ਜਲੰਧਰ (ਬਿਊਰੋ) : ਜੂਨ ਦੇ ਤੀਜੇ ਹਫਤੇ 'ਫਾਦਰਜ਼ ਡੇਅ' ਮਨਾਇਆ ਜਾਂਦਾ ਹੈ। ਇਸ ਖਾਸ ਦਿਨ ਨੂੰ ਲੈ ਕੇ ਪੰਜਾਬੀ ਅਦਾਕਾਰ ਤੇ ਗਾਇਕ ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਪਰਮੀਸ਼ ਵਰਮਾ ਆਪਣੇ ਪਿਤਾ ਸਤੀਸ਼ ਵਰਮਾ ਤੇ ਭਰਾ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦਿਆ ਪਰਮੀਸ਼ ਨੇ ਕੈਪਸ਼ਨ 'ਚ ਲਿਖਿਆ ਹੈ 'Aapne ton Pehla Sadda Mapeya Da Sochida, Kholda Remote Naal Gate Bapu Kothi Da…।' ਇਸ ਤਸਵੀਰ 'ਚ ਦਿੱਤਾ ਕੈਪਸ਼ਨ ਆਪਣੇ-ਆਪ 'ਚ ਇਕ ਮੈਸੇਜ ਹੈ। ਪਰਮੀਸ਼ ਵਰਮਾ ਨੇ ਕਿਹਾ ਹੈ ਕਿ ਸਾਨੂੰ ਆਪਣੇ ਮਾਪਿਆਂ ਦਾ ਖਿਆਲ ਰੱਖਣਾ ਚਾਹੀਦਾ ਹੈ, ਜਿੰਨ੍ਹਾਂ ਨੇ ਸਾਨੂੰ ਜਨਮ ਦਿੱਤਾ।
ਦੱਸ ਦਈਏ ਕਿ ਪਰਮੀਸ਼ ਵਰਮਾ ਤੇ ਉਨ੍ਹਾਂ ਦਾ ਭਰਾ 'ਤੇ ਪਿਤਾ ਦਾ ਬਹੁਤ ਪ੍ਰਭਾਵ ਰਿਹਾ ਹੈ। ਪਰਮੀਸ਼ ਵਰਮਾ ਨੂੰ ਅਦਾਕਾਰੀ ਆਪਣੇ ਪਿਤਾ ਸਤੀਸ਼ ਵਰਮਾ ਤੋਂ ਗੁੜਤੀ 'ਚ ਹੀ ਮਿਲੀ ਹੈ ਕਿਉਂਕਿ ਉਨ੍ਹਾਂ ਦੇ ਪਿਤਾ ਡਾ. ਸਤੀਸ਼ ਵਰਮਾ ਵੀ ਕਈ ਗੁਣਾਂ ਦੇ ਮਾਲਕ ਹਨ। ਉਹ ਚੰਗੇ ਅਧਿਆਪਕ, ਲੇਖਕ ਤੇ ਅਦਾਕਾਰ ਹਨ। ਡਾ. ਸਤੀਸ਼ ਵਰਮਾ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਪ੍ਰੋਫੈਸਰ ਹੋਣ ਦੇ ਨਾਲ-ਨਾਲ ਚੰਗੇ ਲੇਖਕ ਵੀ ਹਨ। ਉਨ੍ਹਾਂ ਨੇ ਕਈ ਨਾਟਕਾਂ 'ਤੇ ਕਿਤਾਬਾਂ ਲਿਖੀਆਂ ਹਨ। ਇਸ ਤੋਂ ਇਲਾਵਾਂ ਉਨ੍ਹਾਂ ਨੇ ਰੇਡੀਓ 'ਤੇ ਵੀ ਕੰਮ ਕੀਤਾ ਹੈ। ਉਨ੍ਹਾਂ ਨੇ ਨੀਰੂ ਬਾਜਵਾ ਦੀ ਫਿਲਮ 'ਪਤਾ ਨਹੀਂ ਰੱਬ ਕਿਹੜਿਆਂ ਰੰਗਾਂ 'ਚ ਰਾਜ਼ੀ' ਅਤੇ 'ਯਾਰ ਅਣਮੁੱਲੇ' ਵਰਗੀਆਂ ਫਿਲਮਾਂ 'ਚ ਵੀ ਕੰਮ ਕਰ ਚੁੱਕੇ ਹਨ। ਇਸ ਤੋਂ ਇਲਾਵਾ ਡਾ. ਸਤੀਸ਼ ਵਰਮਾ ਪੰਜਾਬੀ ਗਾਇਕ ਤੇ ਅਦਾਕਾਰ ਸਰਬਜੀਤ ਚੀਮਾ ਦੀ ਫਿਲਮ 'ਪੰਜਾਬ ਬੋਲਦਾ' ਨੂੰ ਵੀ ਲਿਖ ਚੁੱਕੇ ਹਨ।
ਦੱਸਣਯੋਗ ਹੈ ਕਿ ਪਰਮੀਸ਼ ਵਰਮਾ ਤੋਂ ਇਲਾਵਾ ਫਿਲਮ ਇੰਡਸਟਰੀ ਦੇ ਬਾਰੀ ਸਿਤਾਰਿਆਂ ਨੇ ਵੀ ਆਪਣੇ-ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪਿਤਾ ਦੀ ਤਸਵੀਰ ਸ਼ੇਅਰ ਕਰਕੇ 'ਫਾਦਰਜ਼ ਡੇਅ' ਨੂੰ ਸੈਲੀਬ੍ਰੇਟ ਕਰ ਰਹੇ ਹਨ। ਪੰਜਾਬੀ ਅਦਾਕਾਰ ਤੇ ਗਿੱਪੀ ਗਰੇਵਾਲ ਨੇ ਆਪਣੇ ਦੋਵੇਂ ਬੇਟਿਆਂ ਦੀ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਬੱਚੇ ਆਪਣੇ ਦਾਦਾ ਜੀ ਦੀ ਤਸਵੀਰ ਨੂੰ ਫੜ੍ਹ ਕੇ ਖੜ੍ਹੇ ਨਜ਼ਰ ਆ ਰਹੇ ਹਨ।
ਇਨ੍ਹਾਂ ਤੋਂ ਇਲਾਵਾ ਗਗਨ ਕੋਕਰੀ, ਜੱਸੀ ਗਿੱਲ, ਨੀਰੂ ਬਾਜਵਾ, ਰੁਬਿਨਾ ਬਾਜਵਾ, ਐਮੀ ਵਿਰਕ, ਰਣਜੀਤ ਬਾਵਾ, ਹੈਪੀ ਰਾਏ ਕੋਟੀ, ਜੈਜ਼ੀ ਬੀ, ਮਾਨਸੀ ਸ਼ਰਮਾ ਵਰਗੇ ਸਿਤਾਰਿਆਂ ਨੇ ਸੋਸ਼ਲ ਮੀਡੀਆ 'ਤੇ 'ਫਾਦਰਜ਼ ਡੇਅ' ਸੈਲੀਬ੍ਰੇਟ ਕੀਤਾ ਹੈ।