ਮੁੰਬਈ (ਬਿਊਰੋ)— ਛੋਟੇ ਪਰਦੇ ਦੀਆਂ ਅਭਿਨੇਤਰੀਆਂ ਇਕ ਤੋਂ ਬਾਅਦ ਇਕ ਬਾਲੀਵੁੱਡ 'ਚ ਐਂਟਰੀ ਕਰ ਰਹੀਆਂ ਹਨ। ਮੌਨੀ ਰਾਏ, ਦੀਪਿਕਾ ਕੱਕੜ ਅਤੇ ਅੰਕਿਤਾ ਲੋਖੰਡੇ ਬਾਅਦ ਹੁਣ ਸ਼ਰਦ ਮਲਹੋਤਰਾ ਦੀ ਪ੍ਰੇਮਿਕਾ ਪੂਜਾ ਬਿਸ਼ਟ ਬਾਲੀਵੁੱਡ 'ਚ ਡੈਬਿਊ ਕਰ ਰਹੀ ਹੈ। ਪੂਜਾ ਐੱਮ. ਟੀ. ਵੀ. ਦੇ ਮਸ਼ਹੂਰ ਸ਼ੋਅ ਸਪਲਿਟਸਵਿਲਾ ਦੀ ਸਾਬਕਾ ਮੁਕਾਬਲੇਬਾਜ਼ ਰਹਿ ਚੁੱਕੀ ਹੈ। ਇਸ ਤੋਂ ਇਲਾਵਾ ਉਹ ਟੀ. ਵੀ. ਸ਼ੋਅ 'ਕਲਸ਼' 'ਚ ਕੰਮ ਕਰ ਚੁੱਕੀ ਹੈ।
ਸੂਤਰਾਂ ਮੁਤਾਬਕ ਉਹ ਰਜਨੀਸ਼ ਦੁੱਗਲ ਨਾਲ ਹਾਰਰ ਫਿਲਮ 'ਚ ਨਜ਼ਰ ਆਵੇਗੀ। ਫਿਲਮ ਨੂੰ ਰਾਜੀਵ ਰਈਆ ਨਿਰਦੇਸ਼ਿਤ ਕਰਨਗੇ। ਰਾਜੀਵ '1920' ਕਰਨ ਤੋਂ ਬਾਅਦ ਹਾਰਰ ਫਿਲਮਾਂ ਦਾ ਚਿਹਰਾ ਬਣ ਚੁੱਕੇ ਹਨ। ਜਾਣਕਾਰੀ ਮੁਤਾਬਕ ਕੁਣਾਲ ਰਾਏ ਕਪੂਰ ਵੀ ਫਿਲਮ 'ਚ ਦਿਖਾਈ ਦੇਣਗੇ। ਬੀਤੇ ਦਿਨੀਂ ਰਿਲੀਜ਼ ਹੋਈ ਸੈਫ ਅਲੀ ਖਾਨ ਦੀ ਫਿਲਮ 'ਕਾਲਾਕਾਂਡੀ' 'ਚ ਕੁਣਾਲ ਅਹਿਮ ਭੂਮਿਕਾ ਨਿਭਾਅ ਚੁੱਕੇ ਹਨ।
ਦੱਸਣਯੋਗ ਹੈ ਕਿ ਪੂਜਾ ਅਤੇ ਸ਼ਰਦ ਇਸ ਸਾਲ ਵਿਆਹ ਕਰ ਸਕਦੇ ਹਨ। ਪਿੱਛਲੇ 2 ਸਾਲ ਤੋਂ ਉਹ ਇਕ ਦੂਜੇ ਨੂੰ ਡੇਟ ਕਰ ਰਹੇ ਹਨ। ਸ਼ਰਦ ਇਸ ਤੋਂ ਪਹਿਲਾਂ ਟੀ. ਵੀ. ਅਦਾਕਾਰਾ ਦਿਵਿਆਂਕਾ ਤ੍ਰਿਪਾਠੀ ਨੂੰ ਡੇਟ ਕਰਦੇ ਸਨ, ਪਰ 2015 'ਚ ਉਨ੍ਹਾਂ ਬ੍ਰੇਕਅੱਪ ਹੋ ਗਿਆ ਜਿਸ ਤੋਂ ਬਾਅਦ ਦਿਵਿਆਂਕਾ ਨੇ ਅਦਾਕਾਰ ਵਿਵੇਕ ਦਹੀਆ ਨਾਲ ਵਿਆਹ ਕਰ ਲਿਆ ਸੀ।