ਜਲੰਧਰ (ਬਿਊਰੋ) — ਪੰਜਾਬੀ ਫ਼ਿਲਮ ਅਤੇ ਸੰਗੀਤ ਜਗਤ 'ਚ ਆਏ ਦਿਨੀਂ ਕੋਈ ਨਾ ਕੋਈ ਕਲਾਕਾਰ ਚਰਚਾ 'ਚ ਰਹਿੰਦਾ ਹੈ। ਹੁਣ ਫ਼ਿਲਮ ਉਦਯੋਗ ਦੀ ਮਸ਼ਹੂਰ ਤੇ ਖੂਬਸੂਰਤ ਅਦਾਕਾਰਾ ਸੋਨਮ ਬਾਜਵਾ ਦਾ ਨਵਾਂ ਵਿਵਾਦ ਛਿੜ ਚੁੱਕਿਆ ਹੈ ਪਰ ਸੋਨਮ ਬਾਜਵਾ ਆਪਣੀ ਕਿਸੇ ਫਿਲਮ ਜਾਂ ਗੀਤ ਕਾਰਨ ਚਰਚਾ 'ਚ ਨਹੀਂ ਸਗੋਂ ਸਾਈਬਰ ਬੁਲਿੰਗ ਕਰਕੇ ਚਰਚਾ 'ਚ ਆਈ ਹੈ। ਪੰਜਾਬੀ ਅਦਾਕਾਰਾ ਸੋਨਮ ਬਾਜਵਾ ਸੋਸ਼ਲ ਮੀਡੀਆ ਰਾਹੀਂ ਸਾਈਬਰ ਬੁਲਿੰਗ ਦਾ ਸ਼ਿਕਾਰ ਹੋ ਗਈ ਹੈ। ਸ਼ਰਾਰਤੀ ਅਨਸਰਾਂ ਵੱਲੋਂ ਸੋਨਮ ਬਾਜਵਾ ਦੇ ਨਾਂ ਦੀ ਵਰਤੋਂ ਕਰਕੇ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਗੱਲ ਦੀ ਜਾਣਕਾਰੀ ਸੋਨਮ ਬਾਜਵਾ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਪੋਸਟਾਂ ਸਾਂਝੀਆਂ ਕਰਕੇ ਦਿੱਤੀ ਹੈ।

ਇਹ ਪੋਸਟਾਂ ਨੂੰ ਸਾਂਝੀਆਂ ਕਰਦੇ ਹੋਏ ਸੋਨਮ ਨੇ ਲਿਖਿਆ, ''ਇਹ ਉਹ ਅਕਾਊਂਟਸ ਹਨ, ਜਿਨ੍ਹਾਂ ਨੇ ਮੇਰੇ ਨਾਲ ਨਕਲੀ ਇੰਸਟਾ ਚੈਟ ਬਣਾਈ। ਮੈਨੂੰ ਪੂਰਾ ਯਕੀਨ ਨਹੀਂ ਹੈ ਕਿ ਉਹ ਦੂਜਿਆਂ ਨਾਲ ਵੀ ਅਜਿਹਾ ਕਰਨਾ ਮਜ਼ੇਦਾਰ ਜਾਂ ਮਜ਼ਾਕੀਆ ਮਹਿਸੂਸ ਕਰਦੇ ਹਨ ਜਾਂ ਇਸ ਪਿੱਛੇ ਕੋਈ ਵੱਖਰਾ ਏਜੰਡਾ ਹੈ ਪਰ ਇਹ ਜਾਣ ਕੇ ਬਹੁਤ ਦੁੱਖ ਹੋਇਆ ਹੈ ਕਿ ਕੁਝ ਲੋਕ ਇਸ ਤਰ੍ਹਾਂ ਦੇ ਅਕਾਊਂਟਸ ਪਿੱਛੇ ਛੁਪੇ ਹੋਏ ਹਨ, ਇਹ ਤਰ੍ਹਾਂ ਦੇ ਭੱਦੇ ਮਜ਼ਾਕ ਕਰਨ ਲਈ। ਉਨ੍ਹਾਂ ਦੀਆਂ ਜ਼ਿੰਦਗੀਆਂ ਝੂਠ ਅਤੇ ਨਫਰਤ ਨਾਲ ਭਰੀਆਂ ਹਨ। ਰੱਬ ਤੁਹਾਨੂੰ ਚੰਗੀ ਮੱਤ ਦੇਵੇ ਅਤੇ ਦੂਜਿਆਂ ਦੀ ਇੱਜ਼ਤ ਕਰਨਾ ਸਿਖਾਵੇ। ਮੈਂ ਸਭ ਨੂੰ ਅਪੀਲ ਕਰਦੀ ਹਾਂ ਕਿ ਅਜਿਹੇ ਅਕਾਊਂਟਸ ਦੀ ਰਿਪੋਰਟ ਜ਼ਰੂਰ ਕਰੋ ਭਾਵੇਂ ਹੀ ਉਹ ਕਿਸੇ ਹੋਰ ਨੂੰ ਕਰ ਰਹੇ ਹੋਣ।''

ਦੱਸਣਯੋਗ ਹੈ ਕਿ ਸੋਨਮ ਬਾਜਵਾ ਪੰਜਾਬੀ ਫ਼ਿਲਮ ਉਦਯੋਗ ਦੇ ਚਮਕਦੇ ਸਿਤਾਰਿਆਂ 'ਚੋਂ ਇਕ ਹਨ। ਉਹ ਅਕਸਰ ਹੀ ਸੋਸ਼ਲ ਮੀਡੀਆ 'ਤੇ ਆਪਣੀਆਂ ਖੂਬਸੂਰਤ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ।
