਣਾ ਗੀਤ ਸੰਗੀਤ ਵੀ ਸੁਣਨ ਨੂੰ ਮਿਲੇਗਾ। ਇਸ ਫਿਲਮ 'ਚ ਪੰਜਾਬੀ ਗਾਇਕ ਤੋਂ ਅਦਾਕਾਰ ਬਣੇ ਕੁਲਵਿੰਦਰ ਬਿੱਲਾ ਮੁੱਖ ਭੂਮਿਕਾ ਨਜ਼ਰ ਆਉਣਗੇ। ਭਾਵੇਂ ਕਲਵਿੰਦਰ ਬਿੱਲਾ ਦੀ ਬਤੌਰ ਹੀਰੋ ਇਹ ਪਹਿਲੀ ਫਿਲਮ ਹੈ ਪਰ ਅਦਾਕਾਰ ਵਜੋਂ ਉਹ 'ਸੂਬੇਦਾਰ ਜੋਗਿੰਦਰ ਸਿੰਘ' 'ਚ ਕੰਮ ਕਰ ਚੁੱਕੇ ਹਨ। 'ਪ੍ਰਾਹੁਣਾ' 'ਚ ਕੁਲਵਿੰਦਰ ਬਿੱਲਾ ਜੰਟਾ ਨਾਂ ਦੇ ਹੋਣ ਵਾਲੇ ਪ੍ਰਾਹੁਣੇ ਦਾ ਕਿਰਦਾਰ ਨਿਭਾ ਰਹੇ ਹਨ। ਉਨ੍ਹਾਂ ਨਾਲ ਇਸ ਫਿਲਮ 'ਚ ਵਾਮਿਕਾ ਗੱਬੀ ਮੁੱਖ ਭੂਮਿਕਾ 'ਚ ਹੈ। ਇਹ ਜੋੜੀ ਇਸ ਤੋ ਪਹਿਲਾਂ ਕੁਲਵਿੰਦਰ ਬਿੱਲਾ ਦੇ ਗੀਤ 'ਅੰਗਰੇਜੀ ਵਾਲੀ ਮੈਡਮ' 'ਚ ਨਜ਼ਰ ਆਈ ਸੀ, ਜਿਸਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ।
ਫਿਲਮ 'ਚ ਕੁਲਵਿੰਦਰ ਬਿੱਲਾ ਵਾਮਿਕਾ ਗੱਬੀ ਨੂੰ ਪ੍ਰੀਤੀ ਸਪਰੂ ਦੇ ਰੂਪ 'ਚ ਦੇਖਦਾ ਹੈ ਅਤੇ ਫਿਰ ਹੋਲੀ-ਹੋਲੀ ਦੋਵਾਂ 'ਚ ਪਿਆਰ ਸ਼ੁਰੂ ਹੋ ਜਾਂਦਾ ਹੈ। ਫਿਲਮ ਦੇ ਬਾਕੀ ਪ੍ਰਾਹੁਣੇ ਲੰਬਰਦਾਰ ਵੱਡਾ ਪ੍ਰਾਹੁਣਾ ਕਰਮਜੀਤ ਅਨਮੋਲ, ਛੋਟਾ ਪ੍ਰਾਹੁਣਾ ਪਟਵਾਰੀ ਹਾਰਬੀ ਸੰਘਾ, ਫੋਜੀ ਸਭ ਤੋ ਵੱਡਾ ਪ੍ਰਾਹੁਣਾ ਸਰਦਾਰ ਸੋਹੀ ਹੋਣਗੇ। ਇਨਾਂ ਤੋ ਇਲਾਵਾ ਫਿਲਮ 'ਚ ਅਨੀਤਾ ਮੀਤ, ਨਿਰਮਲ ਰਿਸ਼ੀ, ਹੋਬੀ ਧਾਲੀਵਾਲ, ਮਲਕੀਤ ਰੋਣੀ ਸਮੇਤ ਕਈ ਹੋਰ ਸਿਤਾਰੇ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। 
ਦੱਸਣਯੋਗ ਹੈ ਕਿ ਸੁਖਰਾਜ ਸਿੰਘ ਦੀ ਲਿਖੀ ਇਸ ਫਿਲਮ ਨੂੰ ਅੰਮਿਤ ਰਾਜ ਚੱਢਾ ਅਤੇ ਮੋਹਿਤ ਬਨਵੈਨ ਨੇ ਨਿਰਦੇਸ਼ਤ ਕੀਤਾ ਹੈ। ਫਿਲਮ ਦੇ ਨਿਰਮਾਤਾ ਮੋਹਿਤ ਬਨਵੈਤ, ਮਨੀ ਧਾਲੀਵਾਲ, ਅਤੇ ਸਹਿ ਨਿਰਮਾਤਾ ਸੁਮੀਤ ਸਿੰਘ ਹਨ।


Tags: ParahunaKulwinder BillaWamiqa GabbiKaramjit AnmolHarbi SanghaSardar SohiRupinder Rupp

Edited By

Sunita

Sunita is News Editor at Jagbani.