FacebookTwitterg+Mail

ਵੱਡੀਆਂ ਤਬਦੀਲੀਆਂ 'ਚੋਂ ਲੰਘ ਰਿਹੈ ਪੰਜਾਬੀ ਗੀਤ-ਸੰਗੀਤ, ਲੋਕਾਂ ਨੂੰ ਪਾ ਰਿਹੈ ਕੁਰਾਹੇ

pollywood moving through major changes punjabi songs and music
11 June, 2020 10:09:46 AM

ਜਲੰਧਰ (ਵੈੱਬ ਡੈਸਕ) — ਅਜੋਕਾ ਸਮਾਂ ਕਾਫ਼ੀ ਦੌੜ-ਭੱਜ ਵਾਲਾ ਹੈ। ਮਨੁੱਖ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਲਈ ਦਿਨ-ਰਾਤ ਭੱਜ ਦੌੜ ਕਰ ਰਿਹਾ ਹੈ। ਇਸ ਦੌੜ-ਭੱਜ ਕਾਰਨ ਅੱਜ ਕਿਸੇ ਕੋਲ ਸਕੂਨ ਨਾਲ ਸੰਗੀਤ ਸੁਨਣ ਦਾ ਵੀ ਸਮਾਂ ਨਹੀਂ ਰਿਹਾ ਹੈ। ਗੀਤ-ਸੰਗੀਤ ਮੁੱਢ ਤੋਂ ਹੀ ਕੋਮਲ ਭਾਵਨਾਵਾਂ ਦਾ ਪ੍ਰਤੀਕ ਰਿਹਾ ਹੈ। ਸੰਗੀਤ ਮਨੁੱਖੀ ਜ਼ਿੰਦਗੀ 'ਚ ਹਾਸਾ, ਨਾਚ, ਖ਼ੁਸ਼ੀਆਂ ਅਤੇ ਖੇੜੇ ਲੈ ਕੇ ਆਉਂਦਾ ਹੈ। ਮਨੁੱਖ ਦੇ ਸੱਭਿਅਕ ਹੋਣ ਤੋਂ ਲੈ ਕੇ ਅੱਜ ਤੱਕ ਇਸ ਦਾ ਮਨੁੱਖੀ ਜੀਵਨ 'ਚ ਨਿਵੇਕਲਾ ਸਥਾਨ ਰਿਹਾ ਹੈ।

ਅਜੋਕੀ ਪੰਜਾਬੀ ਗੀਤਕਾਰੀ ਤੇ ਗਾਇਕੀ ਦੇ ਸਰੂਪ 'ਚ ਵੱਡੀਆਂ ਤਬਦੀਲੀਆਂ ਆਈਆਂ ਹਨ। ਲੋਕ ਹੁਣ ਕੰਮ ਕਰਦਿਆਂ, ਤੁਰਦਿਆਂ-ਫਿਰਦਿਆਂ ਮੋਬਾਈਲ ਫੋਨ 'ਤੇ ਆਪਣੀ ਪਸੰਦ ਦੇ ਗੀਤ ਆਮ ਸੁਣਦੇ ਆਮ ਨਜ਼ਰ ਆਉਂਦੇ ਹਨ। ਉਹ ਸਮਾਂ ਬੀਤ ਗਿਆ ਜਦੋਂ ਮਹਿਫ਼ਲਾਂ 'ਚ ਰੂਹਾਨੀ ਸੰਗੀਤ, ਕਿੱਸੇ, ਗਾਥਾਵਾਂ ਜਾਂ ਉਪੇਰਿਆਂ ਦੇ ਰੂਪ 'ਚ ਗੀਤ-ਸੰਗੀਤ ਦਾ ਆਨੰਦ ਮਾਣਿਆ ਜਾਂਦਾ ਸੀ।

ਰਿਸ਼ਤਿਆਂ ਦਾ ਘਾਣ
ਅਜੋਕੀ ਪੰਜਾਬੀ ਗੀਤਕਾਰੀ 'ਚ ਨਵੇਂ ਗਾਇਕਾਂ ਤੇ ਲੇਖਕਾਂ ਨੇ ਵੱਡੇ ਪੱਧਰ 'ਤੇ ਪ੍ਰਵੇਸ਼ ਕੀਤਾ ਹੈ। ਇਨ੍ਹਾਂ ਵਿਚੋਂ ਬਹੁਤਿਆਂ ਨੂੰ ਤਾਂ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਜਨ-ਜੀਵਨ ਬਾਰੇ ਪੂਰਾ ਗਿਆਨ ਨਹੀਂ ਹੈ। ਇਸੇ ਕਰਕੇ ਪੰਜਾਬੀ ਗੀਤਾਂ 'ਚ ਰਿਸ਼ਤਿਆਂ ਦੀ ਭੰਡੀ ਕੀਤੀ ਜਾ ਰਹੀ ਹੈ। ਇਹ ਇਕ ਮੰਦਭਾਗਾ ਰੁਝਾਨ ਹੈ। ਇਨ੍ਹਾਂ ਲੋਕਾਂ ਨੇ ਦਿਓਰ-ਭਾਬੀ, ਜੀਜਾ-ਸਾਲੀ ਤੇ ਦੋਸਤੀ ਵਰਗੇ ਰਿਸ਼ਤਿਆਂ ਨੂੰ ਬਦਨਾਮ ਕਰਨ 'ਚ ਕੋਈ ਕਸਰ ਨਹੀਂ ਛੱਡੀ। ਪੰਜਾਬ ਦੀ ਵਿਰਾਸਤ 'ਚ ਵੱਡੀ ਸਾਲੀ ਨੂੰ ਲੋਕ ਮਾਂ ਬਰਾਬਰ, ਹਮ-ਉਮਰ ਸਾਲੀ ਨੂੰ ਭੈਣ ਬਰਾਬਰ ਤੇ ਛੋਟੀ ਸਾਲੀ ਨੂੰ ਧੀ ਬਰਾਬਰ ਸਮਝਿਆ ਜਾਂਦਾ ਰਿਹਾ ਹੈ। ਜਦਕਿ ਅੱਜ ਦੇ ਗੀਤਾਂ 'ਚ ਇਸ ਰਿਸ਼ਤੇ ਨੂੰ ਮੈਲੀ ਨਜ਼ਰ ਨਾਲ ਵੇਖਿਆ ਜਾਂਦਾ ਹੈ। ਪੁਰਾਤਨ ਸਮਿਆਂ 'ਚ ਤਾਂ 'ਪਿੰਡ ਦੀ ਧੀ-ਭੈਣ ਸਭਨਾਂ ਦੀ ਸਾਂਝੀ' ਹੁੰਦੀ ਸੀ ਪਰ ਅੱਜ ਦੇ ਬਹੁਤੇ ਗਾਇਕ ਤੇ ਗੀਤਕਾਰ ਆਪਣੇ ਗੀਤਾਂ ਵਿਚ ਪਿੰਡ ਦੀ ਕੁੜੀ ਨੂੰ ਸਿਰਫ਼ ਆਸ਼ਕੀ ਦੇ ਜ਼ਰੀਏ ਵਜੋਂ ਪੇਸ਼ ਕਰ ਰਹੇ ਹਨ।

ਨੌਜਵਾਨ ਪੀੜ੍ਹੀ ਨੂੰ ਵੀ ਕੀਤਾ ਜਾ ਰਿਹਾ ਹੈ ਗੁੰਮਰਾਹ
ਅਜੋਕੇ ਬਹੁਤ ਸਾਰੇ ਪੰਜਾਬੀ ਗੀਤਾਂ 'ਚ ਵਿੱਦਿਆ ਦੇ ਮੰਦਰ ਆਖੇ ਜਾਂਦੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਵੀ ਆਸ਼ਕੀ ਦੇ ਅਖਾੜੇ ਬਣਾ ਕੇ ਰੱਖ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਅਜੋਕੀ ਗੀਤਕਾਰੀ ਤੇ ਗਾਇਕੀ ਨੇ ਵਿੱਦਿਆ ਦੇ ਇਨ੍ਹਾਂ ਮੰਦਰ ਨੂੰ ਸਿਆਸਤ ਦਾ ਪਿੜ ਬਣਾਉਣ ਤੋਂ ਵੀ ਕੋਈ ਕਸਰ ਨਹੀਂ ਛੱਡੀ। ਇਨ੍ਹਾਂ 'ਚ ਪ੍ਰਧਾਨਗੀ ਲਈ ਹੁੰਦੇ ਲੜਾਈ ਝਗੜੇ ਤੇ ਚੌਧਰ ਲਈ ਚੱਲਦੀਆਂ ਗੋਲੀਆਂ ਵਿਦਿਆਰਥੀਆਂ ਤੇ ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪਾ ਰਹੇ ਹਨ। ਪੰਜਾਬੀ ਜਨ-ਜੀਵਨ ਦੀ ਗੀਤਾਂ 'ਚ ਅਜਿਹੀ ਪੇਸ਼ਕਾਰੀ ਵੇਖ ਕੇ ਹਰ ਸੁਹਿਰਦ ਵਿਅਕਤੀ ਦੇ ਹਿਰਦੇ ਨੂੰ ਠੇਸ ਪਹੁੰਚਦੀ ਹੈ। ਬਹੁਤਿਆਂ ਗੀਤਾਂ 'ਚ ਨੌਜਵਾਨ ਪੀੜ੍ਹੀ ਨੂੰ ਕਚਹਿਰੀਆਂ 'ਚ ਤਰੀਕਾਂ ਭੁਗਤਦਿਆਂ, ਫਾਇਰ ਕਰਦਿਆਂ, ਬੱਕਰੇ ਬਲਾਉਂਦਿਆਂ, ਬੁਲਟ ਦੇ ਪਟਾਕੇ ਪਾਉਂਦਿਆਂ ਤੇ ਆਸ਼ਕੀ ਕਰਦਿਆਂ ਵਿਖਾ ਕੇ ਉਨ੍ਹਾਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇਹ ਕਲਾਕਾਰ ਬੇਰੁਜ਼ਗਾਰੀ, ਕਰਜ਼ਾ, ਕਿਰਸਾਨੀ, ਖ਼ੁਦਕਸ਼ੀਆਂ, ਤੇਜ਼ਾਬੀ ਹਮਲੇ, ਭਰੂਣ ਹੱਤਿਆ ਆਦਿ ਅਹਿਮ ਵਿਸ਼ਿਆਂ ਵੱਲ ਧਿਆਨ ਕਿਉਂ ਨਹੀਂ ਦੇ ਰਹੇ। ਇਨ੍ਹਾਂ ਨੂੰ ਮਿਆਰੀ ਵਿਸ਼ਿਆਂ 'ਤੇ ਗੀਤ ਲਿਖਣੇ ਤੇ ਗਾਉਣੇ ਚਾਹੀਦੇ ਹਨ ਤਾਂ ਜੋ ਨਵੀਂ ਪੀੜ੍ਹੀ ਨੂੰ ਚੰਗੀ ਸੇਧ ਮਿਲ ਸਕੇ।

ਕਲਾਕਾਰ ਵੀ ਕਸੂਰਵਾਰ
ਮਨੁੱਖੀ ਰਿਸ਼ਤਿਆਂ ਦੇ ਮੋਹ ਭਿੱਜੇ ਬੋਲ ਹੁਣ ਪੰਜਾਬੀ ਗੀਤ-ਸੰਗੀਤ 'ਚੋਂ ਲੋਪ ਹੁੰਦੇ ਜਾ ਰਹੇ ਹਨ। ਰੂਹ ਨੂੰ ਸਕੂਨ ਦੇਣ ਵਾਲੇ ਗੀਤ ਨਾ ਤਾਂ ਗਾਏ ਜਾ ਰਹੇ ਹਨ ਤੇ ਨਾ ਹੀ ਲਿਖੇ ਜਾਂਦੇ ਹਨ। ਕੁਝ ਗੀਤਕਾਰਾਂ ਤੇ ਗਾਇਕਾਂ ਨੇ ਅੱਜ ਵੀ ਪੰਜਾਬੀ ਸੱਭਿਆਚਾਰ ਨੂੰ ਆਪਣੇ ਗੀਤਾਂ 'ਚ ਸੰਭਾਲਿਆ ਹੋਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਗਾਇਕਾਂ ਤੇ ਗੀਤਕਾਰਾਂ ਤੋਂ ਇਲਾਵਾ ਗਾਇਕਾਵਾਂ ਵੀ ਗੀਤ-ਸੰਗੀਤ 'ਚ ਆ ਰਹੀ ਇਸ ਗਿਰਾਵਟ 'ਚ ਬਰਾਬਰ ਦੀਆਂ ਭਾਈਵਾਲ ਬਣੀਆਂ ਹੋਈਆਂ ਹਨ। ਅੱਜ ਮਾਪੇ ਆਪਣੇ ਧੀਆਂ-ਪੁੱਤਰਾਂ ਨੂੰ ਗੀਤਕਾਰ ਜਾਂ ਗਾਇਕ ਤਾਂ ਬਣਾ ਰਹੇ ਹਨ ਪਰ ਉਨ੍ਹਾਂ ਨੂੰ ਆਪਣੇ ਵਿਰਸੇ, ਸੱਭਿਆਚਾਰ ਤੇ ਇਤਿਹਾਸ ਬਾਰੇ ਜਾਣਕਾਰੀ ਨਹੀਂ ਦੇ ਰਹੇ, ਸਿੱਟੇ ਵਜੋਂ ਦਿਨ-ਬ-ਦਿਨ ਮਾੜੇ ਗੀਤ ਬਾਜ਼ਾਰ 'ਚ ਆ ਰਹੇ ਹਨ। ਇਨ੍ਹਾਂ ਨਵੇਂ ਗਾਇਕਾਂ ਤੇ ਗੀਤਕਾਰਾਂ ਦੇ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਚੰਗੇ ਗੀਤਾਂ ਲਈ ਪ੍ਰੇਰਿਤ ਕਰਨ।

ਗੀਤਾਂ 'ਚ ਵਧ ਰਿਹਾ ਹੈ ਨਸ਼ਿਆਂ ਦਾ ਰੁਝਾਨ
ਅਜੋਕੇ ਕਲਾਕਾਰਾਂ ਵੱਲੋਂ ਗੀਤਾਂ ਰਾਹੀਂ ਨੌਜਵਾਨ ਪੀੜ੍ਹੀ ਨੂੰ ਨਸ਼ੇ ਤੇ ਹੋਰ ਬੁਰਾਈਆਂ ਬਾਰੇ ਜਾਗਰੂਕ ਕਰਨ ਦੀ ਥਾਂ ਵੈਲੀਪੁਣੇ ਨੂੰ ਟੌਹਰ ਦਾ ਪ੍ਰਤੀਕ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਫਜ਼ੂਲ-ਖ਼ਰਚੀ ਨੂੰ ਅਮੀਰੀ ਦਾ ਪ੍ਰਤੀਕ ਬਣਾ ਕੇ ਸਮਾਜ ਸਾਹਮਣੇ ਪਰੋਸਿਆ ਜਾ ਰਿਹਾ ਹੈ। ਅੱਜ ਨੌਜਵਾਨਾਂ ਦਾ ਵਿਚਾਰ ਹੈ ਕਿ ਪੜ੍ਹ-ਲਿਖ ਕੇ ਨੌਕਰੀ ਤਾਂ ਮਿਲਦੀ ਨਹੀਂ, ਜੇ ਮਿਲ ਵੀ ਜਾਵੇ ਤਾਂ ਬਹੁਤਾ ਪੈਸਾ ਨਹੀਂ ਜੋੜਿਆ ਜਾ ਸਕਦਾ, ਜਿੰਨਾ ਕਿ ਗਾਇਕ ਬਣ ਕੇ 3-4 ਸਾਲਾਂ 'ਚ ਜੋੜਿਆ ਜਾ ਸਕਦਾ ਹੈ। ਇਸੇ ਲਈ ਉਹ ਅਜਿਹੇ ਗੀਤ ਲਿਖ ਅਤੇ ਗਾ ਕੇ ਸੋਸ਼ਲ ਮੀਡੀਆ 'ਤੇ ਇਨ੍ਹਾਂ ਨੂੰ ਅਪਲੋਡ ਕਰ ਕੇ ਪ੍ਰਸਿੱਧ ਹੋਣ ਦੇ ਰੁਝਾਨ ਨੂੰ ਅਪਣਾ ਰਹੇ ਹਨ।

ਮਾੜੀ ਸ਼ਬਦਾਬਲੀ ਦੀ ਹੁੰਦੀ ਹੈ ਹੁਣ ਆਮ ਵਰਤੋਂ
ਅੱਜਕੱਲ ਆ ਰਹੇ ਨਵੇਂ ਪੰਜਾਬੀ ਗੀਤਾਂ ਦੀ ਸ਼ਬਦਾਬਲੀ ਪਹਿਲਾਂ ਨਾਲੋਂ ਵੀ ਬਹੁਤ ਮਾੜੀ ਹੋ ਚੁੱਕੀ ਹੈ। ਹੁਣ ਤਾਂ ਗੀਤਾਂ 'ਚ ਸਿੱਧੀਆਂ ਗਾਲ੍ਹਾਂ ਹੀ ਕੱਢੀਆਂ ਜਾ ਰਹੀਆਂ ਹਨ। ਜੇ ਇਹੋਂ ਜਿਹੀ ਸ਼ਬਦਾਬਲੀ ਹੀ ਗੀਤਾਂ 'ਚ ਆਉਂਦੀ ਰਹੀ ਤਾਂ ਆਉਣ ਵਾਲੇ ਸਮੇਂ 'ਚ ਬਹੁਤ ਮਾੜੇ ਸਿੱਟੇ ਨਿਕਲ ਕੇ ਸਾਹਮਣੇ ਆਉਣਗੇ। ਸਰੋਤਿਆਂ ਨੂੰ ਚਾਹੀਦਾ ਹੈ ਕਿ ਅਜਿਹੇ ਗੀਤਾਂ ਦਾ ਵਿਰੋਧ ਕੀਤਾ ਜਾਵੇ। ਸਰੋਤਿਆਂ ਤੋਂ ਇਲਾਵਾ ਸੱਭਿਆਚਾਰਕ ਜੱਥੇਬੰਦੀਆਂ ਨੂੰ ਵੀ ਅਜਿਹੇ ਗੀਤ ਗਾਉਣ ਵਾਲੇ ਕਲਾਕਾਰਾਂ ਦੇ ਖ਼ਿਲਾਫ਼ ਠੋਸ ਕਦਮ ਚੁੱਕਣ ਦੀ ਸਖ਼ਤ ਜ਼ਰੂਰਤ ਹੈ।

ਸਰੋਤਿਆਂ ਦੀ ਜ਼ਿੰਮੇਵਾਰੀ
ਇਹ ਗੱਲ ਵੀ ਸੱਚ ਹੈ ਕਿ ਸਰੋਤਿਆਂ ਦੇ ਹਾਂ-ਪੱਖੀ ਹੁੰਗਾਰੇ ਤੋਂ ਬਿਨਾਂ ਕੋਈ ਵੀ ਕਲਾਕਾਰ ਕਾਮਯਾਬ ਨਹੀਂ ਹੁੰਦਾ। ਜੇ ਸਰੋਤੇ ਹੀ ਲੱਚਰ ਗੀਤ ਸੁਣਨੇ ਪਸੰਦ ਕਰਨਗੇ ਤੇ ਆਪਣੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਹੀਂ ਨਿਭਾਉਣਗੇ ਤਾਂ ਅਜਿਹੇ ਗ਼ੈਰ-ਮਿਆਰੀ ਗੀਤ-ਸੰਗੀਤ ਦੀ ਬਾਜ਼ਾਰ ਵਿਚ ਆਮਦ ਜਾਰੀ ਰਹੇਗੀ। ਇਸ ਲਈ ਗਾਇਕਾਂ ਤੇ ਗੀਤਕਾਰਾਂ ਤੋਂ ਵੱਡੀ ਜ਼ਿੰਮੇਵਾਰੀ ਸਰੋਤਿਆਂ ਉੱਪਰ ਹੈ। ਜੇ ਅਸੀਂ ਅਜੇ ਵੀ ਆਪਣੇ ਫਰਜ਼ਾਂ ਪ੍ਰਤੀ ਸੁਚੇਤ ਨਾ ਹੋਏ ਤਾਂ ਸਾਡਾ ਅਮੀਰ ਵਿਰਸਾ ਸਾਨੂੰ ਕਦੇ ਮਾਫ਼ ਨਹੀਂ ਕਰੇਗਾ। ਰਸੂਲ ਹਮਜ਼ਾਤੋਵ ਨੇ ਆਪਣੀ ਪੁਸਤਕ 'ਮੇਰਾ ਦਾਗ਼ਿਸਤਾਨ' ਵਿਚ ਆਖਿਆ ਹੈ ਕਿ 'ਜੇ ਅਸੀਂ ਆਪਣੇ ਅੱਜ ਉੱਪਰ ਗੋਲੀ ਚਲਾਵਾਂਗੇ ਤਾਂ ਭਵਿੱਖ ਸਾਨੂੰ ਤੋਪ ਨਾਲ ਫੁੰਡੇਗਾ', ਇਸ ਲਈ ਸਾਨੂੰ ਆਪਣੇ ਅੱਜ ਨੂੰ ਗੋਲੀਆਂ ਨਾਲ ਫੁੰਡੇ ਜਾਣ ਵਾਲੇ ਇਸ ਵਰਤਾਰੇ ਪ੍ਰਤੀ ਸੁਹਿਰਦ ਹੋਣ ਦੀ ਲੋੜ ਹੈ।


Tags: Pollywood MovingThroughMajor ChangesPunjabi Songs And Music

About The Author

sunita

sunita is content editor at Punjab Kesari