ਜਲੰਧਰ (ਬਿਊਰੋ) — ਰੰਗਮੰਚ ਨੇ ਪਾਲੀਵੁੱਡ, ਬਾਲੀਵੁੱਡ ਅਤੇ ਹਾਲੀਵੁੱਡ ਨੂੰ ਕਈ ਦਮਦਾਰ ਅਦਾਕਾਰ ਦਿੱਤੇ ਹਨ। ਜ਼ਿਲ੍ਹਾ ਸੰਗਰੂਰ ਦੇ ਪਿੰਡ ਅਮਰਗੜ੍ਹ ਦਾ ਜੰਮਪਲ ਰਾਣਾ ਜੰਗ ਬਹਾਦਰ ਵੀ ਅਜਿਹੇ ਅਦਾਕਾਰਾਂ ਦੀ ਸੂਚੀ 'ਚ ਆਉਂਦੇ ਹਨ। ਆਪਣੀ ਦਮਦਾਰ ਅਦਾਕਾਰੀ ਨਾਲ ਫਿਲਮੀ ਪਰਦੇ 'ਤੇ ਵੱਖ-ਵੱਖ ਕਿਰਦਾਰਾਂ ਨੂੰ ਸੰਜੀਵ ਕਰਨ ਵਾਲਾ ਰਾਣਾ ਜੰਗ ਬਹਾਦਰ ਬਾਲੀਵੁੱਡ ਤੇ ਪਾਲੀਵੁੱਡ ਦੇ ਸਾਂਝੇ ਅਦਾਕਾਰ ਹਨ। ਫਿਲਮੀ ਪਰਦੇ 'ਤੇ ਉਨ੍ਹਾਂ ਵੱਲੋਂ ਨਿਭਾਏ ਹਰ ਕਿਰਦਾਰ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਹੈ। ਉਨ੍ਹਾਂ ਨੇ ਕਰੀਅਰ ਦੀ ਸ਼ੁਰੂਆਤ ਦੂਰਦਰਸ਼ਨ ਦੇ ਮਸ਼ਹੂਰ ਲੜੀਵਾਰ 'ਮਹਾਭਾਰਤ' ਤੋਂ ਕੀਤੀ। ਫਿਰ ਉਨ੍ਹਾਂ ਨੇ ਹਿੰਦੀ ਫਿਲਮਾਂ ਦਾ ਰੁਖ ਕੀਤਾ ਅਤੇ ਕਈ ਹਿੱਟ ਬਾਲੀਵੁੱਡ ਫਿਲਮਾਂ 'ਚ ਅਹਿਮ ਕਿਰਦਾਰ ਨਿਭਾਉਂਦੇ ਹੋਏ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਬਾਲੀਵੁੱਡ ਵਾਂਗ ਪਾਲੀਵੁੱਡ ਫਿਲਮਾਂ 'ਚ ਵੀ ਹੁਣ ਤਕ ਉਹ ਦਮਦਾਰ ਕਿਰਦਾਰ ਨਿਭਾ ਚੁੱਕੇ ਹਨ।
ਥੀਏਟਰ ਨਾਲ ਜੁੜਨਾ
ਰਾਣਾ ਜੰਗ ਬਹਾਦਰ ਦੇ ਪਿਤਾ ਗਿਆਨੀ ਰਵੇਲ ਸਿੰਘ ਨੇ ਪਿੰਡ ਦੇ ਹੀ ਗੁਰਦੁਆਰਾ ਸਾਹਿਬ ਵਿਖੇ 60 ਸਾਲ ਤਕ ਬਤੌਰ ਗ੍ਰੰਥੀ ਸਿੰਘ ਸੇਵਾ ਨਿਭਾਈ ਸੀ। ਪਿਤਾ ਗੁਰੂ ਘਰ ਨਾਲ ਜੁੜੇ ਹੋਣ ਕਰ ਕੇ ਬਚਪਨ 'ਚ ਰਾਣੇ ਨੇ ਵੀ ਉਨ੍ਹਾਂ ਤੋਂ ਤਬਲੇ ਦੀ ਸਿੱਖਿਆ ਪ੍ਰਾਪਤ ਕੀਤੀ। ਤਬਲਾ ਵਜਾਉਣ ਦੀ ਤਾਲਿਮ ਹੋਣ ਕਰਕੇ ਉਹ ਆਪਣੇ ਪਿਤਾ ਨਾਲ ਇਲਾਕੇ 'ਚ ਹੁੰਦੇ ਧਾਰਮਿਕ ਪ੍ਰੋਗਰਾਮਾਂ 'ਚ ਵੀ ਜਾਣ ਲੱਗੇ ਸਨ। ਫਿਰ ਫਿਲਮੀ ਖੇਤਰ 'ਚ ਆਉਣਾ ਵੀ ਉਨ੍ਹਾਂ ਦੀ ਜ਼ਿੰਦਗੀ ਦਾ ਇਕ ਸੁਨਹਿਰੀ ਪੰਨਾ ਰਿਹਾ ਹੈ। ਬਚਪਨ 'ਚ ਫਿਲਮਾਂ ਦੇਖਦੇ ਉਨ੍ਹਾਂ ਦੇ ਮਨ ਅੰਦਰ ਵੀ ਪਰਦੇ 'ਤੇ ਨਜ਼ਰ ਆਉਣ ਦਾ ਸ਼ੌਕ ਪੈਦਾ ਹੋ ਗਿਆ। ਫਿਰ ਜਦੋਂ ਇਹ ਸ਼ੌਕ ਜਨੂੰਨ ਬਣਿਆ ਤਾਂ ਉਹ ਐਕਟਰ ਬਣਨ ਦੇ ਸੁਪਨੇ ਲੈਣ ਲੱਗਾ। ਇਸੇ ਦੌਰਾਨ ਉਸ ਨੂੰ ਮਲੇਰਕੋਟਲੇ ਆ ਕੇ ਗਾਇਕੀ ਨਾਲ ਜੁੜਨ ਦਾ ਮੌਕਾ ਮਿਲਿਆ। ਸੰਗੀਤ ਦੀ ਦੁਨੀਆ 'ਚ ਕਦਮ ਰੱਖ ਕੇ ਉਨ੍ਹਾਂ ਨੂੰ ਸਟੇਜ਼ਾਂ ਕਰਨ ਦਾ ਵੀ ਮੌਕਾ ਮਿਲਿਆ।
ਪੜ੍ਹਾਈ ਦੌਰਾਨ ਕੀਤਾ ਡਰਾਮੇ ਦਾ ਵੀ ਕੋਰਸ
ਮਲੇਰਕੋਟਲੇ ਤੋਂ ਹੀ ਉਨ੍ਹਾਂ ਨੇ ਬੀ. ਏ. ਤਕ ਦੀ ਪੜ੍ਹਾਈ ਪੂਰੀ ਕੀਤੀ। ਫਿਰ ਜਦੋਂ ਐੱਮ. ਏ. ਦੀ ਪੜ੍ਹਾਈ ਲਈ ਰਾਣਾ ਯੂਨੀਵਰਸਿਟੀ ਪਹੁੰਚਿਆ ਤਾਂ ਉਸ ਨੂੰ ਪਤਾ ਲੱਗਿਆ ਕਿ ਉਥੇ ਡਰਾਮੇ ਦਾ ਵੀ ਕੋਰਸ ਕਰਵਾਇਆ ਜਾਂਦਾ ਹੈ। ਆਪਣੀ ਕਲਾ ਦਾ ਸੁਪਨਾ ਪੂਰਾ ਹੁੰਦਾ ਦੇਖ ਉਨ੍ਹਾਂ ਨੇ ਇਸ ਕੋਰਸ 'ਚ ਦਾਖਲਾ ਲੈ ਲਿਆ। ਰਾਣੇ ਨੇ ਥੀਏਟਰ ਨਾਲ ਜੁੜ ਕੇ ਬਲਵੰਤ ਗਾਰਗੀ, ਸੁਰਜੀਤ ਸਿੰਘ ਸੇਠੀ, ਡਾ. ਹਰਚਰਨ ਸਿੰਘ, ਰਾਮ ਗੋਪਾਲ ਬਜਾਜ ਆਦਿ ਨਾਮਵਰ ਨਾਟਕ ਨਿਰਦੇਸ਼ਕਾਂ ਨਾਲ ਕਈ ਸਾਲ ਕੰਮ ਕੀਤਾ। ਫਿਰ 'ਕੇਸਰੋ', 'ਕਣਕ ਦੀ ਬੱਲੀ', 'ਲੋਹਾ ਕੁਟ' ਆਦਿ ਨਾਟਕਾਂ ਦੇ ਅਨੇਕਾਂ ਸ਼ੋਅ ਕਰਦਿਆਂ ਉਨ੍ਹਾਂ ਨੇ ਬਤੌਰ ਲੇਖਕ ਤੇ ਨਾਟਕਕਾਰ 'ਬੋਦੀ ਵਾਲਾ ਤਾਰਾ' ਵੀ ਲਿਖਿਆ, ਜਿਸ ਦੇ ਸਟੇਜ਼ ਸ਼ੋਅ ਪੰਜਾਬ ਤੋਂ ਲੈ ਕੇ ਦੇਸ਼ਾਂ-ਵਿਦੇਸ਼ਾਂ 'ਚ ਖੇਡੇ ਗਏ। ਕਿਸਮਤ ਦੇ ਧਨੀ ਰਾਣੇ ਨੇ ਉੱਚ ਵਿੱਦਿਆ ਪ੍ਰਾਪਤ ਕਰ ਕੇ ਉੱਚੇ ਅਹੁਦੇ ਦੀਆਂ ਕਈ ਨੌਕਰੀਆਂ ਵੀ ਸਮੇਂ-ਸਮੇਂ ਕੀਤੀਆਂ ਪਰ ਮਨ ਅੰਦਰ ਐਕਟਰ ਬਣਨ ਦਾ ਸੁਪਨਾ ਹੋਣ ਕਰ ਕੇ ਅਸਤੀਫਾ ਵੀ ਹਮੇਸ਼ਾਂ ਉਨ੍ਹਾਂ ਨੇ ਜੇਬ 'ਚ ਹੀ ਰੱਖਿਆ।
ਫਿਲਮੀ ਸਫਰ ਦੀ ਸ਼ੁਰੂਆਤ
ਫਿਲਮਾਂ 'ਚ ਕੰਮ ਕਰਨ ਦਾ ਸ਼ੌਕ ਰਾਣਾ ਜੰਗ ਬਹਾਦਰ ਨੂੰ ਪੰਜਾਬ ਤੋਂ ਮੁੰਬਈ ਲੈ ਗਿਆ ਸੀ। ਮੁੰਬਈ ਪਹੁੰਚ ਉਨ੍ਹਾਂ ਨੇ ਵੀ ਬਹੁਤੇ ਸਿਤਾਰਿਆਂ ਵਾਂਗ ਸੰਘਰਸ਼ ਕਰਦਿਆਂ ਕਈ ਤੰਗੀਆਂ-ਤੁਰਸ਼ੀਆਂ ਦੇਖੀਆਂ। ਮੁੰਬਈ ਰੇਲਵੇ ਸਟੇਸ਼ਨਾਂ 'ਤੇ ਹਨ੍ਹੇਰੀਆਂ ਰਾਤਾਂ ਕਟਦੇ ਹੋਏ ਕਈ-ਕਈ ਘੰਟੇ ਟਰੇਨਾਂ 'ਚ ਸੌਂ ਕੇ ਵਕਤ ਨੂੰ ਅੱਗੇ ਤੋਰਿਆ। ਫਿਰ ਵੀ ਉਨ੍ਹਾਂ ਨੇ ਕਦੇ ਹਾਰ ਨਾ ਮੰਨੀ ਅਤੇ ਸੁਪਨਿਆਂ ਨੂੰ ਆਖਰ ਹਕੀਕਤ 'ਚ ਤਬਦੀਲ ਕਰ ਹੀ ਲਿਆ। ਮੁੰਬਈ ਫਿਲਮ ਨਗਰੀ ਦੇ ਹਰ ਮੌੜ ਤੋਂ ਗੁਜ਼ਰਦੇ ਹੋਏ ਫਿਲਮਾਂ ਦੀਆਂ ਕਹਾਣੀਆਂ ਤੋਂ ਇਲਾਵਾ ਬਾਲੀਵੁੱਡ ਅਤੇ ਪਾਲੀਵੁੱਡ ਫਿਲਮ ਇੰਡਸਟਰੀ ਦੀਆਂ ਵੀ ਕਈ ਕਹਾਣੀਆਂ ਰਾਣਾ ਜੰਗ ਬਹਾਦਾਰ ਨੇ ਦੇਖਿਆ ਹੈ। ਸਫਰ ਦੀਆਂ ਕੁਝ ਘਟਨਾਵਾਂ ਉਨ੍ਹਾਂ ਨੂੰ ਅੱਜ ਵੀ ਕਿਸੇ ਫਿਲਮ ਦੇ ਸੀਨ ਦੀ ਤਰ੍ਹਾ ਲਗਦੀਆਂ ਹਨ। ਮੁੰਬਈ ਰਹਿ ਕੇ ਉਨ੍ਹਾਂ ਨੂੰ ਪਹਿਲਾ ਛੋਟੇ-ਛੋਟੇ ਰੋਲ ਕਰਨ ਦਾ ਮੌਕਾ ਮਿਲਿਆ। ਲੰਬੇ ਸੰਘਰਸ਼ ਤੋਂ ਬਾਅਦ ਬਾਲੀਵੁੱਡ ਦੇ ਨਾਮਵਰ ਨਿਰਦੇਸ਼ਕ ਜੇਪੀ ਦੱਤਾ ਦੀ 1988 'ਚ ਰਿਲੀਜ਼ ਹੋਈ ਹਿੰਦੀ ਫਿਲਮ 'ਯਤੀਮ' ਨਾਲ ਉਨ੍ਹਾਂ ਨੂੰ ਫਿਲਮੀ ਪਰਦੇ 'ਤੇ ਆਪਣੀ ਪ੍ਰਤਿਭਾ ਦਿਖਾਉਣ ਦਾ ਸੁਨਹਿਰੀ ਮੌਕਾ ਮਿਲਿਆ।
ਚਰਚਿਤ ਰਹੀਆਂ ਫਿਲਮਾਂ
ਰਾਣਾ ਜੰਗ ਬਹਾਦਰ ਨੇ ਕੁਝ ਟੀ. ਵੀ. ਸੀਰੀਅਲਜ਼ 'ਚ ਵੀ ਅਹਿਮ ਕਿਰਦਾਰ ਨਿਭਾਏ ਹਨ। ਜੇ ਉਨ੍ਹਾਂ ਦੇ ਫਿਲਮੀ ਸਫਰ ਦੀ ਗੱਲ ਕਰੀਏ ਤਾਂ ਹੁਣ ਤਕ ਉਹ 150 ਦੇ ਕਰੀਬ ਹਿੰਦੀ ਫਿਲਮਾਂ 'ਚ ਆਪਣੀ ਅਦਾਕਾਰੀ ਦੇ ਜੌਹਰ ਦਿਖਾ ਚੁੱਕੇ ਹਨ। ਉਸ ਦੀਆਂ ਚਰਚਿਤ ਰਹੀਆਂ ਫਿਲਮਾਂ 'ਚ 'ਰੋਟੀ ਕੀ ਕੀਮਤ', 'ਫੂਲ ਔਰ ਕਾਂਟੇ', 'ਕੱਲ੍ਹ ਕੀ ਆਵਾਜ਼', 'ਬੇਤਾਜ਼ ਬਾਦਸ਼ਾਹ', 'ਦੂਹਲੇ ਰਾਜਾ', 'ਹਮਾਰਾ ਦਿਲ ਆਪ ਕੇ ਪਾਸ ਹੈ', 'ਦੀਵਾਨਗੀ', 'ਯਲਗਾਰ', 'ਅਜਬ ਪ੍ਰੇਮ ਕੀ ਗਜ਼ਬ ਕਹਾਣੀ', 'ਹਥਿਆਰ', 'ਬਟਵਾਰਾ', 'ਡੁਪਲੀਕੈਟ', 'ਤਰਾਜੂ', 'ਵਾਹ ਤੇਰਾ ਕਿਆ ਕਹਿਨਾ', 'ਦੇਸ਼ ਦਰੋਹੀ', 'ਏਕ ਸੇ ਬੜ ਕਰ ਏਕ', 'ਫਟਾ ਪੋਸਟਰ', 'ਧਮਾਲ', 'ਹੀਰਾ ਲਾਲ ਪੰਨਾ ਲਾਲ', 'ਵਾਰਿਸ', 'ਤੂੰ ਹੀ ਤੋ ਹੈ', 'ਤੁਮਸਾ ਨਹੀਂ ਦੇਖਾ', 'ਇਨਸਾਫ਼' ਆਦਿ ਸ਼ਾਮਲ ਹਨ।
ਰਾਣਾ ਜੰਗ ਬਹਾਦਰ ਵੱਲੋਂ ਫਿਲਮੀ ਸਫ਼ਰ ਦੌਰਾਨ ਨਿਭਾਏ ਨੈਗੇਟਿਵ ਕਿਰਦਾਰ ਜ਼ਿਆਦਾ ਮਸ਼ਹੂਰ ਹੋਏ ਹਨ। ਨੈਸ਼ਨਲ ਐਵਾਰਡ ਜੇਤੂ ਪੰਜਾਬੀ ਫਿਲਮ 'ਚੰਨ ਪ੍ਰਦੇਸੀ' ਨਾਲ ਉਨ੍ਹਾਂ ਨੇ ਪਾਲੀਵੁੱਡ 'ਚ ਸ਼ਾਨਦਾਰ ਐਂਟਰੀ ਕੀਤੀ ਸੀ। ਇਸ ਤੋਂ ਬਾਅਦ ਹੁਣ ਤਕ ਉਨ੍ਹਾਂ ਨੇ 100 ਦੇ ਕਰੀਬ ਪੰਜਾਬੀ ਫਿਲਮਾਂ ਰਾਹੀਂ ਪਾਲੀਵੁੱਡ 'ਚ ਵੀ ਆਪਣੀ ਵੱਖਰੀ ਪਛਾਣ ਕਾਇਮ ਕੀਤੀ ਹੈ। ਇਨ੍ਹਾਂ ਫਿਲਮਾਂ 'ਚ 'ਮੌਲਾ ਜੱਟ', 'ਜੀਜਾ ਸਾਲੀ', 'ਜੱਟ ਦਾ ਗੰਡਾਸਾ', 'ਜੱਟ ਐਂਡ ਜੂਲੀਅਟ', 'ਸਰਦਾਰ ਮੁਹੰਮਦ', 'ਅਫਸਰ', 'ਕਪਤਾਨ', 'ਅੰਬਰਸਰੀਆ', 'ਕਬੱਡੀ ਵਨਸ਼ ਅਗੇਨ', 'ਠੱਗ ਲਾਈਫ਼', 'ਪਿੰਕੀ ਮੋਗੇ ਵਾਲੀ', 'ਮੰਜੇ ਬਿਸਤਰੇ', 'ਅਰਦਾਸ ਕਰ', 'ਬਲੈਕੀਆ', 'ਡਾਕਾ' ਆਦਿ ਸ਼ਾਮਲ ਹਨ।
ਸਾਹਿਤਕ ਰੁਚੀ ਹੋਣਾ
ਅਦਾਕਾਰੀ ਦੇ ਨਾਲ-ਨਾਲ ਰਾਣਾ ਜੰਗ ਬਹਾਦਰ ਆਪਣੀ ਦਮਦਾਰ ਆਵਾਜ਼ ਸਦਕਾ ਵੀ ਜਾਣੇ ਜਾਂਦੇ ਹਨ। ਜਦੋਂ ਉਹ ਆਪਣੀ ਭਾਰੀ ਆਵਾਜ਼ 'ਚ ਕਿਸੇ ਫਿਲਮ ਦਾ ਡਾਇਲਾਗ ਬੋਲਦੇ ਹਨ ਤਾਂ ਆਪਣੇ ਕਿਰਦਾਰ ਨੂੰ ਹੋਰ ਵੀ ਮਜ਼ਬੂਤ ਕਰ ਲੈਂਦੇ ਹਨ। ਇਸ ਨਾਲ ਹੀ ਉਨ੍ਹਾਂ ਦੀਆਂ ਮੋਟੀਆਂ-ਮੋਟੀਆਂ ਅੱਖਾਂ ਵੀ ਉਨ੍ਹਾਂ ਦੀ ਅਦਾਕਾਰੀ ਨੂੰ ਚਾਰ ਚੰਨ ਲਗਾ ਦਿੰਦੀਆਂ ਹਨ। ਸਿਨੇਮਾ ਪ੍ਰੇਮੀਆਂ ਦੇ ਦਿਲਾਂ 'ਚ ਵਸੇ ਰਾਣਾ ਜੰਗ ਬਹਾਦਰ ਹਰ ਕਿਰਦਾਰ ਨੂੰ ਰੂਹ ਨਾਲ ਖੇਡਣ 'ਚ ਵਿਸ਼ਵਾਸ ਰੱਖਦੇ ਹਨ। ਇਸੇ ਲਈ ਉਸ ਦੀ ਝੋਲੀ ਅੱਜ ਵੀ ਪੰਜਾਬੀ ਫਿਲਮਾਂ ਨਾਲ ਭਰੀ ਹੋਈ ਹੈ। ਇਨ੍ਹੀਂ ਦਿਨੀਂ ਰਾਣਾ ਅਗਲੀਆਂ ਪੰਜਾਬੀ ਫਿਲਮਾਂ 'ਪੋਸਤੀ' ਅਤੇ 'ਕਾਲੇ ਕੱਛਿਆਂ ਵਾਲੇ' ਵਿਚਲੇ ਆਪਣੇ ਦਮਦਾਰ ਕਿਰਦਾਰ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹਨ।