FacebookTwitterg+Mail

ਪਰਿਵਾਰਕ ਕਾਮੇਡੀ ਦਾ ਫੁੱਲ ਪੈਕੇਜ ਹੈ ‘ਪ੍ਰਾਹੁਣਾ’

parahuna interview
27 September, 2018 04:08:26 PM

28 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ ‘ਪ੍ਰਾਹੁਣਾ’ ਨੂੰ ਮੋਹਿਤ ਬਨਵੈਤ ਤੇ ਅੰਮ੍ਰਿਤ ਰਾਜ ਚੱਢਾ ਨੇ ਡਾਇਰੈਕਟ ਕੀਤਾ ਹੈ। ਫਿਲਮ ’ਚ ਕੁਲਵਿੰਦਰ ਬਿੱਲਾ, ਵਾਮਿਕਾ ਗਾਬੀ, ਕਰਮਜੀਤ ਅਨਮੋਲ, ਸਰਦਾਰ ਸੋਹੀ, ਹਾਰਬੀ ਸੰਘਾ, ਨਿਰਮਲ ਰਿਸ਼ੀ ਸਮੇਤ ਕਈ ਸਿਤਾਰੇ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਦੀ ਕਹਾਣੀ ਸੁਖਰਾਜ ਸਿੰਘ, ਟਾਟਾ ਬੈਨੀਪਾਲ ਤੇ ਅਮਨ ਸਿੱਧੂ ਨੇ ਲਿਖੀ ਹੈ। ਫਿਲਮ ਦੀ ਟੀਮ ਨਾਲ ‘ਜਗ ਬਾਣੀ’ ਦੇ ਪ੍ਰਤੀਨਿਧੀ ਰਾਹੁਲ ਸਿੰਘ ਨੇ ਖਾਸ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼—

ਫਿਲਮ ਦੀ ਕਿਹੜੀ ਚੀਜ਼ ਸਭ ਤੋਂ ਵਧੀਆ ਲੱਗੀ?

ਕੁਲਵਿੰਦਰ ਬਿੱਲਾ : ਸਭ ਤੋਂ ਪਹਿਲਾਂ ਤਾਂ ਮੈਨੂੰ ਫਿਲਮ ਦਾ ਟਾਈਟਲ ਬਹੁਤ ਪਸੰਦ ਆਇਆ। ਦੂਜੀ ਗੱਲ ਇਹ ਕਿ ਮੈਂ ਕਈ ਪੀਰੀਅਡ ਗੀਤ ਕੀਤੇ ਹਨ ਤੇ ਇਹ ਫਿਲਮ ਵੀ ਮੇਰੇ ਗੀਤਾਂ ਵਾਂਗ ਪੁਰਾਣੇ ਦੌਰ ਨੂੰ ਤੇ ਪੀਰੀਅਡ ਡਰਾਮਾ ਨੂੰ ਦਰਸਾਉਂਦੀ ਹੈ, ਜੋ ਮੈਨੂੰ ਨਿੱਜੀ ਤੌਰ ’ਤੇ ਕਾਫੀ ਵਧੀਆ ਸਬਜੈਕਟ ਲੱਗਦੇ ਹਨ। ‘ਪ੍ਰਾਹੁਣਾ’ ਪਰਿਵਾਰਕ ਕਾਮੇਡੀ ਦਾ ਫੁੱਲ ਪੈਕੇਜ ਵੀ ਹੈ, ਜਿਸ ਨੂੰ ਹਰ ਵਰਗ ਦੇ ਦਰਸ਼ਕ ਪਸੰਦ ਕਰਨਗੇ। ਮੈਂ ਮਾਲਵੇ ਨਾਲ ਸਬੰਧ ਰੱਖਦਾ ਹਾਂ ਤੇ ਉਥੇ ਅਜੇ ਵੀ ਪੁਰਾਣੇ ਰੀਤੀ-ਰਿਵਾਜ ਤੇ ਸੱਭਿਆਚਾਰ ਨਾਲ ਲੋਕ ਜੁੜੇ ਹੋਏ ਹਨ ਤੇ ਇਹੀ ਚੀਜ਼ਾਂ ਮੇਰੇ ਅੰਦਰ ਸਮਾਈਆਂ ਹੋਈਆਂ ਹਨ। ਕਿਵੇਂ 80 ਦੇ ਦਹਾਕੇ ’ਚ ਵਿਆਹ ਹੁੰਦੇ ਸਨ, ਉਹ ਦੌਰ ਮੈਂ ਦੁਹਰਾਉਣਾ ਚਾਹੁੰਦਾ ਸੀ ਤੇ ਇਹ ਚੀਜ਼ਾਂ ਫਿਲਮ ਨੂੰ ਬਹੁਤ ਖੂਬਸੂਰਤ ਬਣਾਉਂਦੀਆਂ ਹਨ।

ਕੀ ਸ਼ੂਟਿੰਗ ਦੌਰਾਨ ਵੀ ਵਿਆਹ ਵਾਲਾ ਮਾਹੌਲ ਰਿਹਾ ਸੈੱਟ ’ਤੇ?

ਕੁਲਵਿੰਦਰ ਬਿੱਲਾ : ਫਿਲਮ ਦੀ ਸਟਾਰਕਾਸਟ ਕਾਫੀ ਵੱਡੀ ਹੈ। ਜਦੋਂ ਅਸੀਂ ਸ਼ੂਟ ਕਰਦੇ ਸੀ ਤਾਂ ਇੰਝ ਲੱਗਦਾ ਸੀ ਕਿ ਜਿਵੇਂ ਅਸੀਂ ਕੋਈ ਵਿਆਹ ਦੇਖ ਰਹੇ ਹਾਂ। ਆਪਣੇ ਕਿਰਦਾਰ ਨੂੰ ਨਿਭਾਉਣ ’ਚ ਕਿਸੇ ਨੂੰ ਵੀ ਮੁਸ਼ਕਲ ਨਹੀਂ ਆਈ ਕਿਉਂਕਿ ਇਹ ਚੀਜ਼ਾਂ ਪੰਜਾਬ ’ਚ ਆਮ ਦੇਖੀਆਂ ਜਾਂਦੀਆਂ ਸਨ। ਵੱਡੀ ਕਾਸਟ ਹੋਣ ਕਾਰਨ ਸਾਰੇ ਆਪਣੇ ਸਮੇਂ ਦੀਆਂ ਗੱਲਾਂ ਦੱਸਦੇ ਸਨ, ਜਿਸ ਨਾਲ ਫਿਲਮ ਨੂੰ ਸ਼ੂਟ ਕਰਨ ’ਚ ਹੋਰ ਵੀ ਆਸਾਨੀ ਹੋਈ। ਸ਼ੂਟਿੰਗ ਖਤਮ ਹੋਣ ਤੋਂ ਬਾਅਦ ਕੋਈ ਆਪਣੀ ਵੈਨਿਟੀ ਵੈਨ ’ਚ ਨਹੀਂ ਜਾਂਦਾ ਸੀ, ਸਗੋਂ ਵਿਆਹ ਵਾਲਾ ਘਰ ਸਮਝ ਕੇ ਸਭ ਮਸਤੀ ਕਰਦੇ ਸਨ।

ਪਹਿਲਾਂ ਵਾਲੇ ਵਿਆਹਾਂ ਤੇ ਅੱਜ ਦੇ ਵਿਆਹਾਂ ’ਚ ਕਿੰਨਾ ਫਰਕ ਆਇਆ?

ਕੁਲਵਿੰਦਰ ਬਿੱਲਾ : ਵਿਆਹ ਤਾਂ ਪਹਿਲਾਂ ਦੇ ਸਮੇਂ ਦੇ ਹੀ ਹੁੰਦੇ ਸਨ। ਅੱਜਕਲ ਤਾਂ ਪੈਲੇਸ ’ਚ ਹੀ ਵਿਆਹ ਸ਼ੁਰੂ ਹੁੰਦਾ ਹੈ ਤੇ ਪੈਲੇਸ ’ਚ ਹੀ ਖਤਮ ਹੋ ਜਾਂਦਾ ਹੈ। ਇਸੇ ਲਈ ਅਸੀਂ ਇਹ ਫਿਲਮ ਬਣਾਈ ਹੈ ਤਾਂ ਕਿ ਅੱਜ ਦੀ ਨੌਜਵਾਨ ਪੀੜ੍ਹੀ ਵੀ ਜਾਣ ਸਕੇ ਕਿ ਕਿਵੇਂ ਪੁਰਾਣੇ ਸਮੇਂ ’ਚ ਵਿਆਹ ਹੁੰਦੇ ਸਨ।

ਤੁਸੀਂ ਫਿਲਮ ਦੇ ਮੇਨ ਹੀਰੋ ਹੋ। ਇਸ ਗੱਲ ਦਾ ਕਿੰਨਾ ਕੁ ਉਤਸ਼ਾਹ ਤੇ ਡਰ ਹੈ ਮਨ ’ਚ?

ਕੁਲਵਿੰਦਰ ਬਿੱਲਾ : ਮੈਂ ‘ਸੂਬੇਦਾਰ ਜੋਗਿੰਦਰ ਸਿੰਘ’ ਫਿਲਮ ਨਾਲ ਅਦਾਕਾਰੀ ਦੀ ਸ਼ੁਰੂਆਤ ਕੀਤੀ। ਉਸ ਸਮੇਂ ਇਹ ਫਿਲਮ ਗਿੱਪੀ ਗਰੇਵਾਲ ਦੇ ਨਾਂ ’ਤੇ ਬੋਲਦੀ ਸੀ। ਹੁਣ ‘ਪ੍ਰਾਹੁਣਾ’ ਫਿਲਮ ਮੇਰੇ ਨਾਂ ਤੋਂ ਬੋਲਦੀ ਹੈ। ਮੈਂ ਉਤਸ਼ਾਹਿਤ ਵੀ ਬਹੁਤ ਹਾਂ ਤੇ ਡਰ ਵੀ ਹੈ ਕਿਉਂਕਿ ਫਿਲਮ ਦਰਸ਼ਕਾਂ ਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ, ਇਹ ਤਾਂ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ।

ਤੁਸੀਂ ਮੁੜ ਪ੍ਰਾਹੁਣੇ ਬਣੇ ਹੋ, ਕਿਸ ਤਰ੍ਹਾਂ ਦਾ ਲੱਗ ਰਿਹਾ ਹੈ?

ਹਾਰਬੀ ਸੰਘਾ : ਬਹੁਤ ਵਧੀਆ ਲੱਗ ਰਿਹਾ ਹੈ ਕਿ ਮੁੜ ਇਸ ਤਰ੍ਹਾਂ ਦਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ । ਹਾਲਾਂਕਿ ‘ਲਾਵਾਂ ਫੇਰੇ’ ’ਚ ਜਿਸ ਤਰ੍ਹਾਂ ਦਾ ਮੈਂ ਪ੍ਰਾਹੁਣਾ ਬਣਿਆ ਸੀ, ਉਸ ਨਾਲੋਂ ਇਹ ਵੱਖਰਾ ਹੈ। ਇਸ ਫਿਲਮ ’ਚ ਮੇਰੀ ਲੁੱਕ ਵੀ ਚੇਂਜ ਕੀਤੀ ਗਈ ਹੈ ਤੇ ਮੇਰੇ ਬੋਲਣ ਦਾ ਅੰਦਾਜ਼ ਵੀ ਵੱਖਰਾ ਹੈ।

ਵੱਖ-ਵੱਖ ਕਿਰਦਾਰ ਨਿਭਾਉਣ ਲਈ ਕਿੰਨੀ ਮਿਹਨਤ ਕਰਨੀ ਪੈਂਦੀ ਹੈ?

ਹਾਰਬੀ ਸੰਘਾ : ਮੈਂ ਫਿਲਮਾਂ ’ਚ ਰਿਕਸ਼ਾ ਵੀ ਚਲਾਇਆ ਹੈ ਤੇ ਮੰਗਣ ਵਾਲਾ ਵੀ ਬਣਿਆ ਹਾਂ। ਇਹ ਪਸੰਦ ਉਦੋਂ ਹੀ ਕੀਤੇ ਜਾਣਗੇ, ਜਦੋਂ ਇਹ ਅਸਲ ਲੱਗਣਗੇ ਤੇ ਇਨ੍ਹਾਂ ਨੂੰ ਅਮਲੀ ਰੂਪ ਦੇਣ ਲਈ ਮਿਹਨਤ ਜ਼ਰੂਰੀ ਹੈ। ਹਰ ਕਿਰਦਾਰ ਨੂੰ ਪਹਿਲਾਂ ਸਟੱਡੀ ਕਰਨਾ ਪੈਂਦਾ ਹੈ, ਫਿਰ ਉਸ ਮੁਤਾਬਕ ਆਪਣੇ ਆਪ ਨੂੰ ਢਾਲਣਾ ਪੈਂਦਾ ਹੈ।

ਦਰਸ਼ਕ ਜ਼ਿਆਦਾ ਪੰਜਾਬੀ ਫਿਲਮਾਂ ਦੇਖਣਾ ਹੀ ਕਿਉਂ ਪਸੰਦ ਕਰਦੇ ਹਨ?

ਹਾਰਬੀ ਸੰਘਾ : ਮੈਨੂੰ ਲੱਗਦਾ ਹੈ ਕਿ ਸਾਡੇ ਪੰਜਾਬੀ ਸਿਨੇਮਾ ’ਚ ਵੱਖ-ਵੱਖ ਵਿਸ਼ਿਆਂ ’ਤੇ ਫਿਲਮਾਂ ਬਣਦੀਆਂ ਹਨ ਪਰ ਲੋਕਾਂ ਦੀ ਪਸੰਦ ਕਾਮੇਡੀ ਹੀ ਰਹਿੰਦੀ ਹੈ। ਇਸ ਦਾ ਇਕ ਕਾਰਨ ਇਹ ਹੈ ਕਿ ਲੋਕ ਅੱਜ ਦੀ ਜ਼ਿੰਦਗੀ ’ਚ ਬੇਹੱਦ ਪ੍ਰੇਸ਼ਾਨ ਰਹਿੰਦੇ ਹਨ। ਉਹ ਜੇਕਰ ਫਿਲਮ ਦੇਖ ਕੇ ਆਪਣੀ ਪ੍ਰੇਸ਼ਾਨੀ ਘਟਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਦੀ ਪਸੰਦ ਕਾਮੇਡੀ ਫਿਲਮ ਹੀ ਹੋਵੇਗੀ।

ਯੰਗੈਸਟ ਪ੍ਰੋਡਿਊਸਰ ਤੇ ਡਾਇਰੈਕਟਰ ਹੋਣ ਦੇ ਨਾਤੇ ਫਿਲਮ ਦੌਰਾਨ ਕਿੰਨੀਆਂ ਮੁਸ਼ਕਲਾਂ ਆਈਆਂ?

ਮੋਹਿਤ ਬਨਵੈਤ : ਮੇਰੇ ਲਈ ਫਿਲਮ ਨੂੰ ਡਾਇਰੈਕਟ ਤੇ ਪ੍ਰੋਡਿਊਸ ਕਰਨਾ ਕੁਝ ਜ਼ਿਆਦਾ ਮੁਸ਼ਕਲ ਨਹੀਂ ਰਿਹਾ। ਇਸ ਦਾ ਇਕ ਕਾਰਨ ਇਹ ਹੈ ਕਿ ਫਿਲਮ ਦੀ ਸਾਰੀ ਟੀਮ ਬਹੁਤ ਸੁਪੋਰਟਿਵ ਹੈ। ਜਿਵੇਂ ਮੈਂ ਕਿਹਾ ਟੀਮ ਨੇ ਉਸੇ ਤਰ੍ਹਾਂ ਕੰਮ ਕੀਤਾ। ਸ਼ੂਟਿੰਗ ਦੌਰਾਨ ਲੱਗ ਹੀ ਨਹੀਂ ਰਿਹਾ ਸੀ ਕਿ ਅਸੀਂ ਕੋਈ ਫਿਲਮ ਬਣਾ ਰਹੇ ਹਾਂ। ਇੰਝ ਲੱਗਦਾ ਸੀ ਕਿ ਜਿਵੇਂ ਅਸੀਂ ਕਿਸੇ ਦੇ ਵਿਆਹ ’ਚ ਹਾਂ ਤੇ ਹਾਸੇ-ਠੱਠੇ ਕਰ ਰਹੇ ਹਾਂ।

ਫਿਲਮ ਨੂੰ ਤੁਹਾਡੇ ਨਾਲ ਅੰਮ੍ਰਿਤ ਰਾਜ ਚੱਢਾ ਨੇ ਕੋ-ਡਾਇਰੈਕਟ ਕੀਤਾ ਹੈ। ਉਨ੍ਹਾਂ ਬਾਰੇ ਦੱਸੋ?

ਮੋਹਿਤ ਬਨਵੈਤ : ਅੰਮ੍ਰਿਤ ਰਾਜ ਚੱਢਾ ਦਾ ਵੱਖਰਾ ਤਜਰਬਾ ਹੈ ਤੇ ਮੇਰਾ ਵੱਖਰਾ। ਜਦੋਂ ਦੋ ਸੋਚਾਂ ਆਪਸ ’ਚ ਮਿਲਦੀਆਂ ਹਨ ਤਾਂ ਕੁਝ ਨਵਾਂ ਨਿਕਲ ਕੇ ਆਉਂਦਾ ਹੈ। ਅਸੀਂ ਪਲਾਨਿੰਗ ਨਾਲ ਚੱਲੇ ਤੇ ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਸੋਚ ਲਿਆ ਸੀ ਕਿ ਕਿਸ ਤਰ੍ਹਾਂ ਫਿਲਮ ਬਣਾਉਣੀ ਹੈ। ਜਿਥੇ ਮੈਨੂੰ ਕੁਝ ਮੁਸ਼ਕਲ ਆਉਂਦੀ ਸੀ, ਉਥੇ ਅੰਮ੍ਰਿਤ ਰਾਜ ਚੱਢਾ ਮੇਰਾ ਪੂਰਾ ਸਾਥ ਦਿੰਦੇ ਸਨ।


Tags: ParahunaKulwinder BillaWamiqa GabbiKaramjit AnmolHarbi SanghaSardar SohiRupinder Rupp

Edited By

Sunita

Sunita is News Editor at Jagbani.