ਮੁੰਬਈ(ਬਿਊਰੋ)— 20 ਸਾਲ ਪੁਰਾਣੇ ਕਾਲੇ ਹਿਰਨ ਦੇ ਸ਼ਿਕਾਰ ਮਾਮਲੇ 'ਚ ਸੈਫ ਅਲੀ ਖਾਨ ਬਰੀ ਹੋ ਕੇ ਜਿਵੇਂ ਹੀ ਮੁੰਬਈ ਪੁੱਜੇ, ਉਨ੍ਹਾਂ ਦੇ ਘਰ ਰਿਸ਼ਤੇਦਾਰਾਂ ਦਾ ਆਉਣਾ-ਜਾਣਾ ਸ਼ੁਰੂ ਹੋ ਗਿਆ। ਦੇਰ ਰਾਤ ਕਰਿਸ਼ਮਾ ਕਪੂਰ ਵੀ ਸੈਫ ਅਲੀ ਖਾਨ ਨੂੰ ਮਿਲਣ ਉਨ੍ਹਾਂ ਦੇ ਘਰ ਪਹੁੰਚੀ। ਉਨ੍ਹਾਂ ਨਾਲ ਉਨ੍ਹਾਂ ਦੇ ਬੁਆਏਫ੍ਰੈਂਡ ਸੰਦੀਪ ਤੋਸ਼ਨੀਵਾਲ ਵੀ ਸਨ। ਸੈਫ ਅਲੀ ਖਾਨ ਦੀ ਭੈਣ ਸੋਹਾ ਅਲੀ ਖਾਨ ਵੀ ਪਤੀ ਕੁਣਾਲ ਖੇਮੂ ਨਾਲ ਉਨ੍ਹਾਂ ਦੇ ਘਰ ਪਹੁੰਚੀ।
ਸੈਫ ਅਲੀ ਖਾਨ ਨੂੰ ਸਾਲਾਂ ਬਾਅਦ ਮਿਲੀ ਇਸ ਰਾਹਤ ਦਾ ਜਸ਼ਨ ਮਨਾਉਣ ਲਈ ਕਰੀਨਾ ਕਪੂਰ ਨੇ ਘਰ 'ਚ ਇਕ ਛੋਟੀ ਜਿਹੀ ਪਾਰਟੀ ਰੱਖੀ, ਜਿਸ 'ਚ ਸਿਰਫ ਕਪੂਰ ਅਤੇ ਖਾਨ ਫੈਮਿਲੀ ਸ਼ਾਮਲ ਹੋਈ। ਜਾਣਕਾਰੀ ਮੁਤਾਬਕ ਕਰਿਸ਼ਮਾ ਕਪੂਰ ਅਤੇ ਸੈਫ ਅਲੀ ਖਾਨ ਨੇ ਫਿਲਮ 'ਹਮ ਸਾਥ-ਸਾਥ ਹੈਂ' 'ਚ ਕੰਮ ਕੀਤਾ ਸੀ।
ਦੋਹਾਂ ਨੇ ਫਿਲਮ 'ਚ ਲਵ ਕੱਪਲ ਦਾ ਕਿਰਦਾਰ ਨਿਭਾਇਆ ਸੀ। ਇਸੇ ਫਿਲਮ ਦੀ ਸ਼ੂਟਿੰਗ ਦੌਰਾਨ ਸੈਫ ਅਲੀ ਖਾਨ 'ਤੇ ਕਾਲੇ ਹਿਰਨ ਦਾ ਸ਼ਿਕਾਰ ਕਰਨ ਦਾ ਦੋਸ਼ ਲੱਗਾ ਸੀ। ਇਨ੍ਹਾਂ ਤੋਂ ਇਲਾਵਾ ਇਸ ਮਾਮਲੇ 'ਚ ਫਿਲਮ ਦੇ ਤਿੰਨ ਹੋਰ ਸਿਤਾਰੇ ਸੋਨਾਲੀ ਬੇਂਦਰੇ, ਨੀਲਮ, ਤੱਬੂ ਨੂੰ ਵੀ ਸਹਿ-ਦੋਸ਼ੀ ਦੱਸਿਆ ਗਿਆ ਸੀ।
ਸੈਫ ਨਾਲ ਉਨ੍ਹਾਂ ਨੂੰ ਵੀ ਇਸ ਮਾਮਲੇ 'ਚੋਂ ਬਰੀ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਇਸ ਮਾਮਲੇ ਦੇ ਮੁੱਖ ਦੋਸ਼ੀ ਸਲਮਾਨ ਖਾਨ ਨੂੰ ਬੀਤੇ ਵੀਰਵਾਰ 5 ਸਾਲ ਦੀ ਸਜ਼ਾ ਸੁਣਾਈ ਗਈ। ਉੱਥੇ ਜੋਧਪੁਰ ਸੈਂਟਰਲ ਜੇਲ 'ਚ ਬੰਦ ਸਲਮਾਨ ਖਾਨ ਨੂੰ ਮਿਲਣ ਉਨ੍ਹਾਂ ਦੀ ਖਾਸ ਦੋਸਤ ਅਤੇ ਅਦਾਕਾਰਾ ਪ੍ਰੀਤੀ ਜ਼ਿੰਟਾ ਪਹੁੰਚੀ।
ਫਿਲਮ ਨਿਰਮਾਤਾ ਸਾਜਿਦ ਨਾਡਿਆਡਵਾਲਾ ਵੀ ਆਪਣੀ ਫਿਲਮ 'ਬਾਗੀ 2' ਦੀ ਸਕਸੈੱਸ ਪਾਰਟੀ ਕੈਂਸਲ ਕਰ ਕੇ ਭਾਈਜਾਨ ਨੂੰ ਮਿਲਣ ਜੋਧਪੁਰ ਪਹੁੰਚੇ। ਸਲਮਾਨ ਦੀ ਭੈਣਾਂ ਅਲਵੀਰਾ ਅਤੇ ਅਰਪਿਤਾ ਪਿਛਲੇ 2 ਦਿਨਾਂ ਤੋਂ ਜੋਧਪੁਰ 'ਚ ਹੀ ਹਨ। ਮਾਮਲੇ 'ਚ ਬਰੀ ਹੋਈ ਨੀਲਮ ਕੋਠਾਰੀ ਦੇ ਪਤੀ ਸਮੀਰ ਸੋਨੀ ਨੇ ਕਿਹਾ ਕਿ ਕੇਸ 'ਚ ਨਿਆਂ ਅੱਧਾ-ਅਧੂਰਾ ਹੋਇਆ ਹੈ ਅਤੇ ਉਹ ਸਲਮਾਨ ਖਾਨ ਨੂੰ ਮਿਲੀ ਸਜ਼ਾ ਤੋਂ ਦੁਖੀ ਹੈ।
ਜ਼ਿਕਰਯੋਗ ਹੈ ਕਿ ਸਲਮਾਨ ਖਾਨ ਦੀ ਜ਼ਮਾਨਤ ਦੀ ਅਰਜ਼ੀ 'ਤੇ ਸ਼ਨੀਵਾਰ ਨੂੰ ਸੁਣਵਾਈ ਹੋਵੇਗੀ। ਲਿਹਾਜ਼ਾ ਉਨ੍ਹਾਂ ਨੂੰ ਇਕ ਰਾਤ ਹੋਰ ਜੇਲ 'ਚ ਕੱਢਣੀ ਪਵੇਗੀ।