ਜਲੰਧਰ (ਬਿਊਰੋ) — ਕਾਮੇਡੀਅਨ ਕਲਾਕਾਰ ਡਾਕਟਰ ਜਸਵਿੰਦਰ ਭੱਲਾ ਦਾ ਕਹਿਣਾ ਹੈ ਕਿ ''ਅੱਜ ਮੈਂ ਜਿਸ ਮੁਕਾਮ 'ਤੇ ਹਾਂ ਜਾਂ ਲੋਕਾਂ 'ਚ ਮੇਰੀ ਜਿੰਨੀ ਵੀ ਪਛਾਣ ਬਣੀ ਹੋਈ ਹੈ, ਉਸ ਦਾ ਸਾਰਾ ਸਿਹਰਾ (ਕ੍ਰੈਡਿਟ) ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ (ਪੀ. ਏ. ਯੂ.) ਨੂੰ ਦੇਣਾ ਚਾਹੁੰਦਾ ਹਾਂ। ਯੂਨੀਵਰਸਿਟੀ ਹੀ ਮੇਰੇ ਲਈ ਇੱਕ ਅਜਿਹਾ ਮੰਚ ਰਹੀ ਹੈ, ਜਿਸ ਦੀ ਬਦੌਲਤ ਮੈਂ ਕਲਾ ਨੂੰ ਲੋਕਾਂ ਤੱਕ ਪਹੁੰਚਾ ਸਕਿਆ ਹਾਂ।'' ਦੱਸ ਦਈਏ ਕਿ ਜਸਵਿੰਦਰ ਭੱਲਾ 31 ਮਈ ਯਾਨੀਕਿ ਬੀਤੇ ਦਿਨ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ 60 ਸਾਲ ਦੀ ਉਮਰ 'ਚ ਪ੍ਰੋਫੈਸਰ ਕਮ ਹੈੱਡ ਆਫ ਡਿਪਾਰਟਮੈਂਟ ਆਫ ਐਕਸਟੈਨਸ਼ਨ ਐਜੂਕੇਸ਼ਨ ਤੋਂ ਰਿਟਾਇਰ ਹੋਏ ਹਨ। ਹਰ ਅਧਿਕਾਰੀ ਜਾਂ ਕਾਮੇ ਦੀ ਖੁਆਹਿਸ਼ ਹੁੰਦੀ ਹੈ ਕਿ ਜਦੋਂ ਉਹ ਆਪਣੀ ਨੌਕਰੀ ਨੂੰ ਪੂਰਾ ਕਰੇ ਤਾਂ ਉਸ ਨੂੰ ਆਦਰ ਗਾਜ਼ਿਆ-ਬਾਜਿਆ ਨਾਲ ਉੱਥੋਂ ਸਾਰਾ ਸਟਾਫ ਵਿਦਾਈ ਕਰੇ ਪਰ ਕੋਰੋਨਾ ਵਾਇਰਸ ਕਾਰਨ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਕੋਈ ਵੀ ਪ੍ਰੋਗਰਾਮ ਕਰਨ 'ਤੇ ਪਾਬੰਦੀ ਲੱਗੀ ਹੋਈ ਹੈ।
ਜਸਵਿੰਦਰ ਭੱਲਾ ਨੇ ਕਿਹਾ ਕਿ ਉਹ ਰਿਟਾਇਰ ਹੋ ਰਹੇ ਹਨ। ਇਸ ਦੌਰਾਨ ਉਨ੍ਹਾਂ ਨੂੰ ਸਿਰਫ ਇੱਕ ਹੀ ਦੁੱਖ ਰਹੇਗਾ ਉਹ ਇਹ ਕਿ ਵਿਦਿਆਰਥੀਆਂ ਦੀ ਗੈਰ ਹਾਜ਼ਰੀ। ਉਨ੍ਹਾਂ ਨੂੰ ਵਿਦਿਆਰਥੀਆਂ ਦੀ ਗੈਰ ਹਾਜ਼ਰੀ 'ਚ ਯੂਨੀਵਰਸਿਟੀ ਤੋਂ ਰਿਟਾਇਰ ਹੋਣਾ ਪੈ ਰਿਹਾ ਹੈ ਨਹੀਂ ਤਾਂ ਉਹ ਜ਼ਰੂਰ ਪ੍ਰੋਗਰਾਮ ਕਰਦੇ, ਜਿਨ੍ਹਾਂ ਨੇ ਉਨ੍ਹਾਂ ਨੂੰ ਪੂਰਾ ਸਨਮਾਨ ਅਤੇ ਪਿਆਰ ਦਿੱਤਾ ਹੈ। ਵਿਦਿਆਰਥੀਆਂ ਨੂੰ ਸੰਦੇਸ਼ ਦਿੰਦੇ ਹੋਏ ਜਸਵਿੰਦਰ ਭੱਲਾ ਨੇ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਆਪਣੇ ਸੁਪਨਿਆਂ ਨੂੰ ਸਾਕਾਰ (ਪੂਰਾ) ਕਰਨ ਦੇ ਲਈ ਪੂਰੀ ਮਿਹਨਤ ਕਰੋ। ਜਸਵਿੰਦਰ ਭੱਲਾ ਨੇ ਦੱਸਿਆ ਕਿ ਉਹ ਪੀ. ਏ. ਯੂ. ਦੇ ਵਿਦਿਆਰਥੀ ਸਨ। ਯੂਨੀਵਰਸਿਟੀ 'ਚ ਪੜ੍ਹਾਈ ਦੌਰਾਨ ਹੀ ਉਨ੍ਹਾਂ ਨੇ ਐਕਟਿੰਗ ਸਿੱਖੀ। ਇੱਥੋਂ ਹੀ ਰੇਡੀਓ, ਦੂਰਦਰਸ਼ਨ ਦੇ ਲਈ ਕੰਮ ਕੀਤਾ। ਅੱਜ ਦੇ ਸਮੇਂ 'ਚ ਜਸਵਿੰਦਰ ਭੱਲਾ ਪਾਲੀਵੁੱਡ ਇੰਡਸਟਰੀ ਦੇ ਬਹੁਤ ਹੀ ਪ੍ਰਸਿੱਧ ਕਲਾਕਾਰ ਹਨ। ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ।
ਜਸਵਿੰਦਰ ਸਿੰਘ ਭੱਲਾ ਦੀ ਖਾਸੀਅਤ ਹੈ ਕਿ ਜਿੱਥੇ ਉਨ੍ਹਾਂ ਦੀ ਕਾਮੇਡੀ ਨੂੰ ਦਰਸ਼ਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ ਉੱਥੇ ਹੀ ਉਨ੍ਹਾਂ ਵੱਲੋਂ ਬੋਲੇ ਡਾਇਲਾਗ ਵੀ ਬੇਹੱਦ ਮਸ਼ਹੂਰ ਹੋਏ ਹਨ। ਇਹ ਡਾਇਲਾਗ ਇਸ ਕਦਰ ਮਸ਼ਹੂਰ ਹੋਏ ਹਨ ਕਿ ਉਨ੍ਹਾਂ 'ਤੇ ਕਈ ਟਿਕ ਟਾਕ ਵੀਡੀਓਜ਼ ਵੀ ਬਣ ਚੁੱਕੀਆਂ ਹਨ ਅਤੇ ਕਈ ਡਾਇਲਾਗ ਤਾਂ ਆਮ ਹੀ ਲੋਕ ਬੋਲਦੇ ਸੁਣਾਈ ਦੇ ਜਾਂਦੇ ਹਨ। ਇਨ੍ਹਾਂ 'ਚੋਂ ਕੁਝ ਡਾਇਲਾਗ ਦਾ ਜ਼ਿਕਰ ਕਰਨਾ ਜ਼ਰੂਰ ਬਣਦਾ ਹੈ ਜਿਵੇਂ ਕਿ 'ਢਿੱਲੋਂ ਨੇ ਕਾਲਾ ਕੋਟ ਐਵੇਂ ਨੀਂ ਪਾਇਆ', 'ਗੰਦੀ ਔਲਾਦ ਨਾ ਮਜ਼ਾ ਨਾ ਸਵਾਦ' (ਫਿਲਮ ਕੈਰੀ ਆਨ ਜੱਟਾ), '365 ਚਲਿੱਤਰ ਨਾਰ ਦੇ, ਸਾਰਾ ਸਾਲ ਬੰਦੇ ਨੂੰ ਮਾਰਦੇ' (ਲੱਕੀ ਦੀ ਅਣ ਲੱਕੀ ਸਟੋਰੀ), 'ਆਂਡੇ ਮੋਗੇ ਤੇ ਕੁੜ ਕੁੜ ਮਲੋਟ, ਮੈਂ ਤਾਂ ਭੰਨ ਦਉਂ ਬੁੱਲਾਂ ਨਾਲ ਅਖਰੋਟ' (ਚੱਕ ਦੇ ਫੱਟੇ), 'ਹਵੇਲੀ ਤੇ ਸਹੇਲੀ ਏਨੀ ਛੇਤੀ ਨਹੀਂ ਬਣਦੀ' (ਜਹੀਨੇ ਮੇਰਾ ਦਿਲ ਲੁੱਟਿਆ), 'ਜੇ ਚੰਡੀਗੜ੍ਹ ਢਹਿ ਜੂ ਤਾਂ ਪਿੰਡਾਂ ਵਰਗਾ ਤਾਂ ਰਹਿ ਜੂ' (ਜੱਟ ਐਂਡ ਜੂਲੀਅਟ), 'ਮਾੜੀ ਸੋਚ ਤੇ ਪੈਰ ਦੀ ਮੋਚ, ਬੰਦੇ ਨੂੰ ਅੱਗੇ ਵਧਣ ਨਹੀਂ ਦਿੰਦੀ' (ਜੱਟ ਬੁਆਏਜ਼ ਪੁੱਤ ਜੱਟਾਂ ਦੇ), 'ਇਕ ਤੇਰੀ ਅੜ੍ਹ ਭੰਨਣੀ, ਲੱਸੀ ਪੀਣ ਦਾ ਸ਼ੌਕ ਨਾ ਕੋਈ' (ਰੰਗੀਲੇ), 'ਜ਼ਮੀਨ ਬੰਜਰ ਤੇ ਔਲਾਦ ਕੰਜਰ, ਰੱਬ ਕਿਸੀ ਨੂੰ ਨਾ ਦੇਵੇ' (ਜੱਟ ਏਅਰਵੇਜ਼)।
ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਣ ਦੇ ਨਾਲ-ਨਾਲ ਜਸਵਿੰਦਰ ਭੱਲਾ ਨੇ ਪੰਜਾਬੀ ਸਿਨੇਮਾ ਦੀ ਤਰੱਕੀ 'ਚ ਵੀ ਆਪਣਾ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਦੇ ਫਿਲਮੀ ਕਰੀਅਰ ਦੀ ਸ਼ੁਰੂਆਤ ਪੰਜਾਬੀ ਫਿਲਮ 'ਮਾਹੌਲ ਠੀਕ ਹੈ' (1999) ਤੋਂ ਹੋਈ। ਇਸ ਫਿਲਮ 'ਚ ਉਨ੍ਹਾਂ ਨੇ ਇੰਸਪੈਕਟਰ ਦਾ ਕਿਰਦਾਰ ਸ਼ਾਨਦਾਰ ਢੰਗ ਨਾਲ ਨਿਭਾਇਆ। ਇਸ ਫਿਲਮ 'ਚ ਬਾਲ ਮੁਕੰਦ ਸ਼ਰਮਾ ਵੀ ਪੁਲਸ ਵਾਲੇ ਦੇ ਕਿਰਦਾਰ 'ਚ ਨਜ਼ਰ ਆਏ। ਇਸ ਫਿਲਮ 'ਚ ਮਰਹੂਮ ਕਾਮੇਡੀ ਕਿੰਗ ਜਸਪਾਲ ਭੱਟੀ ਨੇ ਵੀ ਦਮਦਾਰ ਕਿਰਦਾਰ ਨਿਭਾਇਆ ਹੈ। ਇਸ ਤੋਂ ਬਾਅਦ ਤਾਂ ਹੁਣ ਤਕ ਜਸਵਿੰਦਰ ਭੱਲਾ ਨੇ ਇਕ ਤੋਂ ਇਕ ਸ਼ਾਨਦਾਰ ਕਿਰਦਾਰ ਪੰਜਾਬੀ ਫਿਲਮਾਂ 'ਚ ਨਿਭਾਇਆ ਹੈ। ਇਨ੍ਹਾਂ 'ਚੋਂ ਬਹੁਤੇ ਕਿਰਦਾਰ ਤਾਂ ਸਰੋਤਿਆਂ ਦੇ ਦਿਲੋਂ ਦਿਮਾਗ 'ਚ ਇਸ ਕਦਰ ਵੱਸੇ ਹੋਏ ਹਨ ਕਿ ਜਦੋਂ ਵੀ ਭੱਲਾ ਬਾਰੇ ਕੋਈ ਗੱਲ ਚੱਲਦੀ ਹੈ ਤਾਂ ਉਹ ਕਿਰਦਾਰ ਆਪ ਮੁਹਾਰੇ ਅੱਖਾਂ ਮੂਹਰੇ ਘੁੰਮਣ ਲੱਗਦੇ ਹਨ। ਇਨ੍ਹਾਂ ਫਿਲਮਾਂ 'ਚ 'ਜੀਜਾ ਜੀ', 'ਚੱਕਦੇ ਫੱਟੇ', 'ਮੇਲ ਕਰਾਦੇ ਰੱਬਾ', 'ਜਹੀਨੇ ਮੇਰਾ ਦਿਲ ਲੁੱਟਿਆ', 'ਜੱਟ ਐਂਡ ਜੂਲੀਅਟ', 'ਜੱਟ ਐਂਡ ਜੂਲੀਅਨ 2', 'ਕੈਰੀ ਆਨ ਜੱਟਾ', 'ਸਰਦਾਰ ਜੀ', 'ਸਰਦਾਰ ਜੀ-2', 'ਡੈਡੀ ਕੂਲ ਮੁੰਡੇ ਫੂਲ', 'ਵਿਆਹ 70 ਕਿਲੋਮੀਟਰ', 'ਕਰੈਜ਼ੀ ਟੱਬਰ', 'ਵੇਖ ਬਰਾਤਾਂ ਚੱਲੀਆਂ', 'ਬੈਂਡ ਵਾਜੇ', 'ਗੋਲਕ ਬੂਗਨੀ ਬੈਂਕ ਤੇ ਬਟੂਆ', 'ਮੈਰਿਜ ਪੈਲੇਸ', 'ਪਾਵਰ ਕੱਟ', 'ਕੈਰੀ ਆਨ ਜੱਟਾ-2', 'ਨੌਕਰ ਵਹੁਟੀ ਦਾ' ਆਦਿ ਸ਼ਾਮਲ ਹਨ।