ਮੁੰਬਈ(ਬਿਊਰੋ)— ਬਾਲੀਵੁੱਡ ਦੀ ਖੂਬਸੂਰਤ ਅਭਿਨੇਤਰੀ ਪੂਨਮ ਢਿੱਲੋਂ ਅੱਜ ਆਪਣਾ 57ਵਾਂ ਜਨਮਦਿਨ ਮਨਾ ਰਹੀ ਹੈ। 18 ਅਪ੍ਰੈਲ, 1962 ਨੂੰ ਜਨਮੀ ਪੂਨਮ ਢਿੱਲੋਂ ਨੇ ਸਿਰਫ 16 ਸਾਲ ਦੀ ਉਮਰ 'ਚ ਮਿਸ ਇੰਡੀਆ ਦਾ ਖਿਤਾਬ ਆਪਣੇ ਨਾਂ ਕਰ ਲਿਆ ਸੀ। ਪੂਨਮ ਦਾ ਸੁਪਨਾ ਡਾਕਟਰ ਬਣਨ ਦਾ ਸੀ ਪਰ ਕਿਸਮਤ ਨੇ ਉਨ੍ਹਾਂ ਨੂੰ ਇਕ ਅਭਿਨੇਤਰੀ ਬਣਾ ਦਿੱਤਾ।
ਉਨ੍ਹਾਂ ਦੇ ਜਨਮਦਿਨ ਦੇ ਖਾਸ ਮੌਕੇ 'ਤੇ ਜਾਣੋਂ ਕੁਝ ਦਿਲਚਸਪ ਗੱਲਾਂ। ਪੂਨਮ ਦੀ ਖੂਬਸੂਰਤੀ ਕਾਰਨ ਨਿਰਮਾਤਾ-ਨਿਰਦੇਸ਼ਕ ਯਸ਼ ਚੋਪੜਾ ਨੇ ਉਨ੍ਹਾਂ ਆਪਣੀ ਫਿਲਮ 'ਤ੍ਰਿਸ਼ੂਲ' 'ਚ ਕੰਮ ਕਰਨ ਦਾ ਆਫਰ ਦਿੱਤਾ ਸੀ ਪਰ ਉਸ ਸਮੇਂ ਪੂਨਮ ਨੇ ਫਿਲਮ 'ਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਇਸ ਤੋਂ ਬਾਅਦ ਕਈ ਦਿਨਾਂ ਤੱਕ ਸਮਝਾਉਣ ਤੋਂ ਬਾਅਦ ਪੂਨਮ ਇਸ ਫਿਲਮ ਨੂੰ ਕਰਨ ਲਈ ਮੰਨੀ ਸੀ। ਉਨ੍ਹਾਂ ਨੇ ਇਸ ਲਈ ਇਕ ਸ਼ਰਤ ਰੱਖੀ। ਪੂਨਮ ਨੇ ਸ਼ਰਤ ਰੱਖੀ ਸੀ ਕਿ ਉਹ ਫਿਲਮ ਦੀ ਸ਼ੂਟਿੰਗ ਸਕੂਲ ਦੀਆਂ ਛੁੱਟੀਆਂ 'ਚ ਹੀ ਕਰੇਗੀ।
ਪਹਿਲੀ ਹੀ ਫਿਲਮ 'ਚ ਪੂਨਮ ਨੇ ਅਮਿਤਾਭ ਬੱਚਨ, ਸੰਜੀਵ ਕੁਮਾਰ ਅਤੇ ਸ਼ਸ਼ੀ ਕਪੂਰ ਵਰਗੇ ਵੱਡੇ ਸਟਾਰਜ਼ ਨਾਲ ਕੰਮ ਕੀਤਾ। ਫਿਲਮ ਸੁਪਰਹਿੱਟ ਸਿੱਧ ਹੋਈ ਅਤੇ ਪੂਨਮ ਵੀ ਇਸ ਫਿਲਮ ਰਾਹੀਂ ਮਸ਼ਹੂਰ ਹੋ ਗਈ।
1977 'ਚ 16 ਸਾਲ ਦੀ ਉਮਰ 'ਚ ਮਿਸ ਇੰਡੀਆ ਦਾ ਖਿਤਾਬ ਜਿੱਤਣ ਵਾਲੀ ਪੂਨਮ ਢਿੱਲੋਂ ਕਰੀਅਰ ਦੇ ਸ਼ੁਰੂਆਤੀ ਦਿਨਾਂ 'ਚ ਯਸ਼ ਚੋਪੜਾ ਦੇ ਘਰ 'ਚ ਰਹਿੰਦੀ ਹੁੰਦੀ ਸੀ।
ਪੂਨਮ ਨੇ 'ਸੋਨੀ ਮਹਿਵਾਲ', 'ਤੇਰੀ ਮਹਿਰਬਾਨੀਆਂ', 'ਨਾਮ', 'ਯੇ ਵਾਅਦਾ ਰਹਾ', 'ਦਰਦ', 'ਕਰਮਾ', 'ਪੱਥਰ ਦੇ ਇਨਸਾਨ', 'ਹਿੰਮਤ ਔਰ ਮਿਹਨਤ', 'ਸੋਨੇ ਪੇ ਸੁਹਾਗਾ', 'ਗ੍ਰਿਫਤਾਰ', 'ਹਿਸਾਬ ਖੂਨ ਕਾ', 'ਸ਼ਿਵਾ ਦਾ ਇਨਸਾਫ', ਰਮੱਈਆ ਵਸਤਾਵਈਆ' ਵਰਗੀਆਂ ਹਿੱਟ ਫਿਲਮਾਂ 'ਚ ਕੰਮ ਕੀਤਾ ਹੈ।
ਦੱਸਣਯੋਗ ਹੈ ਕਿ ਪੂਨਮ ਨੇ 1988 'ਚ ਫਿਲਮ ਨਿਰਮਾਤਾ ਅਸ਼ੋਕ ਠਕੇਰਿਆ ਨਾਲ ਵਿਆਹ ਕੀਤਾ ਸੀ ਪਰ ਵਿਆਹ ਦੇ ਕੁਝ ਸਾਲਾਂ ਬਾਅਦ ਦੋਵੇਂ ਵੱਖ ਹੋ ਗਏ। ਦੋਵਾਂ ਦੇ 2 ਬੱਚੇ ਹਨ। ਬੇਟਾ ਅਨਮੋਲ ਠਕਾਰਿਆ ਅਤੇ 21 ਸਾਲ ਦੀ ਬੇਟੀ ਪਲੋਮਾ ਠਕਾਰਿਆ।